ਸਰਕਾਰੀ ਸਕੂਲ ਕਰਮਗੜ੍ਹ ਵਿਖੇ ਨਿਵੇਕਲੀ ਪਹਿਲਕਦਮੀ ਤਹਿਤ ਮੁਕਤਸਰ ਜ਼ਿਲ੍ਹੇ ਦਾ ਪਹਿਲਾ ਐਸਟ੍ਰੋਨੋਮੀ ਕਲੱਬ ਸਥਾਪਿਤ
ਅਸ਼ੋਕ ਵਰਮਾ
ਸ੍ਰੀ ਮੁਕਤਸਰ ਸਾਹਿਬ, 27 ਜੁਲਾਈ 2026: ਸਰਕਾਰੀ ਹਾਈ ਸਕੂਲ ਕਰਮਗੜ੍ਹ ਨੇ ਸਿੱਖਿਆ ਦੇ ਖੇਤਰ ਵਿੱਚ ਇੱਕ ਹੋਰ ਇਤਿਹਾਸਕ ਅਤੇ ਨਿਵੇਕਲੀ ਉਪਲਬਧੀ ਹਾਸਲ ਕਰਦਿਆਂ ਜ਼ਿਲ੍ਹੇ ਦਾ ਪਹਿਲਾ ਸਕੂਲ ਬਣਨ ਦਾ ਮਾਣ ਪ੍ਰਾਪਤ ਕੀਤਾ, ਜਿੱਥੇ ਵਿਦਿਆਰਥੀਆਂ ਵਿੱਚ ਅੰਤਰਿਕਸ਼ ਵਿਗਿਆਨ ਪ੍ਰਤੀ ਰੁਚੀ ਪੈਦਾ ਕਰਨ ਦੇ ਉਦੇਸ਼ ਨਾਲ ਐਸਟ੍ਰੋਨੋਮੀ ਕਲੱਬ ਦੀ ਸਥਾਪਨਾ ਕਰਕੇ ਇਸ ਨੂੰ ਵਿਧਿਵਤ ਲਾਂਚ ਕੀਤਾ ਗਿਆ। ਇਹ ਕਲੱਬ ਵਿਦਿਆਰਥੀਆਂ ਨੂੰ ਰਵਾਇਤੀ ਕਲਾਸਰੂਮ ਸਿੱਖਿਆ ਤੋਂ ਅੱਗੇ ਵਧ ਕੇ ਵਿਗਿਆਨ ਨੂੰ ਅਨੁਭਵਾਤਮਕ ਅਤੇ ਖੋਜ-ਅਧਾਰਿਤ ਢੰਗ ਨਾਲ ਸਮਝਣ ਦਾ ਮੌਕਾ ਪ੍ਰਦਾਨ ਕਰਦਾ ਹੈ। ਮੁੱਖ ਅਧਿਆਪਿਕਾ ਡਿੰਪਲ ਵਰਮਾ ਦੀ ਅਗਵਾਈ ਹੇਠ ਸ਼ੁਰੂ ਕੀਤੀ ਇਸ ਪਹਿਲ ਦਾ ਮੁੱਖ ਉਦੇਸ਼ ਵਿਦਿਆਰਥੀਆਂ ਵਿੱਚ ਵਿਗਿਆਨਕ ਸੋਚ, ਤਰਕਸ਼ੀਲ ਦ੍ਰਿਸ਼ਟੀਕੋਣ, ਖੋਜੀ ਮਨੋਵਿਰਤੀ ਅਤੇ ਨਵੀਨਤਾ ਦੀ ਭਾਵਨਾ ਦਾ ਵਿਕਾਸ ਕਰਨਾ ਹੈ। ਕਲੱਬ ਰਾਹੀਂ ਵਿਦਿਆਰਥੀਆਂ ਨੂੰ ਗ੍ਰਹਿਆਂ, ਤਾਰਿਆਂ, ਸੂਰਜੀ ਮੰਡਲ, ਚੰਦਰਮਾ, ਉਪਗ੍ਰਹਿਆਂ, ਗਲੈਕਸੀਆਂ, ਬਲੈਕ ਹੋਲ, ਪੁਲਾੜ ਮਿਸ਼ਨਾਂ ਅਤੇ ਬ੍ਰਹਿਮੰਡ ਨਾਲ ਸੰਬੰਧਿਤ ਵਿਸ਼ਿਆਂ ਬਾਰੇ ਸਰਲ, ਰੁਚਿਕਰ ਅਤੇ ਪ੍ਰਯੋਗਾਤਮਕ ਢੰਗ ਨਾਲ ਜਾਣਕਾਰੀ ਦਿੱਤੀ ਜਾਂਦੀ ਹੈ।

ਸਕੂਲ ਦੇ ਸਾਇੰਸ ਮਾਸਟਰ ਰਵਿੰਦਰ ਸਿੰਘ ਦੇ ਯਤਨਾਂ ਸਦਕਾ ਐਸਟ੍ਰੋਨੋਮੀ ਕਲੱਬ ਅਧੀਨ ਵਿਦਿਆਰਥੀਆਂ ਲਈ ਖਗੋਲ ਵਿਗਿਆਨ ਸੰਬੰਧੀ ਲੈਕਚਰ, ਵਿਗਿਆਨਕ ਚਰਚਾਵਾਂ, ਡਾਕੂਮੈਂਟਰੀ ਪ੍ਰਦਰਸ਼ਨ, ਮਾਡਲ ਤਿਆਰ ਕਰਨ ਦੀਆਂ ਗਤੀਵਿਧੀਆਂ, ਪ੍ਰਸ਼ਨੋਤਰੀ ਮੁਕਾਬਲੇ, ਵਿਗਿਆਨ ਪ੍ਰਦਰਸ਼ਨੀਆਂ ਅਤੇ ਰਾਤ ਸਮੇਂ ਆਕਾਸ਼ ਨਿਰੀਖਣ ਵਰਗੀਆਂ ਗਤੀਵਿਧੀਆਂ ਨਿਯਮਿਤ ਤੌਰ ਤੇ ਕਰਵਾਈਆਂ ਜਾਂਦੀਆਂ ਹਨ। ਵਿਦਿਆਰਥੀਆਂ ਨੂੰ ਭਾਰਤੀ ਪੁਲਾੜ ਖੋਜ ਸੰਸਥਾ (ISRO) ਦੀਆਂ ਮਹੱਤਵਪੂਰਨ ਪ੍ਰਾਪਤੀਆਂ, ਚੰਦਰਯਾਨ ਅਤੇ ਆਦਿਤਿਆ ਮਿਸ਼ਨਾਂ ਸਮੇਤ ਆਧੁਨਿਕ ਪੁਲਾੜ ਵਿਗਿਆਨ ਦੀਆਂ ਨਵੀਆਂ ਖੋਜਾਂ ਨਾਲ ਵੀ ਜਾਣੂ ਕਰਵਾਇਆ ਜਾਂਦਾ ਹੈ। ਇਸ ਨਾਲ ਉਨ੍ਹਾਂ ਵਿੱਚ ਵਿਗਿਆਨ ਪ੍ਰਤੀ ਜਿਗਿਆਸਾ ਅਤੇ ਨਵੇਂ ਵਿਚਾਰਾਂ ਨੂੰ ਸਮਝਣ ਦੀ ਸਮਰੱਥਾ ਵਿੱਚ ਮਹੱਤਵਪੂਰਨ ਵਾਧਾ ਹੋਇਆ ਹੈ।

ਇਸ ਨਿਵੇਕਲੀ ਪਹਿਲ ਨੇ ਸਕੂਲ ਵਿੱਚ ਵਿਗਿਆਨ ਸਿੱਖਣ ਦੇ ਮਾਹੌਲ ਨੂੰ ਹੋਰ ਪ੍ਰੇਰਣਾਦਾਇਕ ਬਣਾਇਆ ਹੈ ਅਤੇ ਵਿਦਿਆਰਥੀਆਂ ਵਿੱਚ STEM (Science, Technology, Engineering and Mathematics) ਸਿੱਖਿਆ ਪ੍ਰਤੀ ਰੁਚੀ ਨੂੰ ਮਜ਼ਬੂਤ ਕੀਤਾ ਹੈ। ਐਸਟ੍ਰੋਨੋਮੀ ਕਲੱਬ ਰਾਹੀਂ ਵਿਦਿਆਰਥੀਆਂ ਨੂੰ ਸਿਰਫ਼ ਪੁਸਤਕੀ ਗਿਆਨ ਤੱਕ ਸੀਮਿਤ ਨਾ ਰੱਖ ਕੇ ਉਨ੍ਹਾਂ ਨੂੰ ਸਵਾਲ ਪੁੱਛਣ, ਤੱਥਾਂ ਦੀ ਜਾਂਚ ਕਰਨ, ਵਿਗਿਆਨਕ ਸੋਚ ਅਪਣਾਉਣ ਅਤੇ ਨਵੀਆਂ ਖੋਜਾਂ ਵੱਲ ਪ੍ਰੇਰਿਤ ਕੀਤਾ ਜਾ ਰਿਹਾ ਹੈ। ਇਹ ਪਹਿਲ ਭਵਿੱਖ ਵਿੱਚ ਵਿਦਿਆਰਥੀਆਂ ਨੂੰ ਵਿਗਿਆਨ ਅਤੇ ਤਕਨਾਲੋਜੀ ਦੇ ਖੇਤਰ ਵਿੱਚ ਉੱਚ ਸਿੱਖਿਆ ਅਤੇ ਕਰੀਅਰ ਲਈ ਪ੍ਰੇਰਿਤ ਕਰਨ ਦੇ ਨਾਲ-ਨਾਲ ਉਨ੍ਹਾਂ ਨੂੰ ਜ਼ਿੰਮੇਵਾਰ, ਤਰਕਸ਼ੀਲ ਅਤੇ ਵਿਗਿਆਨਕ ਸੋਚ ਵਾਲੇ ਨਾਗਰਿਕ ਬਣਾਉਣ ਵਿੱਚ ਵੀ ਮਹੱਤਵਪੂਰਨ ਭੂਮਿਕਾ ਨਿਭਾ ਰਹੀ ਹੈ।

ਸਰਕਾਰੀ ਹਾਈ ਸਕੂਲ ਕਰਮਗੜ੍ਹ ਦਾ ਇਹ ਉਪਰਾਲਾ ਹੋਰ ਸਕੂਲਾਂ ਲਈ ਵੀ ਇੱਕ ਪ੍ਰੇਰਣਾਦਾਇਕ ਮਾਡਲ ਵਜੋਂ ਉਭਰਿਆ ਹੈ।ਜ਼ਿਲ੍ਹਾ ਸਿੱਖਿਆ ਅਫਸਰ ਸ੍ਰੀ ਮੁਕਤਸਰ ਸਾਹਿਬ ਯਾਦਵਿੰਦਰ ਸਿੰਘ ਮਾਨ ਅਤੇ ਉਪ ਜ਼ਿਲ੍ਹਾ ਸਿੱਖਿਆ ਅਫਸਰ ਰਜਿੰਦਰ ਸੋਨੀ ਨੇ ਮੁੱਖ ਅਧਿਆਪਕਾ ਡਿੰਪਲ ਵਰਮਾ ਅਤੇ ਸਮੂਹ ਸਟਾਫ ਨੂੰ ਇਸ ਪ੍ਰਾਪਤੀ ਲਈ ਵਧਾਈ ਦਿੱਤੀ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਉਮੀਦ ਹੈ ਕਿ ਸਰਕਾਰੀ ਹਾਈ ਸਕੂਲ ਕਰਮਗੜ੍ਹ ਸਿੱਖਿਆ ਦੇ ਖੇਤਰ ਵਿੱਚ ਇਸ ਤਰ੍ਹਾਂ ਦੀਆਂ ਨਵੇਕਲੀਆਂ ਪ੍ਰਾਪਤੀਆਂ ਜਾਰੀ ਰੱਖੇਗਾ। ਦੱਸਣ ਯੋਗ ਹੈ ਕਿ ਸਰਕਾਰੀ ਹਾਈ ਸਕੂਲ ਕਰਮਗੜ੍ਹ ਕੰਪਿਊਟਰ ਦੇ ਕੀਬੋਰਡ ਦੀ ਤਰ੍ਹਾਂ ਸਟੇਜ ਬਣਾਉਣ ਤੋਂ ਬਾਅਦ ਚਰਚਾ ਵਿੱਚ ਆਇਆ ਸੀ। ਪੰਜਾਬ ਦੇ ਸਮੂਹ ਸਰਕਾਰੀ ਸਕੂਲਾਂ ਚੋਂ ਇਹ ਪਹਿਲਾ ਸਕੂਲ ਸੀ ਜਿਸ ਵਿੱਚ ਕੀਬੋਰਡ ਸਟਾਈਲ ਵਿੱਚ ਸਟੇਜ ਬਣੀ ਹੋਈ ਹੈ ਜਿੱਥੇ ਬੱਚੇ ਅਧਿਆਪਕਾਂ ਦੀ ਅਗਵਾਈ ਹੇਠ ਵੱਖ-ਵੱਖ ਤਰ੍ਹਾਂ ਦੀਆਂ ਗਤੀਵਿਧੀਆਂ ਕਰਦੇ ਹਨ।।
- Download Babushahi App
-
-