ਸੜਕ ਪੁੱਟ ਕੇ ਮੁੜ ਬਣਾਉਣਾ ਭੁੱਲਿਆ PWB ਮਹਿਕਮਾ; ਡੂੰਘੇ ਖੱਡੇ ਕਾਰਨ ਬੇਕਾਬੂ ਹੋਇਆ ਟਰੱਕ, ਸਕੂਲ ਬੱਸ 'ਤੇ ਪਲਟਣ ਤੋਂ ਵਾਲ-ਵਾਲ ਬਚਿਆ
ਖੱਡਿਆਂ ਨਾਲ ਭਰੀ ਸੜਕ ਬਣੀ ਹਾਦਸਿਆਂ ਦਾ ਕਾਰਨ, ਸਕੂਲੀ ਬੱਚਿਆਂ ਦੀ ਜਾਨ 'ਤੇ ਬਣੀ
ਮਲਕੀਤ ਸਿੰਘ ਮਲਕਪੁਰ
ਲਾਲੜੂ 16 ਜੁਲਾਈ 2026: ਲਾਲੜੂ-ਹੰਡੇਸਰਾ ਰੋਡ 'ਤੇ ਪੈਂਦੇ ਪਿੰਡ ਮਲਕਪੁਰ ਨੇੜੇ ਸਥਿਤ ਲਿੰਕ ਸੜਕ ਦੀ ਹਾਲਤ ਬੇਹੱਦ ਖਰਾਬ ਹੋ ਚੁੱਕੀ ਹੈ। ਸੜਕ 'ਤੇ ਪਏ ਡੂੰਘੇ ਖੱਡੇ ਹੁਣ ਰੋਜ਼ਾਨਾ ਹਾਦਸਿਆਂ ਦਾ ਕਾਰਨ ਬਣ ਰਹੇ ਹਨ, ਜਿਸ ਕਾਰਨ ਹਰ ਵੇਲੇ ਵੱਡੇ ਹਾਦਸੇ ਦਾ ਖਤਰਾ ਬਣਿਆ ਰਹਿੰਦਾ ਹੈ। ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਲੰਮੇ ਸਮੇਂ ਤੋਂ ਲਾਲੜੂ ਹੰਡੇਸਰਾ ਸੜਕ ਦਾ ਪਿੰਡ ਮਲਕਪੁਰ ਤੱਕ ਅੱਧਾ ਹਿੱਸਾ ਪੁੱਟ ਦਿੱਤਾ ਗਿਆ ਹੈ। ਪਰ ਸਰਕਾਰ ਦਾ ਪੀਡਬਲਯੂਡੀ ਮਹਿਕਮਾ ਹੁਣ ਤੱਕ ਨਵੀਂ ਸੜਕ ਨਹੀਂ ਬਣਾ ਸਕਿਆ, ਜਿਸ ਕਾਰਨ ਸੜਕ ਦੀ ਹਾਲਤ ਦਿਨੋ-ਦਿਨ ਹੋਰ ਵੀ ਬਦਤਰ ਹੁੰਦੀ ਜਾ ਰਹੀ ਹੈ।
ਵੀਰਵਾਰ ਸਵੇਰੇ ਇਸ ਸੜਕ 'ਤੇ ਇੱਕ ਵੱਡਾ ਹਾਦਸਾ ਹੁੰਦੇ-ਹੁੰਦੇ ਟਲ ਗਿਆ। ਜਾਣਕਾਰੀ ਅਨੁਸਾਰ ਇੱਕ ਸਮਾਨ ਨਾਲ ਲੱਦਿਆ ਟਰੱਕ ਅਤੇ ਇੱਕ ਸਕੂਲ ਬੱਸ ਆਹਮੋ-ਸਾਹਮਣੇ ਲੰਘ ਰਹੇ ਸਨ। ਇਸ ਦੌਰਾਨ ਟਰੱਕ ਦਾ ਇੱਕ ਟਾਇਰ ਸੜਕ ਦੇ ਡੂੰਘੇ ਖੱਡੇ ਵਿੱਚ ਜਾ ਡਿੱਗਿਆ, ਜਿਸ ਨਾਲ ਟਰੱਕ ਦਾ ਸੰਤੁਲਨ ਵਿਗੜ ਗਿਆ ਅਤੇ ਉਹ ਸਕੂਲ ਬੱਸ ਵੱਲ ਝੁਕ ਗਿਆ। ਕੁਝ ਪਲਾਂ ਲਈ ਮੌਕੇ 'ਤੇ ਹਫੜਾ-ਦਫੜੀ ਦਾ ਮਾਹੌਲ ਬਣ ਗਿਆ। ਖੁਸ਼ਕਿਸਮਤੀ ਨਾਲ ਟਰੱਕ ਬੱਸ ਉੱਪਰ ਪਲਟਣ ਤੋਂ ਵਾਲ-ਵਾਲ ਬਚ ਗਿਆ, ਨਹੀਂ ਤਾਂ ਵੱਡਾ ਹਾਦਸਾ ਵਾਪਰ ਸਕਦਾ ਸੀ।
ਬੱਸ ਚਾਲਕ ਨੇ ਸੂਝ-ਬੂਝ ਦਿਖਾਉਂਦਿਆਂ ਤੁਰੰਤ ਬੱਚਿਆਂ ਨੂੰ ਸੁਰੱਖਿਅਤ ਢੰਗ ਨਾਲ ਬੱਸ ਵਿੱਚੋਂ ਹੇਠਾਂ ਉਤਾਰ ਲਿਆ। ਇਸ ਤੋਂ ਬਾਅਦ ਕਾਫ਼ੀ ਮੁਸ਼ੱਕਤ ਨਾਲ ਬੱਸ ਨੂੰ ਉਥੋਂ ਕੱਢਿਆ ਗਿਆ ਅਤੇ ਬੱਚਿਆਂ ਨੂੰ ਸੁਰੱਖਿਅਤ ਥਾਂ 'ਤੇ ਪਹੁੰਚਾਇਆ ਗਿਆ। ਘਟਨਾ ਦੌਰਾਨ ਬੱਚਿਆਂ ਅਤੇ ਪਿੰਡ ਵਾਸੀਆਂ ਵਿੱਚ ਡਰ ਦਾ ਮਾਹੌਲ ਬਣਿਆ ਰਿਹਾ।
ਪਿੰਡ ਵਾਸੀ ਪ੍ਰੀਤਪਾਲ ਸਿੰਘ, ਸੁਖਵਿੰਦਰ ਸਿੰਘ, ਜਸਵਿੰਦਰ ਸਿੰਘ, ਬੂਟਾ ਸਿੰਘ, ਮਲਕੀਤ ਸਿੰਘ ,ਪ੍ਰਿੰਸ, ਸ਼ਿਵ ਕੁਮਾਰ, ਰਣਧੀਰ ਸਿੰਘ, ਦਵਿੰਦਰ ਸਿੰਘ ਅਤੇ ਜਸਬੀਰ ਸਿੰਘ ਨੇ ਦੱਸਿਆ ਕਿ ਇਸ ਸੜਕ 'ਤੇ ਆਏ ਦਿਨ ਛੋਟੇ-ਵੱਡੇ ਹਾਦਸੇ ਵਾਪਰਦੇ ਰਹਿੰਦੇ ਹਨ। ਖ਼ਾਸ ਕਰਕੇ ਦੋਪਹੀਆ ਵਾਹਨ ਚਾਲਕ ਸਭ ਤੋਂ ਵੱਧ ਹਾਦਸਿਆਂ ਦਾ ਸ਼ਿਕਾਰ ਹੁੰਦੇ ਹਨ। ਬਰਸਾਤ ਦੇ ਮੌਸਮ ਵਿੱਚ ਸੜਕ ਦੀ ਹਾਲਤ ਹੋਰ ਵੀ ਖਰਾਬ ਹੋ ਜਾਂਦੀ ਹੈ, ਜਿਸ ਕਾਰਨ ਰਾਹਗੀਰਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਉਨ੍ਹਾਂ ਦੱਸਿਆ ਕਿ ਲਾਲੜੂ ਤੋਂ ਲੈ ਕੇ ਹੰਡੇਸਰਾ ਤੱਕ ਸੜਕ ਜਿਆਦਾਤਰ ਟੁੱਟ ਚੁੱਕੀ ਹੈ ਅਤੇ ਕਈਂ ਥਾਵਾਂ ਤੇ ਵੱਡੇ-ਵੱਡੇ ਟੋਏ ਪਏ ਹੋਏ ਹਨ, ਜਿਸ ਕਾਰਨ ਹਾਦਸੇ ਵਾਪਰ ਰਹੇ ਹਨ।
ਪਿੰਡ ਵਾਸੀਆਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਇਸ ਸੜਕ ਦੀ ਜਲਦ ਤੋਂ ਜਲਦ ਸੜਕ ਬਣਾਈ ਜਾਵੇ, ਤਾਂ ਜੋ ਕਿਸੇ ਵੱਡੇ ਹਾਦਸੇ ਤੋਂ ਪਹਿਲਾਂ ਹੀ ਇਸ ਸਮੱਸਿਆ ਦਾ ਪੱਕਾ ਹੱਲ ਕੀਤਾ ਜਾ ਸਕੇ। ਇਸ ਸਬੰਧੀ ਪੀਡਬਲਯੂਡੀ ਦੇ ਐੱਸਡੀਓ ਜਸਪਾਲ ਸਿੰਘ ਨੇ ਦੱਸਿਆ ਕਿ ਇਸ ਸਥਾਨ 'ਤੇ ਸੜਕ ਦੀ ਮੁਰੰਮਤ ਲਈ ਟਾਈਲਾਂ ਦੇ ਸੈਂਪਲ ਲੈਬ ਤੋਂ ਮਨਜ਼ੂਰੀ ਲਈ ਭੇਜੇ ਗਏ ਹਨ। ਮਨਜ਼ੂਰੀ ਮਿਲਦੇ ਹੀ ਇੱਥੇ ਟਾਈਲਾਂ ਵਿਛਾਉਣ ਦਾ ਕੰਮ ਤੁਰੰਤ ਸ਼ੁਰੂ ਕਰ ਦਿੱਤਾ ਜਾਵੇਗਾ।
- Download Babushahi App
-
-