ਰੇਲ ਗੱਡੀ ਉਡਾਉਣ ਦੀ ਵਿਦੇਸ਼ ਤੋਂ ਰਚੀ ਗਈ ਸੀ ਸਾਜਿਸ਼, ਪੁਲਿਸ ਨੇ ਕੀਤਾ ਵੱਡਾ ਖੁਲਾਸਾ; ਅਸਲੇ ਅਤੇ ਬੰਬ ਸਮੇਤ 4 ਗ੍ਰਿਫ਼ਤਾਰ (ਵੇਖੋ ਵੀਡੀਓ)
ਪਟਿਆਲਾ ਪੁਲਿਸ ਵੱਲੋਂ ISI ਅਧਾਰਤ ਵੱਡੇ ਅੱਤਵਾਦੀ ਮੋਡਿਊਲ ਦਾ ਪਰਦਾਫਾਸ਼; ਮਲੇਸ਼ੀਆ ਤੋਂ ਚੱਲ ਰਹੀ ਸੀ ਸਾਜ਼ਿਸ਼
Babushahi Network
ਪਟਿਆਲਾ, 28 ਅਪ੍ਰੈਲ 2026: ਸ਼ੰਭੂ ਰੇਲਵੇ ਟ੍ਰੈਕ 'ਤੇ ਹੋਏ ਧਮਾਕੇ ਦੀ ਗੁੱਥੀ ਸੁਲਝਾਉਂਦੇ ਹੋਏ ਪਟਿਆਲਾ ਪੁਲਿਸ ਨੇ ਇੱਕ ਵੱਡੀ ਸਫ਼ਲਤਾ ਹਾਸਲ ਕੀਤੀ ਹੈ। ਡੀ.ਆਈ.ਜੀ. ਪਟਿਆਲਾ ਰੇਂਜ ਕੁਲਦੀਪ ਸਿੰਘ ਚਾਹਲ ਨੇ ਪ੍ਰੈੱਸ ਕਾਨਫਰੰਸ ਦੌਰਾਨ ਖੁਲਾਸਾ ਕੀਤਾ ਕਿ ਇਹ ਧਮਾਕਾ ਕੋਈ ਹਾਦਸਾ ਨਹੀਂ, ਸਗੋਂ ਪਾਕਿਸਤਾਨ ਦੀ ਖੁਫੀਆ ਏਜੰਸੀ ISI ਅਤੇ ਮਲੇਸ਼ੀਆ ਵਿੱਚ ਬੈਠੇ ਪ੍ਰੋ-ਖਾਲਿਸਤਾਨੀ ਅਨਸਰਾਂ ਵੱਲੋਂ ਰਚੀ ਗਈ ਇੱਕ ਡੂੰਘੀ ਸਾਜ਼ਿਸ਼ ਸੀ।
ਪੁਲਿਸ ਨੇ ਇਸ ਮਾਮਲੇ ਵਿੱਚ ਚਾਰ ਦੋਸ਼ੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ, ਜਿਨ੍ਹਾਂ ਦੀ ਪਛਾਣ ਦੀਪ ਸਿੰਘ ਖਾਲਸਾ (ਮੋਡਿਊਲ ਦਾ ਸਰਗਨਾ), ਕੁਲਵਿੰਦਰ ਸਿੰਘ, ਸਤਨਾਮ ਸਿੰਘ (ਮ੍ਰਿਤਕ ਜਗਰੂਪ ਸਿੰਘ ਦਾ ਭਰਾ) ਗੁਰਪ੍ਰੀਤ ਸਿੰਘ ਅਤੇ ਗੁਰਪ੍ਰੀਤ ਸਿੰਘ ਵਜੋਂ ਹੋਈ ਹੈ। ਪ੍ਰਦੀਪ ਸਿੰਘ ਖਾਲਸਾ (ਮੋਡਿਊਲ ਦਾ ਸਰਗਨਾ) ਸੀ, ਇਸ 'ਤੇ ਪਹਿਲਾਂ ਵੀ ਮਾਨਸਾ ਵਿੱਚ ਕੇਸ ਦਰਜ ਹਨ।
