ਰਵਨੀਤ ਬਿੱਟੂ ਨੂੰ ਮੰਤਰੀ ਬਲਬੀਰ ਸਿੰਘ ਦਾ ਜਵਾਬ, ਕਿਹਾ- ਮੁਆਫ਼ੀ ਮੰਗੋ, ਨਹੀਂ ਤਾਂ....
-ਕੇਂਦਰੀ ਏਜੰਸੀਆਂ ਤੇ ਡੀਪ ਸਟੇਟ ਵੱਲੋਂ ਪੰਜਾਬ 'ਚ ਅਫ਼ਤਾ-ਤਫ਼ਰੀ ਦਾ ਮਾਹੌਲ ਬਣਾਉਣ ਦੀ ਸਾਜਿਸ਼-ਡਾ. ਬਲਬੀਰ ਸਿੰਘ
ਪਟਿਆਲਾ, 20 ਮਈ 2026: ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਨੇ ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੂੰ ਆੜੇ ਹੱਥੀਂ ਲੈਂਦਿਆਂ ਬਿੱਟੂ ਨੂੰ ਮੁਆਫ਼ੀ ਮੰਗਣ ਦੀ ਨਸੀਹਤ ਦਿੰਦਿਆਂ ਕਿਹਾ ਹੈ ਕਿ ਪੰਜਾਬ ਦੇ ਲੋਕ ਬਿੱਟੂ ਸਮੇਤ ਬੀ.ਜੇ.ਪੀ ਨੂੰ ਸਬਕ ਸਿਖਾਉਣਗੇ।
ਸਿਹਤ ਮੰਤਰੀ ਨੇ ਅੱਜ ਇੱਥੇ ਪ੍ਰੈਸ ਕਾਨਫਰੰਸ ਕਰਦਿਆਂ ਦੱਸਿਆ ਕਿ ਬਿੱਟੂ ਨੇ ਧੂਰੀ ਸਬ ਡਵੀਜਨ ਹਸਪਤਾਲ ਵਿਖੇ ਇਲਾਜ ਲਈ ਦਾਖਲ ਇੱਕ ਬੀ.ਜੇ.ਪੀ. ਆਗੂ ਦਾ ਹਾਲਚਾਲ ਜਾਣਨ ਸਮੇਂ ਬੀਤੇ ਦਿਨ ਇੱਕ ਪਾਸੇ ਹਸਪਤਾਲ ਦੇ ਇਲਾਜ ਪ੍ਰਬੰਧਾਂ ਦੀ ਤਾਰੀਫ਼ ਕੀਤੀ ਅਤੇ ਦੂਜੇ ਪਾਸੇ ਆਪਣੇ ਡਰਟੀ ਪਿਕਸ ਡਿਪਾਰਟਮੈਂਟ ਜਰੀਏ ਹਸਪਤਾਲ 'ਚ ਕੁੱਤਿਆਂ ਦੀ ਫੋਟੋ ਸੋਸ਼ਲ ਮੀਡੀਆ ਉਤੇ ਪਾਈ ਹੈ। ਉਨ੍ਹਾਂ ਕਿਹਾ ਕਿ ਇਸ ਹੋਛੀ ਕਾਰਵਾਈ ਨੇ ਭਾਜਪਾ ਆਗੂ ਦੀ ਸੌੜੀ ਸੋਚ ਅਤੇ ਦੋਹਰੇ ਕਿਰਦਾਰ ਨੂੰ ਨੰਗਾ ਕਰ ਦਿੱਤਾ ਹੈ।
ਡਾ. ਬਲਬੀਰ ਸਿੰਘ ਨੇ ਦੱਸਿਆ ਕਿ ਕੇਂਦਰੀ ਰਾਜ ਮੰਤਰੀ ਇੱਕ ਪਾਸੇ ਐਨਜੀਓ ਸਰਵ ਭਾਰਤੀ ਸੇਵਾ ਸੰਮਤੀ ਵੱਲੋਂ ਧੂਰੀ ਹਸਪਤਾਲ ਨਾਲ ਮਿਲਕੇ ਚਲਾਏ ਜਾ ਰਹੇ ਮਰੀਜਾਂ ਲਈ ਲੰਗਰ ਪ੍ਰਬੰਧਾਂ ਦੀ ਤਾਰੀਫ਼ ਕਰਦੇ ਹੋਏ ਦੱਸ ਰਹੇ ਹਨ, ਕਿ ਇੱਥੇ 600 ਮਰੀਜਾਂ ਦੀ ਓਪੀਡੀ ਹੈ ਅਤੇ ਦੂਜੇ ਪਾਸੇ ਹਸਪਤਾਲ 'ਚ ਕੁੱਤੇ ਦਿਖਾ ਕੇ ਕਹਿ ਰਹੇ ਹਨ ਕਿ ਇਥੇ ਮਰੀਜ ਤਾਂ ਆਉਂਦੇ ਹੀ ਨਹੀਂ ਹਨ। ਉਨ੍ਹਾਂ ਕਿਹਾ ਇਸ ਤੋਂ ਪਤਾ ਚੱਲਦਾ ਹੈ ਕਿ ਰਵਨੀਤ ਬਿੱਟੂ ਕਹਿੰਦੇ ਕੁਝ ਅਤੇ ਕਰਦੇ ਕੁਝ ਹਨ, ਜਿਸ ਲਈ ਪੰਜਾਬੀ ਅਜਿਹੇ ਦੋਹਰੇ ਕਿਰਦਾਰ ਵਾਲੇ ਆਗੂਆਂ ਨੂੰ ਜਰੂਰ ਜਵਾਬ ਦੇਣਗੇ।
ਡਾ. ਬਲਬੀਰ ਸਿੰਘ ਨੇ ਧੂਰੀ ਸਬ ਡਵੀਜਨ ਹਸਪਤਾਲ ਨੂੰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਐਨਾ ਸ਼ਾਨਦਾਰ ਬਣਵਾ ਦਿੱਤਾ ਹੈ ਕਿ ਉਥੇ ਆਮ ਲੋਕਾਂ ਸਮੇਤ ਭਾਜਪਾ ਦੇ ਆਗੂ ਵੀ ਆਪਣਾ ਇਲਾਜ ਕਰਵਾਉਣ ਲਈ ਆਉਂਦੇ ਹਨ। ਜਦੋਂ ਕਿ ਭਾਜਪਾ ਦੀ ਸਰਕਾਰ ਵਾਲੇ ਗੁਜਰਾਤ ਤੇ ਰਾਜਸਥਾਨ ਆਦਿ ਰਾਜਾਂ ਵਿੱਚ ਵੀ ਐਨਾ ਸ਼ਾਨਦਾਰ ਸਬ ਡਵੀਜਨ ਹਸਪਤਾਲ ਨਹੀਂ ਹੈ, ਕਿਉਂਕਿ ਉਹ ਖ਼ੁਦ ਭੁੱਜ ਦਾ ਸਰਕਾਰੀ ਹਸਪਤਾਲ ਦੇਖ ਕੇ ਆਏ ਸਨ, ਜਿੱਥੇ ਮਰੀਜਾਂ ਨੂੰ ਬੁਖਾਰ ਦੀ ਗੋਲੀ ਵੀ ਨਹੀਂ ਮਿਲਦੀ ਅਤੇ ਹੋਰ ਇਲਾਜ ਤਾਂ ਦੂਰ ਦੀ ਗੱਲ ਹੈ।
ਸਿਹਤ ਮੰਤਰੀ ਨੇ ਭਾਜਪਾ ਆਗੂ ਨੂੰ ਚੁਣੌਤੀ ਦਿੱਤੀ ਕਿ ਉਹ ਆਪਣੀ ਪਾਰਟੀ ਦੇ ਸਰਕਾਰ ਵਾਲੇ ਰਾਜਾਂ ਵਿੱਚ ਪੰਜਾਬ ਦੇ ਮੁਕਾਬਲੇ ਦੇ 10 ਹਸਪਤਾਲ ਹੀ ਦਿਖਾ ਦੇਣ। ਉਨ੍ਹਾਂ ਦੋਸ਼ ਲਾਇਆ ਕਿ ਕੇਂਦਰ ਸਰਕਾਰ ਨੇ ਪੰਜਾਬ ਵਿੱਚ ਈ.ਡੀ., ਸੀ.ਬੀ.ਆਈ. ਤੇ ਆਈ ਟੀ ਵਿੰਗ ਰਾਹੀਂ ਅਫ਼ਤਾ ਤਫ਼ਰੀ ਦਾ ਮਾਹੌਲ ਬਣਾਉਣ ਲਈ ਸਾਜਿਸ਼ ਰਚੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਇੱਕ ਪਾਸੇ ਰਾਜਸਥਾਨ ਤੇ ਗੁਜਰਾਤ ਵਿੱਚ ਸਰਹੱਦਾਂ 