ਸੇਂਟ ਕਬੀਰ ਪਬਲਿਕ ਸਕੂਲ ਵਿੱਚ ਤੀਆਂ ਦੇ ਤਿਉਹਾਰ ਤੇ ਖ਼ੂਬ ਰੌਣਕਾਂ ਲੱਗੀਆਂ
ਰੋਹਿਤ ਗੁਪਤਾ
ਗੁਰਦਾਸਪੁਰ 26 ਜੁਲਾਈ ਸੇਂਟ ਕਬੀਰ ਪਬਲਿਕ ਸਕੂਲ ਸੁਲਤਾਨਪੁਰ-ਗੁਰਦਾਸਪੁਰ ਵਿੱਚ ਤੀਆਂ ਦਾ ਤਿਉਹਾਰ ਬਹੁਤ ਚਾਅ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਸਕੂਲ ਵੱਲੋਂ ਪ੍ਰਿੰਸੀਪਲ ਐਸ. ਬੀ. ਨਾਯਰ ਜੀ ਦੀ ਪ੍ਰਧਾਨਗੀ ਹੇਠ ਰੰਗਾ- ਰੰਗ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ।
ਪ੍ਰੋਗਰਾਮ ਦੀ ਸ਼ੁਰੂਆਤ ਗਿਆਰਵੀਂ ਜਮਾਤ ਦੀਆਂ ਵਿਦਿਆਰਥਣਾਂ ਪੂਰਵਾ ਅਤੇ ਪਰਨੀਤ ਕੌਰ ਦੁਆਰਾ ਸਟੇਜੀ ਕਾਰਵਾਈ ਸਾਂਭਦਿਆਂ ਪ੍ਰਿੰਸੀਪਲ ਸਾਹਿਬ ਤੇ ਮੈਨੇਜਮੈਂਟ ਮੈਂਬਰ ਮੈਡਮ ਨਵਦੀਪ ਕੌਰ ਅਤੇ ਕੁਲਦੀਪ ਕੌਰ ਜੀ ਦਾ ਸੁਆਗਤ ਕਰਦਿਆਂ ਕੀਤੀ ਗਈ।
ਇਸ ਦੇ ਨਾਲ ਹੀ ਬਾਰਵੀਂ ਜਮਾਤ ਦੀ ਵਿਦਿਆਰਥਣ ਦੁਆਰਾ ਤੀਜ ਦੇ ਤਿਉਹਾਰ ਦੀ ਪੰਜਾਬ ਵਾਸੀਆਂ ਲਈ ਸੱਭਿਆਚਾਰਕ ਮਹੱਤਤਾ ਭਰੇ ਵਿਚਾਰ ਸਾਰਿਆਂ ਸਨਮੁਖ ਪੇਸ਼ ਕੀਤੇ।
ਪ੍ਰੋਗਰਾਮ ਦੌਰਾਨ ਮੈਡੀਕਲ ਅਤੇ ਨਾਨ ਮੈਡੀਕਲ ਗਰੁੱਪ ਦੀਆਂ ਵਿਦਿਆਰਥਣਾਂ ਨੇ ਜੋਸ਼ ਤੇ ਹੁਲਾਸ ਨਾਲ ਭਰੇ ਗਿੱਧੇ ਅਤੇ ਬਾਰ੍ਹਵੀਂ ਜਮਾਤ ਦੀਆਂ ਵਿਦਿਆਰਥਣਾਂ ਦੀਆਂ ਇੱਕ ਦੂਜੇ ਨੂੰ ਕੀਤੀਆਂ ਟਿੱਚਰਾਂ ਤੇ ਮਖੌਲਾਂ ਨਾਲ ਭਰੀਆਂ ਸਿੱਠਣੀਆਂ ਨੇ ਮਾਹੌਲ ਵਿੱਚ ਨਵੀਂ ਜਾਨ ਪਾ ਕੇ ਸਾਰਿਆਂ ਦਾ ਖੂਬ ਮਨੋਰੰਜਨ ਕੀਤਾ।
ਇਸ ਤੋਂ ਇਲਾਵਾ 11ਵੀਂ ਜਮਾਤ ਦੀਆਂ ਵਿਦਿਆਰਥਣਾਂ ਨੇ ਮਨਮੋਹਕ ਆਵਾਜ਼ ਵਿਚ ਲੋਕ ਗੀਤ,ਸੁਹਾਗ ਅਤੇ ਘੋੜੀਆਂ ਗਾ ਕੇ ਸਾਰਿਆ ਨੂੰ ਪੁਰਾਤਨ ਵਿਰਸੇ ਦੀ ਖ਼ੂਬਸੂਰਤ ਝਲਕ ਦਿਖਾਈ।
