24×7 ਪਾਣੀ ਪ੍ਰੋਜੈਕਟ ਨੇ ਉਜਾੜੀਆਂ ਸੜਕਾਂ, ਐੱਮ.ਸੀ.ਐੱਲ. ਦੀ ਕਾਰਗੁਜ਼ਾਰੀ ਕਟਹਿਰੇ ਵਿੱਚ
---ਸਰਾਭਾ ਨਗਰ ਥਾਣੇ ਕੋਲ ਬਦਹਾਲ ਹਾਲਾਤ; ਖੁੱਲ੍ਹੇ ਖੱਡਿਆਂ ਅਤੇ ਟੁੱਟੀਆਂ ਸੜਕਾਂ ਕਾਰਨ ਲੋਕ ਪਰੇਸ਼ਾਨ, ਹਾਦਸਿਆਂ ਦਾ ਖ਼ਤਰਾ ਵਧਿਆ
ਸੁਖਮਿੰਦਰ ਭੰਗੂ
ਲੁਧਿਆਣਾ 12 ਜੁਲਾਈ 2026
ਲੁਧਿਆਣਾ ਦੇ ਬੀ.ਆਰ.ਐੱਸ. ਨਗਰ ਵਿੱਚ ਸਰਾਭਾ ਨਗਰ ਪੁਲਿਸ ਥਾਣੇ ਨੇੜੇ ਚੱਲ ਰਹੇ 24×7 ਪਾਣੀ ਪ੍ਰੋਜੈਕਟ ਦੀ ਹਾਲਤ ਬੇਹੱਦ ਖ਼ਰਾਬ ਹੋ ਚੁੱਕੀ ਹੈ। ਇਲਾਕੇ ਵਿੱਚ ਟੁੱਟੀਆਂ ਸੜਕਾਂ, ਖੁੱਲ੍ਹੇ ਖੱਡੇ ਅਤੇ ਅਧੂਰੇ ਪਏ ਨਿਰਮਾਣ ਕਾਰਜਾਂ ਨੇ ਨਗਰ ਨਿਗਮ ਲੁਧਿਆਣਾ (ਐੱਮ.ਸੀ.ਐੱਲ.) ਦੇ ਦਾਵਿਆਂ ਦੀ ਪੋਲ ਖੋਲ੍ਹ ਕੇ ਰੱਖ ਦਿੱਤੀ ਹੈ। ਸਥਾਨਕ ਵਸਨੀਕਾਂ ਦਾ ਕਹਿਣਾ ਹੈ ਕਿ ਪ੍ਰੋਜੈਕਟ ਦੇ ਕੰਮ ਵਿੱਚ ਕੀਤੀ ਜਾ ਰਹੀ ਲਾਪਰਵਾਹੀ ਕਾਰਨ ਲੋਕਾਂ ਨੂੰ ਹਰ ਰੋਜ਼ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਇਸ ਸਬੰਧੀ ਸਮਾਜ ਸੇਵੀ ਅਰਵਿੰਦ ਸ਼ਰਮਾਂ ਨੇ ਦੱਸਿਆ ਇਲਾਕੇ ਵਿੱਚ ਸੜਕਾਂ ਦੀ ਮਾੜੀ ਹਾਲਤ ਕਾਰਨ ਵਾਹਨ ਚਾਲਕਾਂ ਅਤੇ ਪੈਦਲ ਲੰਘਣ ਵਾਲਿਆਂ ਲਈ ਵੱਡਾ ਖ਼ਤਰਾ ਪੈਦਾ ਹੋ ਗਿਆ ਹੈ। ਖ਼ਾਸ ਕਰਕੇ ਬਰਸਾਤ ਦੇ ਦਿਨਾਂ ਵਿੱਚ ਪਾਣੀ ਭਰਨ ਕਾਰਨ ਹਾਦਸਿਆਂ ਦਾ ਡਰ ਹੋਰ ਵੀ ਵੱਧ ਜਾਂਦਾ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਪੁਲਿਸ ਥਾਣੇ ਦੇ ਬਿਲਕੁਲ ਨੇੜੇ ਇਹ ਹਾਲਾਤ ਬਣੇ ਹੋਏ ਹਨ, ਪਰ ਸੰਬੰਧਤ ਅਧਿਕਾਰੀਆਂ ਵੱਲੋਂ ਇਸ ਮਸਲੇ ਵੱਲ ਕੋਈ ਗੰਭੀਰ ਧਿਆਨ ਨਹੀਂ ਦਿੱਤਾ ਜਾ ਰਿਹਾ।
