Political Special -ਨਾਂ ਨੌਂ ਮਣ ਤੇਲ ਹੋਵੇ ਨਾਂ ਰਾਧਾ ਨੱਚੇ ਬਣਦਾ ਦੀਂਹਦਾ ਅਕਾਲੀ ਭਾਜਪਾ ਗਠਜੋੜ ਦਾ ਮਾਮਲਾ
ਅਸ਼ੋਕ ਵਰਮਾ
ਬਠਿੰਡਾ, 14 ਜੂਨ 2026 : ਭਾਜਪਾ ਵੱਲੋਂ ਅਕਾਲੀ ਦਲ ਨਾਲ ਗਠਜੋੜ ਸਬੰਧੀ ‘ ਵੱਡੇ ਭਰਾ ’ ਦੀ ਸ਼ਰਤ ਲਾਉਣ ਕਾਰਨ ਇਹ ਸਿਆਸੀ ਮਿਲਾਪ ਖਟਾਈ ’ਚ ਪੈਂਦਾ ਦਿਖਾਈ ਦੇ ਰਿਹਾ ਹੈ। ਅਕਾਲੀਆਂ ਦੇ ਸਿਰ ’ਤੇ ਤਿੰਨ ਵਾਰ ਸੱਤਾ ਦਾ ਆਨੰਦ ਮਾਨਣ ਵਾਲੀ ਭਾਜਪਾ ਦੀ ਇਸ ਗੱਲ ਨੂੰ ਬੇਤੁਕੀ ਦੱਸਦਿਆਂ ਅਕਾਲੀ ਦਲ ਨੇ ਇਹ ਸ਼ਰਤ ਮੰਨਣ ਤੋਂ ਕੋਰੀ ਨਾਂਹ ਕਰ ਦਿੱਤੀ ਹੈ। ਸ਼ਨੀਵਾਰ ਨੂੰ ਕੇਂਦਰੀ ਮੰਤਰੀ ਹਰਦੀਪ ਪੁਰੀ ਨੇ ਲੁਧਿਆਣਾ ’ਚ ਇਹ ਗੱਲ ਕਹੀ ਸੀ। ਜਾਪਦਾ ਹੈ ਕਿ ਹੁਣ ਦੋਵੇਂ ਧਿਰਾਂ ਬਿਨਾਂ ਗਠਜੋੜ ਅਗਾਮੀ ਵਿਧਾਨ ਸਭਾ ਚੋਣਾਂ ਲੜਨ ਜਾ ਰਹੀਆਂ ਹਨ। ਦਰਅਸਲ ਪੰਜਾਬ ਵਿੱਚ ਪਿਛਲੇ ਸਮੇਂ ਦੌਰਾਨ ਹੋਈਆਂ ਕਈ ਚੋਣਾਂ ਵਿੱਚ ਹਾਰ ਦਾ ਸਾਹਮਣਾ ਕਰਦੀਆਂ ਆ ਰਹੀਆਂ ਵਿਰੋਧੀ ਧਿਰਾਂ ਨੇ 2027 ਲਈ ਚੋਣ ਰਣਨੀਤੀ ਘੜਨੀ ਸ਼ੁਰੂ ਕੀਤੀ ਹੋਈ ਹੈ ਤਾਂ ਜੋ ਸੱਤਾ ’ਤੇ ਕਾਬਜ਼ ਆਮ ਆਦਮੀ ਪਾਰਟੀ ਨੂੰ ਮਾਤ ਦਿੱਤੀ ਜਾ ਸਕੇ।
ਇਸ ਦੌਰਾਨ ਅਚਾਨਕ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਵਿਚਕਾਰ ਗਠਜੋੜ ਦੀਆਂ ਚਰਚਾਵਾਂ ਦਾ ਬਜ਼ਾਰ ਗਰਮ ਹੋ ਗਿਆ ਜਿਸ ਨੂੰ ਸਾਬਕਾ ਮੁੱਖ ਮੰਤਰੀ ਤੇ ਮੌਜੂਦਾ ਭਾਜਪਾ ਆਗੂ ਕੈਪਟਨ ਅਮਰਿੰਦਰ ਸਿੰਘ ਵੱਲੋਂ ਇਸ ਸਬੰਧੀ ਦਿੱਤੇ ਗਏ ਇੱਕ ਬਿਆਨ ਨੇ ਹਵਾ ਦੇ ਦਿੱਤੀ । ਅਸਲ ਵਿੱਚ ਅਕਾਲੀ ਭਾਜਪਾ ਗਠਜੋੜ 1996 ਦੌਰਾਨ ਹੋਂਦ ’ਚ ਆਇਆ ਸੀ ਜਿਸ ਦੇ ਸਹਾਰੇ ਦੋਵਾਂ ਧਿਰਾਂ ਨੇ ਤਿੰਨ ਵਾਰ ਸੱਤਾ ਹੰਢਾਈ ਸੀ। ਪੇਂਡੂ ਖੇਤਰਾਂ ’ਚ ਅਕਾਲੀ ਦਲ ਦੀ ਪੈਂਠ ਰਹੀ ਜਦੋਂਕਿ ਸ਼ਹਿਰਾਂ ’ਚ ਭਾਜਪਾ ਦਾ ਦਬਦਬਾ ਰਿਹਾ। ਇਹ ਗਠਜੋੜ 2020 ਦੇ ਕਿਸਾਨੀ ਅੰਦੋਲਨ ਸਮੇਂ ਟੁੱਟ ਗਿਆ ਸੀ। ਸਾਲ 2022 ਪਿੱਛੋਂ ਹੁਣ ਤੱਕ ਹੋਈਆਂ ਵੱਡੀਆਂ ਚੋਣਾਂ ਦੋਵਾਂ ਨੇ ਆਪੋ ਆਪਣੇ ਦਮ ’ਤੇ ਲੜੀਆਂ ਪਰ ਜ਼ਿਆਦਾ ਸਫ਼ਲਤਾ ਨਹੀਂ ਮਿਲੀ ਜਿਸ ਨੇ ਸਾਬਤ ਕਰ ਦਿੱਤਾ ਕਿ ਦੋਵੇਂ ਇੱਕ ਦੂਜੇ ਦੇ ਸਿਰ ’ਤੇ ਹੀ ਚੋਣਾਂ ਜਿੱਤਦੀਆਂ ਸਨ ਅਤੇ ਵੱਖੋ ਵੱਖ ਹੋਕੇ ਹੱਥ ਖਾਲੀ ਰਹੇ।
ਪਿਛੇ ਜਿਹੇ ਪੰਜਾਬ ’ਚ ਹੋਈਆਂ ਪੰਚਾਇਤੀ , ਨਗਰ ਨਿਗਮ ਤੇ ਨਗਰ ਕੌਂਸਲ ਚੋਣਾਂ ਦੌਰਾਨ ਕਈ ਥਾਈਂ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਦਰਸ਼ਨ ਚੰਗਾ ਰਿਹਾ ਪਰ ਭਾਜਪਾ ਦਾ ਕਮਲ ਬਹੁਤਾ ਖਿੜ ਨਹੀਂ ਸਕਿਆ। ਪੱਛਮੀ ਬੰਗਾਲ ਦੀ ਜਿੱਤ ਨੇ ਵੀ ਇਨ੍ਹਾਂ ਚੋਣਾਂ ’ਚ ਕੋਈ ਰੰਗ ਨਹੀਂ ਭਰਿਆ ਹੈ। ਅਬੋਹਰ ਨਗਰ ਨਿਗਮ ’ਤੇ ਭਾਜਪਾ ਸਫ਼ਲ ਰਹੀ ਅਤੇ ਪਠਾਨਕੋਟ ’ਚ ਵੱਡੀ ਪਾਰਟੀ ਵਜੋਂ ਉੱਭਰ ਸਕੀ ਹੈ । ਭਾਜਪਾ ਦੇ ਨਵੇਂ ਪ੍ਰਧਾਨ ਕੇਵਲ ਢਿੱਲੋਂ ਦੇ ਜੱਦੀ ਹਲਕੇ ਬਰਨਾਲਾ ਨਗਰ ਨਿਗਮ ’ਚ ਭਾਜਪਾ ਸਿਰਫ਼ ਸੱਤ ਸੀਟਾਂ ਹੀ ਜਿੱਤ ਸਕੀ ਹੈ। ਤਿੰਨ ਜ਼ਿਲਿ੍ਹਆਂ ਅੰਮ੍ਰਿਤਸਰ, ਤਰਨਤਾਰਨ ਅਤੇ ਫ਼ਰੀਦਕੋਟ ’ਚ ਭਾਜਪਾ ਦਾ ਖਾਤਾ ਵੀ ਨਹੀਂ ਖੁੱਲ੍ਹ ਸਕਿਆ ਹੈ। ਇਸੇ ਤਰਾਂ 102 ਸ਼ਹਿਰਾਂ ਤੇ ਕਸਬਿਆਂ ਚੋਂ ਭਾਜਪਾ ਸਿਰਫ਼ 40 ਸ਼ਹਿਰਾਂ ਤੇ ਕਸਬਿਆਂ ’ਚ ਆਪਣਾ ਖਾਤਾ ਖੋਲ੍ਹ ਸਕੀ ਹੈ ਜਦੋਂਕਿ 62 ਸ਼ਹਿਰਾਂ ਤੇ ਕਸਬਿਆਂ ’ਚ ਭਾਜਪਾ ਦੇ ਹੱਥ ਨਮੋਸ਼ੀ ਹੀ ਲੱਗੀ ਹੈ।