ਬਾਰ੍ਹਵੀਂ ਜਮਾਤ ਦੀਆਂ ਵਿਦਿਆਰਥਣਾਂ ਨੇ ਪੰਜਾਬਣ ਮੁਟਿਆਰਾਂ ਬਣ ਕੇ ਮਾਡਲਿੰਗ ਕੀਤੀ। ਜਿਸ ਦੌਰਾਨ ਉਹਨਾਂ ਗਿੱਧਾ , ਭੰਗੜਾ ,ਬੋਲੀਆਂ, ਮਾਹੀਏ , ਟੱਪੇ , ਸ਼ਾਇਰੀ ਤੇ ਸੁਹਾਗ ਗਾ ਕੇ ਖੂਬ ਰੰਗ ਬੰਨ੍ਹਿਆ।
ਇਸ ਮੌਕੇ ਗਿਆਰਵੀਂ ਅਤੇ ਬਾਰਵੀਂ ਜਮਾਤ ਦੀਆਂ ਵਿਦਿਆਰਥਣਾਂ ਨੂੰ ਆਪਣੀ ਅਲੱਗ- ਅਲੱਗ ਪਹਿਚਾਣ ਕਰਕੇ ਵੱਖ-ਵੱਖ ਖ਼ਿਤਾਬ ਮਿਲੇ। ਜਿਸ ਵਿੱਚ ਮਿਸ ਤੀਜ ਮੰਨਤ ,ਮਾਝੇ ਦੀ ਜੱਟੀ ਮਨਰੋਜ ਕੌਰ,ਤੀਆਂ ਦੀ ਰੌਣਕ ਮਨਪ੍ਰੀਤ ਕੌਰ,ਮਿਸ ਪੰਜਾਬਣ ਵਿਸ਼ਵਦੀਪ ਕੌਰ, ਗਿੱਧੇ ਦੀ ਰਾਣੀ ਗੁਰਲੀਨ ਕੌਰ ਚੁਣੀਆਂ ਗਈਆਂ।
ਮਾਡਲਿੰਗ ਦੌਰਾਨ ਜੇਤੂ ਵਿਦਿਆਰਥਣਾਂ ਨੂੰ ਸਨਮਾਨ ਚਿੰਨ ਭੇਂਟ ਕੀਤੇ ਗਏ। ਇਸ ਮੌਕੇ ਵਿਦਿਆਰਥੀਆਂ ਦੇ ਖਾਣ- ਪੀਣ ਦਾ ਵੀ ਖਾਸ ਪ੍ਰਬੰਧ ਕੀਤਾ ਗਿਆ।
ਪ੍ਰੋਗਰਾਮ ਦੇ ਅੰਤ ਵਿੱਚ ਪ੍ਰਿੰਸੀਪਲ ਸਾਹਿਬ ਤੇ ਮੈਨੇਜਮੈਂਟ ਮੈਂਬਰਾਂ ਦੁਆਰਾ ਸਮੁੱਚੇ ਸਕੂਲ ਨੂੰ ਤੀਆਂ ਦੇ ਤਿਉਹਾਰ ਦੀਆਂ ਹਾਰਦਿਕ ਸ਼ੁਭ ਕਾਮਨਾਵਾਂ ਦਿੱਤੀਆਂ ਗਈਆਂ ਤੇ ਆਪਣੇ ਵਿਰਸੇ ਪ੍ਰਤੀ ਹਮੇਸ਼ਾ ਜਾਗਰੂਕ ਰਹਿਣ ਦਾ ਸੰਦੇਸ਼ ਵੀ ਦਿੱਤਾ ਗਿਆ।
ਇਸ ਮੌਕੇ ਮੈਡਮ ਪੱਲਵੀ ਸ਼ਰਮਾ, ਜਸਵਿੰਦਰ ਕੌਰ, ਨਿਸ਼ਾ ਸੱਘੜ, ਰਿਧੀਕਾ ਜੈਨ, ਦਮਨਬੀਰ ਸਿੰਘ, ਸੁਮਿਤ ਰਤੂ, ਲਖਵਿੰਦਰ ਸਿੰਘ, ਲਲਿਤ ਜੋਸ਼ੀ ਆਦਿ ਸਟਾਫ਼ ਮੈਂਬਰ ਤੇ ਸਕੂਲੀ ਵਿਦਿਆਰਥੀ ਹਾਜ਼ਰ ਸਨ।
- Download Babushahi App
-
-