ਕੇਜਰੀਵਾਲ ਦੀ ਨਸ਼ਾ-ਮੁਕਤ ਪੰਜਾਬ ਦੀ ਗਾਰੰਟੀ ਫੇਲ੍ਹ : ਕੇਵਲ ਢਿੱਲੋਂ
ਹੁਸ਼ਿਆਰਪੁਰ ਜੇਲ੍ਹ ਮਾਮਲੇ 'ਤੇ ਭਾਜਪਾ ਪ੍ਰਧਾਨ ਦਾ ‘ਆਪ’ ਸਰਕਾਰ 'ਤੇ ਤਿੱਖਾ ਹਮਲਾ
ਢਿੱਲੋਂ ਬੋਲੇ- ਚੁਟਕਲਿਆਂ ਤੇ ਡਰਾਮੇਬਾਜ਼ੀ ਵਿੱਚ ਰੁੱਝੀ ਸਰਕਾਰ
ਚੰਡੀਗੜ੍ਹ / ਜਲੰਧਰ, 5 ਜੁਲਾਈ 2026- ਭਾਰਤੀ ਜਨਤਾ ਪਾਰਟੀ ਪੰਜਾਬ ਦੇ ਸੂਬਾ ਪ੍ਰਧਾਨ ਕੇਵਲ ਸਿੰਘ ਢਿੱਲੋਂ ਨੇ ਜਲੰਧਰ ਵਿਖੇ ਮੀਡੀਆ ਨਾਲ ਗੱਲਬਾਤ ਦੌਰਾਨ ਆਮ ਆਦਮੀ ਪਾਰਟੀ ਸਰਕਾਰ 'ਤੇ ਤਿੱਖਾ ਹਮਲਾ ਬੋਲਦਿਆਂ ਕਿਹਾ ਕਿ ਸਾਢੇ ਚਾਰ ਸਾਲ ਬੀਤ ਜਾਣ ਦੇ ਬਾਵਜੂਦ ਪੰਜਾਬ ਵਿੱਚੋਂ ਨਸ਼ਾ ਖਤਮ ਕਰਨ ਦੀ ਗਾਰੰਟੀ ਪੂਰੀ ਤਰ੍ਹਾਂ ਖੋਖਲੀ ਸਾਬਤ ਹੋਈ ਹੈ। ਸਗੋਂ ਨਸ਼ੇ ਦਾ ਵਹਾਅ ਪਹਿਲਾਂ ਨਾਲੋਂ ਕਈ ਗੁਣਾ ਵੱਧ ਗਿਆ ਹੈ।
ਭਾਜਪਾ ਸੂਬਾ ਪ੍ਰਧਾਨ ਕੇਵਲ ਸਿੰਘ ਢਿੱਲੋਂ ਨੇ ਕਿਹਾ ਕਿ ਚੋਣਾਂ ਤੋਂ ਪਹਿਲਾਂ ਅਰਵਿੰਦ ਕੇਜਰੀਵਾਲ ਨੇ ਪੰਜਾਬ ਦੇ ਲੋਕਾਂ ਨਾਲ ਵਾਅਦਾ ਕੀਤਾ ਸੀ ਕਿ ਸੂਬੇ ਵਿੱਚੋਂ ਨਸ਼ਾ ਸਿਰਫ਼ ਤਿੰਨ ਮਹੀਨਿਆਂ ਵਿੱਚ ਜੜ੍ਹੋਂ ਖਤਮ ਕਰ ਦਿੱਤਾ ਜਾਵੇਗਾ। ਉਹਨਾਂ ਕਿਹਾ ਕਿ ਸਾਢੇ ਚਾਰ ਸਾਲਾਂ ਬਾਅਦ ਵੀ ਨਸ਼ਾ ਖਤਮ ਹੋਣਾ ਤਾਂ ਦੂਰ ਦੀ ਗੱਲ ਹੈ, ਸਗੋਂ ਨੌਜਵਾਨ ਪੀੜ੍ਹੀ ਵੱਡੀ ਗਿਣਤੀ ਵਿੱਚ ਨਸ਼ੇ ਦੀ ਭੇਂਟ ਚੜ੍ਹ ਰਹੀ ਹੈ ਅਤੇ ਸਰਕਾਰ ਦੀ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਪੂਰੀ ਤਰ੍ਹਾਂ ਫੇਲ੍ਹ ਹੋ ਚੁੱਕੀ ਹੈ।
ਹੁਸ਼ਿਆਰਪੁਰ ਜੇਲ੍ਹ ਦੇ ਡਿਪਟੀ ਸੁਪਰਡੈਂਟ ਦੀ ਗ੍ਰਿਫ਼ਤਾਰੀ ਦੇ ਮਾਮਲੇ ਵਿੱਚ ਸੂਬਾ ਪ੍ਰਧਾਨ ਢਿੱਲੋਂ ਨੇ ਕਿਹਾ ਕਿ ਜੇਲ੍ਹਾਂ ਵਿੱਚ ਸ਼ਰੇਆਮ ਨਸ਼ਾ ਵਿਕਣਾ ਸਰਕਾਰ ਦੀ ਨਾਕਾਮੀ ਨੂੰ ਸਿੱਧ ਕਰਦਾ ਹੈ। ਇਸੇ ਜੇਲ੍ਹ ਵਿੱਚੋਂ ਵੀਡੀਓ ਵਾਇਰਲ ਹੋਣਾ ਜੇਲ੍ਹਾਂ ਵਿੱਚ ਸ਼ਰੇਆਮ ਮੋਬਾਈਲ ਫ਼ੋਨ ਚੱਲਣ ਦੀ ਨਿਸ਼ਾਨੀ ਹੈ। ਸਰਕਾਰ ਨੂੰ ਸਭ ਕੁਝ ਪਤਾ ਹੋਣ ਦੇ ਬਾਵਜੂਦ ਵੀ ਉਹ ਚੁਟਕਲਿਆਂ ਤੇ ਡਰਾਮੇਬਾਜ਼ੀ ਵਿੱਚ ਰੁੱਝੀ ਹੋਈ ਹੈ।
ਉਹਨਾਂ ਕਿਹਾ ਕਿ ਪੰਜਾਬ ਇਸ ਵੇਲੇ ਗੈਂਗਸਟਰਵਾਦ, ਨਸ਼ੇ, ਬੇਰੁਜ਼ਗਾਰੀ ਅਤੇ ਵਿਗੜਦੀ ਅਮਨ-ਕਾਨੂੰਨ ਵਿਵਸਥਾ ਨਾਲ ਜੂਝ ਰਿਹਾ ਹੈ, ਜਦਕਿ ਮੁੱਖ ਮੰਤਰੀ ਬੰਗਲੌਰ ਵਿੱਚ ਛੁੱਟੀਆਂ ਮਨਾ ਰਹੇ ਹਨ। ਢਿੱਲੋਂ ਨੇ ਤਨਜ਼ ਕੱਸਦਿਆਂ ਕਿਹਾ ਕਿ ਪੰਜਾਬ ਇਸ ਵੇਲੇ ਲਾਵਾਰਸ ਹੈ ਅਤੇ ਦਿੱਲੀ ਤੋਂ ਹਾਰੇ ਹੋਏ ਘੁਟਾਲੇਬਾਜ਼ ਸੂਬੇ ਨੂੰ ਚਲਾ ਰਹੇ ਹਨ। ਜਦਕਿ ਜਿੱਥੇ-ਜਿੱਥੇ ਭਾਜਪਾ ਦੀਆਂ ਸਰਕਾਰਾਂ ਹਨ, ਉੱਥੇ ਵਿਕਾਸ ਦੀ ਰਫ਼ਤਾਰ ਤੇਜ਼ ਹੈ।
ਉਹਨਾਂ ਅੰਕੜਿਆਂ ਦਾ ਹਵਾਲਾ ਦਿੰਦਿਆਂ ਕਿਹਾ ਕਿ ਇੱਕ ਸਮੇਂ ਵਿਕਾਸ ਪੱਖੋਂ ਦੇਸ਼ ਵਿੱਚ ਪਹਿਲੇ ਨੰਬਰ 'ਤੇ ਰਹਿਣ ਵਾਲਾ ਪੰਜਾਬ ਅੱਜ 18ਵੇਂ ਸਥਾਨ 'ਤੇ ਖਿਸਕ ਗਿਆ ਹੈ, ਜਦਕਿ 17ਵੇਂ ਨੰਬਰ 'ਤੇ ਰਹਿਣ ਵਾਲਾ ਉੱਤਰ ਪ੍ਰਦੇਸ਼ ਅੱਜ ਦੂਜੇ ਨੰਬਰ 'ਤੇ ਪਹੁੰਚ ਗਿਆ ਹੈ। ਉਹਨਾਂ ਕਿਹਾ ਕਿ ਭਾਜਪਾ ਸ਼ਾਸਿਤ ਸੂਬਿਆਂ ਵਿੱਚ ਲਗਾਤਾਰ ਇੰਡਸਟਰੀ ਲੱਗ ਰਹੀ ਹੈ, ਲਾਅ ਐਂਡ ਆਰਡਰ ਵੀ ਬਿਹਤਰ ਹੈ ਅਤੇ ਪੰਜਾਬ ਵਿੱਚ ਮੁੜ ਖੁਸ਼ਹਾਲੀ ਕੇਵਲ ਭਾਜਪਾ ਸਰਕਾਰ ਹੀ ਲਿਆ ਸਕਦੀ ਹੈ।
ਮਹਿਲਾਵਾਂ ਨੂੰ ਦਿੱਤੀ ਗਈ 1000 ਰੁਪਏ ਪ੍ਰਤੀ ਮਹੀਨਾ ਸਕੀਮ ਦਾ ਜ਼ਿਕਰ ਕਰਦਿਆਂ ਉਹਨਾਂ ਕਿਹਾ ਕਿ 51 ਮਹੀਨਿਆਂ ਦੇ 51,000 ਰੁਪਏ ਦੇਣ ਦੀ ਥਾਂ ਸਿਰਫ਼ ਤਿੰਨ ਮਹੀਨਿਆਂ ਦੀ ਰਾਸ਼ੀ ਦੇ ਕੇ ਸਰਕਾਰ ਸਿਰਫ਼ ਡਰਾਮੇਬਾਜ਼ੀ ਕਰ ਰਹੀ ਹੈ, ਜਿਸ ਨਾਲ ਪੰਜਾਬ ਦੀਆਂ ਮਹਿਲਾਵਾਂ ਨਾਲ ਵੱਡੇ ਪੱਧਰ 'ਤੇ ਧੋਖਾ ਹੋਇਆ ਹੈ।
ਕਾਂਗਰਸ ਪਾਰਟੀ 'ਤੇ ਨਿਸ਼ਾਨਾ ਸਾਧਦਿਆਂ ਢਿੱਲੋਂ ਨੇ ਕਿਹਾ ਕਿ ਪਾਰਟੀ ਅੰਦਰੂਨੀ ਕਾਟੋ-ਕਲੇਸ਼ ਅਤੇ ਚੌਧਰ ਦੀ ਲੜਾਈ ਵਿੱਚ ਉਲਝੀ ਹੋਈ ਹੈ ਅਤੇ ਪੰਜਾਬ ਦੇ ਲੋਕਾਂ ਨਾਲ ਉਸ ਨੂੰ ਕੋਈ ਸਰੋਕਾਰ ਨਹੀਂ।
ਭਾਜਪਾ ਸੂਬਾ ਪ੍ਰਧਾਨ ਨੇ ਭਰੋਸਾ ਪ੍ਰਗਟਾਉਂਦਿਆਂ ਕਿਹਾ ਕਿ ਪਾਰਟੀ 2027 ਵਿੱਚ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ‘ਸਰਕਾਰ-ਏ-ਖਾਲਸਾ’ ਦੇ ਸੰਕਲਪ ਨੂੰ ਲੈ ਕੇ ਪੰਜਾਬ ਵਿੱਚ ਸਰਕਾਰ ਬਣਾਏਗੀ। ਉਹਨਾਂ ਕਿਹਾ ਕਿ ਅੱਜ ਪੰਜਾਬ ਦਾ ਹਰ ਵਰਗ ਦੁਖੀ ਹੈ ਅਤੇ ਲੋਕਾਂ ਲਈ ਇੱਕੋ-ਇੱਕ ਉਮੀਦ ਭਾਰਤੀ ਜਨਤਾ ਪਾਰਟੀ ਹੈ।
- Download Babushahi App
-
-