ਇਨ੍ਹਾਂ ਚੋਣਾਂ ’ਚ ਭਾਜਪਾ 172 ਸੀਟਾਂ ’ਤੇ ਜਿੱਤੀ ਹੈ ਜਦੋਂਕਿ ਉਮੀਦਵਾਰ 1316 ਸੀਟਾਂ ’ਤੇ ਉਤਾਰੇ ਸਨ । ਇਸ ਮੌਕੇ ਭਾਜਪਾ ਦੇ ਸਿਰਫ਼ 12.91 ਫ਼ੀਸਦੀ ਉਮੀਦਵਾਰ ਹੀ ਜਿੱਤ ਸਕੇ ਹਨ। ਇਨ੍ਹਾਂ ਚੋਣਾਂ ’ਚ ਭਾਜਪਾ ਪੰਜਵੇਂ ਨੰਬਰ ’ਤੇ ਆਈ ਹੈ ਅਤੇ ਆਜ਼ਾਦ ਉਮੀਦਵਾਰ ਵੀ ਅੱਗੇ ਨਿਕਲ ਗਏ ਹਨ। ਇਸ ਤੋਂ ਸਪਸ਼ਟ ਹੈ ਕਿ 2024 ’ਚ 13 ਸੀਟਾਂ ’ਤੇ 18.56 ਫ਼ੀਸਦੀ ਵੋਟਾਂ ਹਾਸਲ ਕਰਕੇ ਸੂਬੇ ਦੀ ਸਿਆਸਤ ਵਿੱਚ ਮਜ਼ਬੂਤੀ ਨਾਲ ਅੱਗੇ ਵਧਣ ਦਾ ਦਾਅਵਾ ਕਰਨ ਵਾਲੀ ਭਾਜਪਾ ਦੇ ਹਾਲੇ ਪੰਜਾਬ ’ਚ ਪੈਰ ਨਹੀਂ ਲੱਗੇ ਹਨ। ਸਾਲ 2022 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਭਾਜਪਾ ਗਠਜੋੜ ਨੂੰ ਸਿਰਫ਼ 6.6 ਫ਼ੀਸਦ ਵੋਟ ਪਈ ਸੀ, ਜੋ ਸਾਲ 2024 ਵਿੱਚ 18.56 ਫ਼ੀਸਦੀ ਹੋ ਗਈ ਸੀ। ਭਾਜਪਾਈਆਂ ਵੱਲੋਂ ਵੋਟ ਪ੍ਰਤੀਸ਼ਤ ਵਧਣ ਨੂੰ ਜ਼ੋਰ-ਸ਼ੋਰ ਨਾਲ ਪ੍ਰਚਾਰਿਆ ਜਾ ਰਿਹਾ ਸੀ, ਪਰ ਤਾਜਾ ਚੋਣਾਂ ਵਿੱਚ ਭਾਜਪਾ ਮੁੜ ਹਾਸ਼ੀਏ ’ਤੇ ਪਹੁੰਚ ਗਈ ਹੈ।
ਨਤੀਜੇ ਹਕੀਕਤ ਦਿਖਾਉਂਦੇ
ਸਿਆਸੀ ਮਾਹਿਰਾਂ ਦਾ ਕਹਿਣਾ ਹੈ ਕਿ ਬੇਸ਼ੱਕ ਅਕਾਲੀ ਦਲ ਸਿਆਸੀ ਸੰਕਟ ’ਚ ਉਲਝਿਆ ਹੈ ਪਰ ਭਾਜਪਾ ਦੇ ਕਥਿਤ ‘ਛੋਟੇ ਭਰਾ’ ਦੀ ਭੂਮਿਕਾ ਪ੍ਰਵਾਨ ਕਰਨੀ ਮੁਸ਼ਕਿਲ ਹੈ। ਉਨ੍ਹਾਂ ਕਿਹਾ ਕਿ ਸੱਤਾ ਦਾ ਵੱਡਾ ਕਾਰਜਕਾਲ ਹੋਣ ਅਤੇ ਮਰਹੂਮ ਪ੍ਰਕਾਸ਼ ਸਿੰਘ ਬਾਦਲ ਤੀ ਮਿਹਨਤ ਸਦਕਾ ਪੰਜਾਬ ’ਚ ਅਕਾਲੀ ਦਲ ਦਾ ਅਧਾਰ ਕਾਫੀ ਮਜਬੂਤ ਹੈ। ਉਨ੍ਹਾਂ ਕਿਹਾ ਕਿ ਤਾਜਾ ਚੋਣ ਨਤੀਜੇ ਭਾਜਪਾ ਨੂੰ ਜ਼ਮੀਨੀ ਹਕੀਕਤ ਦਿਖਾਉਣ ਵਾਲੇ ਹਨ ਕਿਉਂਕਿ ਸ਼ਹਿਰੀ ਵੋਟਰਾਂ ਵੱਲੋਂ ਵੀ ਭਾਜਪਾ ਤੋਂ ਮੂੰਹ ਮੋੜਿਆ ਜਾਪਦਾ ਹੈ ਅਤੇ ਪੇਂਡੂ ਤਾਂ ਪਹਿਲਾਂ ਹੀ ਦੂਰੀ ਬਣਾਕੇ ਚੱਲ ਰਹੇ ਹਨ। ਬੰਗਾਲ ਜਿੱਤਣ ਮਗਰੋਂ ਭਾਜਪਾ ਨੇ ਪੰਜਾਬ ਵੱਲ ਤੇਜ਼ੀ ਨਾਲ ਪੈਰ ਪਸਾਰਨ ਦੀ ਕੋਸ਼ਿਸ਼ ਕੀਤੀ ਅਤੇ ‘ਹੁਣ ਪੰਜਾਬ ਦੀ ਵਾਰੀ ਹੈ’ ਨਾਅਰਾ ਵੀ ਦਿੱਤਾ ਪਰ ਗੱਲ ਬਣ ਨਹੀਂ ਸਕੀ ਹੈ।
ਕਦੇ ਵੀ ਪ੍ਰਵਾਨ ਨਹੀਂ : ਮਲੂਕਾ
ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਸਿਕੰਦਰ ਸਿੰਘ ਮਲੂਕਾ ਦਾ ਕਹਿਣਾ ਸੀ ਕਿ ਲੋਕ ਚਾਹੁੰਦੇ ਹਨ ਕਿ ਗਠਜੋੜ ਹੋਵੇ ਪਰ ਅਕਾਲੀ ਦਲ ਛੋਟੇ ਭਰਾ ਦੀ ਭੂਮਿਕਾ ਕਦੇ ਵੀ ਪ੍ਰਵਾਨ ਨਹੀਂ ਕਰੇਗਾ। ਉਨ੍ਹਾਂ ਕਿਹਾ ਕਿ ਭਾਜਪਾ ਦੀ ਇਹ ਸੋਚ ਹੀ ਗਲ੍ਹਤ ਹੈ। ਉਨ੍ਹਾਂ ਕਿਹਾ ਕਿ ਭਾਜਪਾ ਸਰਕਾਰ ਬਨਾਉਣ ਦਾ ਦਾਅਵਾ ਕਿਸ ਤਰਾਂ ਕਰਦੀ ਹੈ ਕਿਉਂਕਿ ਜੋ ਹਾਲਾਤ ਹਨ ਉਨ੍ਹਾਂ ਅਨੁਸਾਰ ਬੀਜੇਪੀ ਪੰਜ ਤੋਂ ਵੱਧ ਸੀਟਾਂ ਨਹੀਂ ਜਿੱਤ ਸਕਦੀ ਹੈ। ਉਨ੍ਹਾਂ ਕਿਹਾ ਕਿ ਪੰਜਾਬੀਆਂ ਦਾ ਸੁਭਾਅ ਵੱਖਰਾ ਹੈ ਇਸ ਲਈ ਪਾਣੀਆਂ ਅਤੇ ਚੰਡੀਗੜ੍ਹ ਸਮੇਤ ਸੰਵੇਦਨਸ਼ੀਲ ਮੁੱਦੇ ਹੱਲ ਕੀਤੇ ਜਾਣ ਤਾਂ ਪੰਜਾਬ ਬੀਜੇਪੀ ਬਾਰੇ ਸੋਚ ਸਕਦਾ ਹੈ।
- Download Babushahi App
-
-