ਭਾਰੀ ਮਾਤਰਾ ਵਿੱਚ ਅਸਲ੍ਹਾ ਤੇ ਵਿਸਫੋਟਕ ਬਰਾਮਦ
ਡੀ.ਆਈ.ਜੀ. ਪਟਿਆਲਾ ਰੇਂਜ ਕੁਲਦੀਪ ਸਿੰਘ ਚਾਹਲ ਨੇ ਦਾਅਵਾ ਕੀਤਾ ਕਿ ਗ੍ਰਿਫ਼ਤਾਰ ਕੀਤੇ ਗਏ ਦੋਸ਼ੀਆਂ ਕੋਲੋਂ ਪੁਲਿਸ ਨੇ ਦੇਸ਼ ਵਿਰੋਧੀ ਗਤੀਵਿਧੀਆਂ ਲਈ ਵਰਤਿਆ ਜਾਣ ਵਾਲਾ ਇੱਕ ਪਿਸਤੌਲ (31 ਬੋਰ), ਆਈ.ਈ.ਡੀ. (IED), ਡੈਟੋਨੇਟਰ ਅਤੇ ਹੋਰ ਤਕਨੀਕੀ ਸਮਾਨ ਸੰਚਾਰ ਲਈ ਵਰਤੇ ਜਾਣ ਵਾਲੇ ਵਾਕੀ-ਟਾਕੀ ਸੈੱਟ ਬਰਾਮਦ ਕੀਤਾ ਹੈ। ਡੀ.ਆਈ.ਜੀ. ਚਾਹਲ ਨੇ ਸਪੱਸ਼ਟ ਕੀਤਾ ਕਿ ਟ੍ਰੈਕ 'ਤੇ ਜਿਸ ਵਿਅਕਤੀ ਦੀ ਲਾਸ਼ ਮਿਲੀ ਸੀ, ਉਹ ਜਗਰੂਪ ਸਿੰਘ ਹੀ ਸੀ।
ਜਾਂਚ ਵਿੱਚ ਸਾਹਮਣੇ ਆਇਆ ਹੈ ਕਿ, ਜਗਰੂਪ ਸਿੰਘ ਇਸੇ ਮੋਡਿਊਲ ਦਾ ਹਿੱਸਾ ਸੀ ਅਤੇ 2019 ਵਿੱਚ ਮਲੇਸ਼ੀਆ ਵੀ ਜਾ ਕੇ ਆਇਆ ਸੀ। ਉਹ ਰੇਲਵੇ ਟ੍ਰੈਕ 'ਤੇ ਆਈ.ਈ.ਡੀ. (IED) ਪਲਾਂਟ ਕਰ ਰਿਹਾ ਸੀ, ਪਰ ਹੈਂਡਲਿੰਗ ਦੌਰਾਨ ਹੋਈ ਗਲਤੀ ਕਾਰਨ ਬਲਾਸਟ ਹੋ ਗਿਆ ਅਤੇ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ। ਪੁਲਿਸ ਨੇ ਤਕਨੀਕੀ ਜਾਂਚ ਰਾਹੀਂ ਉਸ ਦੀ ਪਛਾਣ ਦੀ ਪੁਸ਼ਟੀ ਕੀਤੀ ਹੈ।
ਮਲੇਸ਼ੀਆ ਤੋਂ ISI ਦੇ ਇਸ਼ਾਰੇ 'ਤੇ ਚੱਲ ਰਿਹਾ ਸੀ ਨੈੱਟਵਰਕ- ਪੁਲਿਸ ਨੇ ਕੀਤਾ ਵੱਡਾ ਖੁਲਾਸਾ