ਸਥਾਨਕ ਲੋਕਾਂ ਦਾ ਦੋਸ਼ ਹੈ ਕਿ 24×7 ਪਾਣੀ ਸਪਲਾਈ ਪ੍ਰੋਜੈਕਟ ਦੇ ਨਾਮ ’ਤੇ ਕਰੋੜਾਂ ਰੁਪਏ ਖਰਚ ਕੀਤੇ ਜਾ ਰਹੇ ਹਨ, ਪਰ ਜ਼ਮੀਨੀ ਪੱਧਰ ’ਤੇ ਇਸ ਦੇ ਨਤੀਜੇ ਨਜ਼ਰ ਨਹੀਂ ਆ ਰਹੇ। ਅਧੂਰੇ ਕੰਮ ਅਤੇ ਪ੍ਰਬੰਧਕੀ ਕਮਜ਼ੋਰੀ ਕਾਰਨ ਇਲਾਕੇ ਦੀਆਂ ਸੜਕਾਂ ਅਤੇ ਬੁਨਿਆਦੀ ਢਾਂਚੇ ਨੂੰ ਭਾਰੀ ਨੁਕਸਾਨ ਪਹੁੰਚਿਆ ਹੈ।
ਅਰਵਿੰਦ ਸ਼ਰਮਾਂ ਨੇ ਨਗਰ ਨਿਗਮ ਅਤੇ ਸੰਬੰਧਤ ਵਿਭਾਗਾਂ ਤੋਂ ਮੰਗ ਕੀਤੀ ਹੈ ਕਿ ਇਸ ਮਾਮਲੇ ਦੀ ਤੁਰੰਤ ਜਾਂਚ ਕਰਵਾਈ ਜਾਵੇ ਅਤੇ ਖ਼ਰਾਬ ਹੋ ਚੁੱਕੀਆਂ ਸੜਕਾਂ ਦੀ ਜਲਦੀ ਮੁਰੰਮਤ ਕਰਕੇ ਲੋਕਾਂ ਨੂੰ ਰਾਹਤ ਦਿੱਤੀ ਜਾਵੇ। ਜੇਕਰ ਸਮੇਂ ਸਿਰ ਇਸ ਸਮੱਸਿਆ ਦਾ ਹੱਲ ਨਾ ਕੀਤਾ ਗਿਆ ਤਾਂ ਆਉਣ ਵਾਲੇ ਸਮੇਂ ਵਿੱਚ ਇਹ ਲਾਪਰਵਾਹੀ ਕਿਸੇ ਵੱਡੇ ਹਾਦਸੇ ਦਾ ਕਾਰਨ ਬਣ ਸਕਦੀ ਹੈ।
ਜਦੋਂ ਇਸ ਸਬੰਧੀ ਨਗਰ ਨਿਗਮ ਦੇ ਓ ਐਂਡ ਐਮ ਸੈਲ ਦੇ ਅਧਿਕਾਰੀ ਜੈਦੀਪ ਸਿੰਘ ਨਾਲ ਗੱਲ ਕੀਤੀ ਤਾਂ ਉਹਨਾਂ ਨੇ ਦੱਸਿਆ ਕਿ ਇਸ ਦੀ ਪ੍ਰੋਪਰ ਬੈਰੀਗੇਟਿੰਗ ਕਰਵਾ ਦਿੱਤੀ ਗਈ ਹੈ ਅਤੇ ਜਲਦ ਹੀ ਇਸਨੂੰ ਸਹੀ ਕੀਤਾ ਜਾਵੇਗਾ ਕਿਉਂਕਿ ਇਸ ਜਗ੍ਹਾ ਤੇ ਅਜੇ ਕੰਮ ਚੱਲ ਰਿਹਾ ਹੈ। ਕੰਮ ਚੱਲਣ ਕਰਕੇ ਮਿੱਟੀ ਦਾ ਧਸਣਾ ਤੇ ਮਿੱਟੀ ਆਸ ਪਾਸ ਖਿੰਡੀ ਹੋਈ ਹੈ। ਇਸ ਵੱਡੇ ਟੋਏ ਨੂੰ ਮਿੱਟੀ ਨਾਲ ਭਰੇ ਹੋਏ ਤੇ ਬੈਰੀਕੇਟ ਲਗਾਏ ਦੀ ਮੌਕੇ ਦੀ ਤਸਵੀਰ ਉਹ ਐਂਡ ਐਮ ਸੈਲ ਦੇ ਅਧਿਕਾਰੀ ਵੱਲੋਂ ਸਾਂਝੀ ਕੀਤੀ ਗਈ ਹੈ।
- Download Babushahi App
-
-