'ਤੇ ਕੇਂਦਰ ਦੀਆਂ ਏਜੰਸੀਆਂ ਕੰਮ ਕਰ ਰਹੀਆਂ ਹਨ ਪਰੰਤੂ ਪੰਜਾਬ ਦੀਆਂ ਸਰਹੱਦਾਂ ਦੀ ਰਾਖੀ ਕਰਨ 'ਚ ਉਹ ਫੇਲ ਸਾਬਤ ਹੋ ਰਹੀਆਂ ਹਨ ਅਤੇ ਪੰਜਾਬ ਦੀ ਨੌਜਵਾਨੀ ਨੂੰ ਬਰਬਾਦ ਕਰਨ ਲਈ ਸਰਹੱਦ ਪਾਰੋਂ ਚਿੱਟਾ ਤੇ ਹਥਿਆਰ ਭਿਜਵਾਏ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਇਸ ਵੇਲੇ ਪੰਜਾਬ ਦਾ ਮਾਹੌਲ ਖਰਾਬ ਕਰਨ ਲਈ ਡੀਪ ਸਟੇਟ ਪੂਰੀ ਤਰ੍ਹਾਂ ਸਰਗਰਮ ਹੋ ਗਈ ਹੈ, ਪਰੰਤੂ ਪੰਜਾਬ ਦੇ ਲੋਕ ਭਾਜਪਾ ਦੀਆਂ ਕਾਰਵਾਈਆਂ ਦਾ ਮੂੰਹ ਤੋੜ ਜਵਾਬ ਦੇਣਗੇ।
ਡਾ. ਬਲਬੀਰ ਸਿੰਘ ਨੇ ਕੇਂਦਰ ਸਰਕਾਰ ਨੇ ਪੰਜਾਬ ਦਾ ਦਿਹਾਤੀ ਵਿਕਾਸ ਫੰਡ ਰੋਕ ਦਿੱਤਾ, ਗਰੀਬਾਂ ਦੀ ਰੋਟੀ ਖੋਹਕੇ ਮਗਨਰੇਗਾ ਬੰਦ ਕਰ ਦਿੱਤੀ ਤੇ ਪਿੰਡਾਂ ਵਿੱਚ ਗ੍ਰਾਮ ਸਭਾ ਦਾ ਹੱਕ ਖੋਹ ਲਿਆ ਹੈ। ਨੀਟ ਟੈਸਟ ਦਾ ਬੁਰਾ ਹਾਲ ਕਰ ਦਿੱਤਾ ਤੇ ਨੀਟ ਪੇਪਰ ਲੀਕੇਜ ਦਾ ਕਿੰਗਪਿੰਨ ਇਨ੍ਹਾਂ ਦਾ ਆਪਣਾ ਹੈ ਤੇ ਭਾਜਪਾ ਮਾਫ਼ੀਆ ਦੀ ਸਰਪ੍ਰਸਤੀ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਭਾਜਪਾ ਕਿਸਾਨ ਤੇ ਪੰਜਾਬ ਮਾਰੂ ਕਾਨੂੰਨ ਦੁਬਾਰਾ ਲਾਗੂ ਕਰਨਾ ਚਾਹੁੰਦੀ ਹੈ, ਭਾਖੜਾ ਤੇ ਪਾਣੀ ਪੰਜਾਬ ਤੋਂ ਖੋਹਿਆ ਜਾ ਰਿਹਾ ਹੈ ਅਤੇ ਜੇਕਰ ਇਨ੍ਹਾਂ ਦਾ ਵੱਸ ਚੱਲੇ ਤਾਂ ਇਹ ਜਨ ਗਣ ਮਨ ਰਾਸ਼ਟਰੀ ਗਾਨ 'ਚੋ ਵੀ ਪੰਜਾਬ ਕੱਢ ਦੇਣ। ਇਸ ਮੌਕੇ ਆਪ ਦੇ ਜ਼ਿਲ੍ਹਾ ਦਿਹਾਤੀ ਪ੍ਰਧਾਨ ਹਰਪਾਲ ਸਿੰਘ ਵਿਰਕ, ਜਸਬੀਰ ਸਿੰਘ ਗਾਂਧੀ, ਸੁਰੇਸ਼ ਰਾਏ ਤੇ ਹੋਰ ਆਗੂ ਵੀ ਮੌਜੂਦ ਸਨ।
- Download Babushahi App
-
-