Education Special-ਭਾਵੇਂ ਹਨੇਰਾ ਕੁਫਰ ਦਾ ਤੇ ਕੰਡਿਆਲੀ ਵਾਟ ਦੀਵਾ ਬਾਲਿਆ ਇਮਾਨ ਦਾ ਉੱਚੀ ਰੱਖੀ ਲਾਟ
ਤਿੰਨ ਦਹਾਕਿਆਂ ਦੀ ਸਰਕਾਰੀ ਸੇਵਾ ਤੋਂ ਸੇਵਾਮੁਕਤ ਹੋਇਆ ਰਜਿੰਦਰ ਸਿੰਘ
ਅਸ਼ੋਕ ਵਰਮਾ
ਬਠਿੰਡਾ, 20 ਜੁਲਾਈ 2026 : ਅਧਿਆਪਕ ਰਜਿੰਦਰ ਸਿੰਘ ਦਾ ਗੱਚ ਭਰਿਆ ਤੇ ਬੱਚਿਆਂ ਦੀ ਅੱਖ ਜਦੋਂ ਪਤਾ ਲੱਗਿਆ ਕਿ ਰਜਿੰਦਰ ਇਸ ਸਕੂਲ ਚੋਂ ਵਿਦਾ ਹੋ ਰਿਹਾ ਹੈ। ਮਾਮਲਾ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕਰੰਡੀ ਦੇ ਅਧਿਆਪਕ ਰਜਿੰਦਰ ਸਿੰਘ ਨਾਲ ਜੁੜਿਆ ਹੈ ਜੋ ਹੁਣ 29 ਸਾਲ ਦੀ ਸੇਵਾ ਨਿਭਾਉਣ ਤੋਂ ਬਾਅਦ ਹੁਣ ਸੇਵਾਮੁਕਤ ਹੋਇਆ ਹੈ। ਸਰਕਾਰੀ ਸਕੂਲਾਂ ਦੀ ਮਮਟੀ ’ਤੇ ਮਾਣ ਦਾ ਦੀਵਾ ਜਗਾਉਣ ਵਾਲੇ ਵਿਰਲੇ ਹਨ ਜਿੰਨ੍ਹਾਂ ’ਚ ਰਜਿੰਦਰ ਦਾ ਨਾਮ ਹਮੇਸ਼ਾ ਬੋਲਦਾ ਰਿਹਾ ਹੈ। ਆਪਣੇ ਸੇਵਾ ਕਾਲ ਦੌਰਾਨ ਰਜਿੰਦਰ ਸਿੰਘ ਨੇ ਨਵੇਂ ਕਦਮ ਚੁੱਕ ਕੇ ਪਿੰਡ ਵਾਸੀਆਂ ਦੇ ਉਲਾਂਭੇ ਵੀ ਲਾਹੇ ਅਤੇ ਸਰਕਾਰੀ ਸਕੂਲਾਂ ਨੂੰ ਮਿਹਣੇ ਮਾਰਨ ਵਾਲਿਆਂ ਦੀ ਮੜ੍ਹਕ ਵੀ ਭੰਨੀ। ਰਜਿੰਦਰ ਨੇ ਸਦਾ ‘ਸਰਕਾਰੀ ਸਕੂਲ-ਜ਼ਿੰਦਾਬਾਦ’ ਦਾ ਨਾਅਰਾ ਬੁਲੰਦ ਕੀਤਾ ਤਾਂ ਹੀ ਉਸ ਦੀ ਸੇਵਾਮੁਕਤੀ ਮੌਕੇ ਦਿਲਾਂ ’ਤੇ ਉਦਾਸੀ ਲਈ ਬੱਚੇ ਅਤੇ ਪੰਚਾਇਤ ਤੇ ਪਤਵੰਤੇ ਉਸ ਨੂੰ ਭਰੀਆਂ ਅੱਖਾਂ ਨਾਲ ਵਿਦਾਇਗੀ ਦੇਣ ਪੁੱਜੇ ਸਨ।