ਪੁਲਿਸ ਅਨੁਸਾਰ, ਇਸ ਮੋਡਿਊਲ ਨੂੰ ਮਲੇਸ਼ੀਆ ਵਿੱਚ ਬੈਠੇ ਆਕਾ ਰਨ ਕਰ ਰਹੇ ਸਨ। ਇਨ੍ਹਾਂ ਦਾ ਮੁੱਖ ਮਕਸਦ ਪੰਜਾਬ ਵਿੱਚ ਵੱਖ-ਵੱਖ ਥਾਵਾਂ 'ਤੇ ਧਮਾਕੇ ਕਰਕੇ ਦਹਿਸ਼ਤ ਦਾ ਮਾਹੌਲ ਪੈਦਾ ਕਰਨਾ ਅਤੇ ਦੇਸ਼ ਦੀ ਪ੍ਰਗਤੀ ਵਿੱਚ ਰੁਕਾਵਟ ਪਾਉਣਾ ਸੀ। ਜਗਰੂਪ ਸਿੰਘ ਦੇ ਨਾਲ ਇੱਕ ਹੋਰ ਵਿਅਕਤੀ ਦੇ ਹੋਣ ਦਾ ਸ਼ੱਕ ਹੈ, ਜਿਸ ਦੀ ਭਾਲ ਜਾਰੀ ਹੈ।
ਨੌਜਵਾਨਾਂ ਨੂੰ ਅਪੀਲ, "ਬਾਹਰ ਬੈਠੇ ਲੋਕਾਂ ਦੇ ਲਾਲਚ 'ਚ ਨਾ ਆਓ"- ਡੀ.ਆਈ.ਜੀ. ਕੁਲਦੀਪ ਸਿੰਘ ਚਾਹਲ
ਡੀ.ਆਈ.ਜੀ. ਕੁਲਦੀਪ ਸਿੰਘ ਚਾਹਲ ਨੇ ਪੰਜਾਬ ਦੇ ਨੌਜਵਾਨਾਂ ਨੂੰ ਅਪੀਲ ਕਰਦਿਆਂ ਕਿਹਾ, "ਜਿਹੜੇ ਬੰਦੇ ਬਾਹਰ ਬੈਠੇ ਹਨ, ਉਹ ਆਪਣੇ ਬੱਚਿਆਂ ਨੂੰ ਉੱਥੇ ਵਧੀਆ ਪੜ੍ਹਾਉਂਦੇ ਹਨ, ਪਰ ਇੱਥੇ ਸਾਡੇ ਨੌਜਵਾਨਾਂ ਨੂੰ ਲਾਲਚ ਦੇ ਕੇ ਬਰਗਲਾ ਰਹੇ ਹਨ। ਜਗਰੂਪ ਸਿੰਘ ਦੇ ਦੋ ਬੱਚੇ ਹਨ, ਇਨ੍ਹਾਂ ਲੋਕਾਂ ਨੇ ਬੈਠੇ-ਬੈਠੇ ਇੱਕ ਪੂਰਾ ਪਰਿਵਾਰ ਖ਼ਤਮ ਕਰ ਦਿੱਤਾ। ਮੈਂ ਯੂਥ ਨੂੰ ਕਹਾਂਗਾ ਕਿ ਉਹ ਆਪਣੇ ਭਵਿੱਖ ਨੂੰ ਸੁਰੱਖਿਅਤ ਕਰਨ ਅਤੇ ਅਜਿਹੇ ਅਨਸਰਾਂ ਦੇ ਸੰਪਰਕ ਵਿੱਚ ਨਾ ਆਉਣ।"
ਗ੍ਰਿਫ਼ਤਾਰ ਕੀਤੇ ਗਏ ਚਾਰੇ ਦੋਸ਼ੀਆਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਜਾਵੇਗਾ। ਪੁਲਿਸ ਨੂੰ ਉਮੀਦ ਹੈ ਕਿ ਰਿਮਾਂਡ ਦੌਰਾਨ ਕਈ ਹੋਰ ਵੱਡੇ ਖੁਲਾਸੇ ਹੋ ਸਕਦੇ ਹਨ ਅਤੇ ਇਸ ਨੈੱਟਵਰਕ ਦੇ ਹੋਰ ਸਾਥੀ ਵੀ ਕਾਬੂ ਕੀਤੇ ਜਾ ਸਕਦੇ ਹਨ।
Click to Follow Babushahi Facebook Page →