ਪੰਜਾਬੀ ਯੂਨੀਵਰਸਿਟੀ ਦੇ ਖੇਡ ਵਿੰਗਾਂ ਵਿੱਚ ਦਾਖ਼ਲੇ ਲਈ 31 ਮਈ ਨੂੰ ਹੋਣਗੇ ਟਰਾਇਲ
ਖੇਡ ਖੇਤਰ ਦੀਆਂ ਨਵੀਆਂ ਪ੍ਰਤਿਭਾਵਾਂ ਨੂੰ ਲੱਭਣ ਲਈ ਸੁਨਹਿਰੀ ਮੌਕਾ ਹੁੰਦੇ ਹਨ ਟਰਾਇਲ: ਡਾ. ਜਗਦੀਪ ਸਿੰਘ
ਪਟਿਆਲਾ, 12 ਮਈ 2026- ਪੰਜਾਬੀ ਯੂਨੀਵਰਸਿਟੀ ਵਿਖੇ ਸੈਸ਼ਨ 2026-27 ਦੌਰਾਨ ਦਾਖ਼ਲਾ ਲੈਣ ਦੇ ਚਾਹਵਾਨ ਖਿਡਾਰੀਆਂ (ਪੁਰਸ਼ ਅਤੇ ਮਹਿਲਾ) ਲਈ ਖੇਡ ਵਿੰਗ ਦੇ ਟਰਾਇਲ 31 ਮਈ 2026 ਨੂੰ ਕਰਵਾਏ ਜਾ ਰਹੇ ਹਨ। ਯੂਨੀਵਰਸਿਟੀ ਦੇ ਖੇਡ ਵਿਭਾਗ ਵੱਲੋਂ ਉਪ-ਕੁਲਪਤੀ ਡਾ. ਜਗਦੀਪ ਸਿੰਘ ਦੇ ਆਦੇਸ਼ਾਂ ਅਨੁਸਾਰ ਕਰਵਾਏ ਜਾ ਰਹੇ ਇਹ ਟਰਾਇਲ ਸਪੋਰਟਸ ਕੰਪਲੈਕਸ, ਪੰਜਾਬੀ ਯੂਨੀਵਰਸਿਟੀ ਪਟਿਆਲਾ ਅਤੇ ਹੋਰ ਨਿਸ਼ਚਿਤ ਸਥਾਨਾਂ ਵਿਖੇ ਸਵੇਰੇ 7 ਵਜੇ ਸ਼ੁਰੂ ਹੋਣਗੇ। ਯੂਨੀਵਰਸਿਟੀ ਕੈਂਪਸ, ਨੇਬਰਹੁੱਡ ਕੈਂਪਸ, ਕੰਸਟੀਚਿਊਂਟ ਕਾਲਜਾਂ ਅਤੇ ਯੂਨੀਵਰਸਿਟੀ ਅਧੀਨ ਆਉਂਦੇ ਹੋਰ ਕਾਲਜਾਂ ਵਿੱਚ ਕਿਸੇ ਵੀ ਕੋਰਸ ਵਿੱਚ ਦਾਖ਼ਲਾ ਲੈਣ ਦੇ ਇੱਛੁਕ ਵਿਦਿਆਰਥੀ ਇਨ੍ਹਾਂ ਟਰਾਇਲਾਂ ਵਿੱਚ ਹਿੱਸਾ ਲੈ ਸਕਦੇ ਹਨ।
ਉਪ-ਕੁਲਪਤੀ ਡਾ. ਜਗਦੀਪ ਸਿੰਘ ਨੇ ਇਸ ਸਬੰਧੀ ਹੋਣਹਾਰ ਖਿਡਾਰੀਆਂ ਨੂੰ ਅਪੀਲ ਕੀਤੀ ਕਿ ਉਹ ਇਨ੍ਹਾਂ ਟਰਾਇਲਾਂ ਵਿੱਚ ਵਧ-ਚੜ੍ਹ ਕੇ ਹਿੱਸਾ ਲੈਣ ਤਾਂ ਜੋ ਉਹ ਉੱਚ ਵਿਦਿਆ ਦੇ ਨਾਲ-ਨਾਲ ਖੇਡਾਂ ਦੇ ਖੇਤਰ ਵਿੱਚ ਆਪਣਾ ਨਾਮ ਰੌਸ਼ਨ ਕਰਨ ਲਈ ਪੰਜਾਬੀ ਯੂਨੀਵਰਸਿਟੀ ਨਾਲ਼ ਜੁੜ ਸਕਣ। ਉਨ੍ਹਾਂ ਵਿਸ਼ੇਸ਼ ਤੌਰ 'ਤੇ ਜ਼ਿਕਰ ਕੀਤਾ ਕਿ ਅਕਾਦਮਿਕ ਅਤੇ ਖੇਡਾਂ ਦੇ ਖੇਤਰ ਵਿੱਚ ਪੰਜਾਬੀ ਯੂਨੀਵਰਸਿਟੀ ਦੀ ਹਮੇਸ਼ਾ ਹੀ ਵਿਲੱਖਣ ਪਛਾਣ ਰਹੀ ਹੈ ਅਤੇ ਯੂਨੀਵਰਸਿਟੀ ਪ੍ਰਸ਼ਾਸਨ ਖਿਡਾਰੀਆਂ ਨੂੰ ਹਰ ਸੰਭਵ ਸਹੂਲਤਾਂ, ਅਤਿ-ਆਧੁਨਿਕ ਬੁਨਿਆਦੀ ਢਾਂਚਾ ਅਤੇ ਬਿਹਤਰ ਕੋਚਿੰਗ ਪ੍ਰਦਾਨ ਕਰਨ ਲਈ ਪੂਰੀ ਤਰ੍ਹਾਂ ਵਚਨਬੱਧ ਹੈ। ਟਰਾਇਲਾਂ ਦੀ ਮਹੱਤਤਾ ਦੇ ਹਵਾਲੇ ਨਾਲ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਖੇਡ ਖੇਤਰ ਦੀਆਂ ਨਵੀਆਂ ਪ੍ਰਤਿਭਾਵਾਂ ਨੂੰ ਲੱਭਣ ਅਤੇ ਉਨ੍ਹਾਂ ਨੂੰ ਤਰਾਸ਼ਣ ਲਈ ਇਹ ਇੱਕ ਸੁਨਹਿਰੀ ਮੌਕਾ ਹੁੰਦਾ ਹੈ, ਜਿਸ ਦਾ ਦੋਹੇਂ ਧਿਰਾਂ ਭਾਵ ਹੋਣਹਾਰ ਖਿਡਾਰੀਆਂ ਅਤੇ ਅਦਾਰੇ ਨੂੰ ਭਵਿੱਖ ਵਿੱਚ ਵੱਡਾ ਲਾਭ ਹੁੰਦਾ ਹੈ।
ਯੂਨੀਵਰਸਿਟੀ ਦੇ ਡਾਇਰੈਕਟਰ ਸਪੋਰਟਸ ਡਾ. ਗੁਰਦੀਪ ਕੌਰ ਰੰਧਾਵਾ ਨੇ ਦੱਸਿਆ ਕਿ ਟਰਾਇਲਾਂ ਸਬੰਧੀ ਵਧੇਰੇ ਜਾਣਕਾਰੀ ਅਤੇ ਸਪੋਰਟਸ ਵਿੰਗ ਦਾ ਦਾਖ਼ਲਾ ਫਾਰਮ ਪ੍ਰਾਪਤ ਕਰਨ ਲਈ ਚਾਹਵਾਨ ਉਮੀਦਵਾਰ ਯੂਨੀਵਰਸਿਟੀ ਦੀ ਅਧਿਕਾਰਤ ਵੈੱਬਸਾਈਟ www.punjabiuniversity.ac.in 'ਤੇ ਜਾ ਕੇ ਡਾਇਰੈਕਟੋਰੇਟ ਆਫ਼ ਸਪੋਰਟਸ ਇਮਪੋਰਟੈਂਟ ਨੋਟਿਸਜ਼' ਵਾਲ਼ਾ ਸੈਕਸ਼ਨ ਚੈੱਕ ਕਰ ਸਕਦੇ ਹਨ।
- Download Babushahi App
-
-