ਇਹੋ ਕਾਰਨ ਹੈ ਜਦੋਂ ਰਜਿੰਦਰ ਸਿੰਘ ਨੂੰ ਲੈਕਚਰਾਰ ਵਜੋਂ ਤਰੱਕੀ ਮਿਲੀ ਪਰ ਸਕੂਨ ਨਾਂ ਮਿਲਿਆ। ਬੱਚਿਆਂ ਦੇ ਵਿਯੋਗ ਕਾਰਨ ਉਸ ਨੂੰ ਸਮਝ ਨਹੀਂ ਆ ਰਹੀ ਸੀ ਕਿ ਉਹ ਇੰਨ੍ਹਾਂ ਮੋਹ ਦੀਆਂ ਤੰਦਾਂ ਨੂੰ ਕਿੰਜ ਤੋੜੇਗਾ। ਜਦੋਂ ਉਸ ਨੂੰ ਬੱਚਿਆਂ ਦੇ ਸਾਹਾਂ ਨਾਲ ਆਪਣੀ ਸਾਂਝ ਵੱਡੀ ਜਾਪੀ ਤਾਂ ਫਿਰ ਤਰੱਕੀ ਨੂੰ ਠੋਕਰ ਮਾਰਨੀ ਕੋਈ ਔਖੀ ਨਹੀਂ ਲੱਗੀ। ਪਿੰਡ ਦੇ ਪਤਵੰਤਿਆਂ ਨੇ ਤਰੱਕੀ ਕਾਰਨ ਹੋਣ ਵਾਲੇ ਆਰਥਿਕ ਨੁਕਸਾਨ ਦੀ ਭਰਪਾਈ ਲਈ ਉਸ ਨੂੰ ਖਾਲੀ ਚੈਕ ਬੁੱਕ ਸੌਂਪ ਦਿੱਤੀ ਜਿਸ ਨੂੰ ਰਜਿੰਦਰ ਸਿੰਘ ਨੇ ਨਿਮਰਤਾ ਨਾਲ ਵਾਪਿਸ ਕਰ ਦਿੱਤਾ। ਦਰਅਸਲ ਬਠਿੰਡਾ ਜਿਲ੍ਹੇ ਦੇ ਪਿੰਡ ਭਾਈਰੂਪਾ ਨਿਵਾਸੀ ਅਧਿਆਪਕ ਰਜਿੰਦਰ ਸਿੰਘ ਡੇਰਾ ਸੱਚਾ ਸੌਦਾ ਦਾ ਪੈਰੋਕਾਰ ਹੈ ਜੋ ਆਪਣੀ ਨੇਕ ਨੀਅਤੀ ਅਤੇ ਤਨਦੇਹੀ ਨਾਲ ਕੰਮ ਕਰਨ ਦੇ ਵਲਵਲੇ ਦਾ ਸਿਹਰਾ ਆਪਣੇ ਗੁਰੂ ਡੇਰਾ ਸਿਰਸਾ ਦੇ ਮੌਜੂਦਾ ਗੱਦੀਨਸ਼ੀਨ ਸੰਤ ਗੁਰਮੀਤ ਰਾਮ ਰਹੀਮ ਸਿੰਘ ਵੱਲੋਂ ਦਿੱਤੀ ਗਈ ਪ੍ਰੇਰਣਾ ਅਤੇ ਸਿੱਖਿਆ ਸਿਰ ਬੰਨ੍ਹਦਾ ਹੈ।
.jpg)
ਕਾਫੀ ਸਾਲ ਪਹਿਲਾਂ ਉਸ ਨੇ ਸਿਰਸਾ ਵਿਖੇ ਪੱਕੀ ਰਿਹਾਇਸ਼ ਬਣਾ ਲਈ ਜਿੱਥੇ ਉਹ ਮਾਨਵਤਾ ਭਲਾਈ ਕਾਰਜਾਂ ’ਚ ਹੱਥ ਵਟਾਉਂਦਾ ਰਹਿੰਦਾ ਹੈ। ਵੱਡੀ ਗੱਲ ਇਹ ਹੈ ਕਿ ਉਸ ਨੇ ਆਪਣੀ ਸਮੁੱਚੀ ਸੇਵਾ ਦੌਰਾਨ ਮੰਨਿਆ ਕਿ ਉਸ ਲਈ ਸਕੂਲ ਤੋਂ ਵੱਡਾ ਕੋਈ ਮੰਦਰ ਨਹੀਂ ਹੈ। ਉਸ ਨੇ ਸਕੂਲੀ ਸਿੱਖਿਆ ਲਈ ਜ਼ਿੰਦਗੀ ਦੇ ਸਭ ਸੁੱਖ ਆਰਾਮ ਤਿਆਗ ਦਿੱਤੇ ਅਤੇ ਆਪਣਾ ਹਰ ਦਿਨ ਬੱਚਿਆਂ ਦੇ ਲੇਖੇ ਲਾਉਣ ਨੂੰ ਤਰਜੀਹ ਦਿੱਤੀ। ਸਾਲ 1997 ’ਚ ਬਰਨਾਲਾ ਜਿਲ੍ਹੇ ਦੇ ਪਿੰਡ ਗਹਿਲਾਂ ਦੇ ਸਰਕਾਰੀ ਹਾਈ ਸਕੂਲ ’ਚ ਸੇਵਾ ਦੀ ਸ਼ੁਰੂਆਤ ਕਰਨ ਵਾਲੇ ਰਜਿੰਦਰ ਸਿੰਘ ਦਾ 2002 ’ਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕਰੰਡੀ ਵਿਖੇ ਤਬਦਾਲਾ ਹੋਇਆ ਸੀ। ਪਿੰਡ ਵਾਸੀਆਂ ਦੇ ਦੱਸਣ ਅਨੁਸਾਰ ਰਜਿੰਦਰ ਸਿੰਘ ਤੋਂ ਸਿੱਖਿਆ ਹਾਸਲ ਕਰਨ ਵਾਲੇ ਦਰਜਨਾਂ ਵਿਦਿਆਰਥੀਆਂ ਨੇ ਅੱਗੇ ਜਾਕੇ ਅਹਿਮ ਪ੍ਰਾਪਤੀਆਂ ਕੀਤੀਆਂ । ਵਿਦਿਆਰਥੀ ਆਪਣੇ ਅਧਿਆਪਕ ਗੁਰੂ ਰਜਿੰਦਰ ਸਿੰਘ ਨੂੰ ਹਰ ਪ੍ਰਾਪਤੀ ਦੇ ਸਬੰਧ ਵਿੱਚ ਦਾਦ ਵੀ ਦਿੰਦੇ ਹਨ।
ਰਜਿੰਦਰ ਸਿੰਘ ਨੇ ਪਿੰਡ ਭਾਈ ਰੂਪਾ ’ਚ ਮੁਢਲੀ ਸਿੱਖਿਆ ਹਾਸਲ ਕਰਨ ਤੋਂ ਬਾਅਦ ਉੱਚ ਸਿੱਖਿਆ ਹਾਸਲ ਕਰਨ ਲਈ ਤਪੱਸਵੀ ਪੂਰਨ ਦਾਸ ਮਾਲਵਾ ਕਾਲਜ ਰਾਮਪੁਰਾ ਫੂਲ ’ਚ ਦਾਖਲਾ ਲਿਆ ਅਤੇ ਗਰੈਜੂਏਸ਼ਨ ਮੁਕੰਮਲ ਕਰ ਲਈ। ਇਸ ਦੌਰਾਨ ਰਜਿੰਦਰ ਸਿੰਘ ਨੇ ਸਰਕਾਰੀ ਰਜਿੰਦਰਾ ਕਾਲਜ ਬਠਿੰਡਾ ਤੋਂ ਰਾਜਨੀਤੀ ਸ਼ਾਸ਼ਤਰ ਵਿਸ਼ੇ ’ਚ ਪੋਸਟ ਗ੍ਰੈਜੂਏਸ਼ਨ ਕੀਤੀ। ਆਪਣੇ ਵਿੱਦਿਅਕ ਸਫਰ ਨੂੰ ਜਾਰੀ ਰੱਖਦਿਆਂ ਰਜਿੰਦਰ ਸਿੰਘ ਹਰਿਆਣਾ ਦੀ ਵਕਾਰੀ ਕੁਰੂਕਸ਼ੇਤਰ ਯੂਨੀਵਰਸਟੀ ( ਕੁਰੂਕਸ਼ੇਤਰ) ਤੋਂ ਐਮਫਿਲ ਅਤੇ ਪੀਐਚਡੀ ਦੀਆਂ ਡਿਗਰੀਆਂ ਹਾਸਲ ਕਰਨ ’ਚ ਸਫਲ ਰਿਹਾ ਜਿੰਨ੍ਹਾਂ ਨੇ ਉਸ ਨੂੰ ਡਾਕਟਰ ਰਜਿੰਦਰ ਸਿੰਘ ਬਣਾਇਆ। ਰਜਿੰਦਰ ਸਿੰਘ ਇਕੱਲੀ ਸਿੱਖਿਆ ਨੂੰ ਹੀ ਸਮਰਪਿਤ ਨਹੀਂ ਰਿਹਾ ਬਲਕਿ ਆਪਣੀ ਕਬੀਲਦਾਰੀ ਨੂੰ ਰੰਗ ਭਾਗ ਲਾਉਣ ’ਚ ਉਸ ਨੇ ਕੋਈ ਕਸਰ ਬਾਕੀ ਨਹੀਂ ਰੱਖੀ। ਜਿੰਦਗੀ ਦੇ ਹਰ ਮੋੜ ’ਤੇ ਉਸ ਦਾ ਡਟਵਾਂ ਸਾਥ ਸਿਵਲ ਹਸਪਤਾਲ ਸਿਰਸਾ ’ਚ ਸੀਨੀਅਰ ਨਰਸਿੰਗ ਅਫਸਰ ਵਜੋਂ ਸੇਵਾਵਾਂ ਨਿਭਾ ਰਹੀ ਉਸ ਦੀ ਧਰਮਪਤਨੀ ਗੀਤਾ ਰਾਣੀ ਨੇ ਦਿੱਤਾ।

ਝੱਖੜ ’ਚ ਵੀ ਚਿਰਾਗ ਜਗਣ
ਸੇਵਾਮੁਕਤ ਅਧਿਆਪਕ ਰਜਿੰਦਰ ਸਿੰਘ ਦਾ ਕਹਿਣਾ ਸੀ ਕਿ ਜਦੋਂ ਤੱਕ ਸਾਹ ਵਗਦੇ ਹਨ ਤਾਂ ਉਸ ਨੇ ਹਰ ਦਿਨ ਮਾਨਵਤਾ ਲੇਖੇ ਲਾਉਣ ਦਾ ਫੈਸਲਾ ਲਿਆ ਹੈ ਜਿਸ ’ਚ ਸਰਕਾਰੀ ਸਕੂਲਾਂ ਦੇ ਬੱਚਿਆਂ ਨੂੰ ਮਨੁਖਤਾ ਪੱਖੀ ਸਿਖਿਆ ਦਿਵਾਉਣਾ ਵੀ ਸ਼ਾਮਲ ਰਹੀ ਹੈ। ਉਨ੍ਹਾਂ ਕਿਹਾ ਕਿ ਕਰੰਡੀ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ’ਚ ਵੀ ਉਨ੍ਹਾਂ ਆਪਣਾ ਫਰਜ਼ ਨਿਭਾਇਆ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਉਮੀਦ ਹੈ ਕਿ ਇਸ ਸਕੂਲ ਚੋਂ ਉਨ੍ਹਾਂ ਦੀ ਗੈਰਮੌਜੂਦਗੀ ਦੌਰਾਨ ਵੀ ਅਧਿਆਪਕ ਕਰੰਡੀ ਸਕੂਲ ਦੇ ਬਨੇਰਿਆਂ ’ਤੇ ਚਿਰਾਗ ਬਲਦੇ ਰੱਖਣ ਲਈ ਕੋਸ਼ਿਸ਼ਾਂ ਜਾਰੀ ਰਹਿਣਗੀਆਂ
ਰਜਿੰਦਰ ਸਿੰਘ ਦੀ ਸ਼ਲਾਘਾ
ਸੇਵਾਮੁਕਤ ਜਿਲ੍ਹਾ ਸਿੱਖਿਆ ਅਫਸਰ ਡਾ ਅਮਰਜੀਤ ਕੌਰ ਕੋਟਫੱਤਾ ਦਾ ਕਹਿਣਾ ਸੀ ਕਿ ਜਿਸ ਰਾਹ ’ਤੇ ਅਧਿਆਪਕ ਰਜਿੰਦਰ ਸਿੰਘ ਤੁਰਿਆ ਉਸ ਤੋਂ ਹੋਰਨਾਂ ਅਧਿਆਪਕਾਂ ਨੂੰ ਪ੍ਰੇਰਣਾ ਲੈਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਇਸ ਨਾਲ ਪੰਜਾਬ, ਪੰਜਾਬੀਅਤ ਅਤੇ ਸਰਕਾਰੀ ਸਿੱਖਿਆ ਦਾ ਝੰਡਾ ਬੁਲੰਦ ਹੋਵੇਗਾ। ਉਨ੍ਹਾਂ ਰਜਿੰਦਰ ਸਿੰਘ ਵੱਲੋਂ ਨਿਭਾਈਆਂ ਸੇਵਾਵਾਂ ਦੀ ਸ਼ਲਾਘਾ ਕੀਤੀ ਅਤੇ ਅਗਲੇ ਸਫਰ ਲਈ ਸ਼ੁਭਕਾਮਨਾਵਾਂ ਵੀ ਭੇਂਟ ਕੀਤੀਆਂ ਹਨ।
- Download Babushahi App
-
-