ਬਿਜਲੀ ਦੇ ਅਣ ਐਲਾਨੇ ਕੱਟਾਂ ਤੋਂ ਦੁਖੀ ਪਿੰਡ ਵਾਸੀਆਂ ਨੇ ਕੀਤਾ ਬਿਜਲੀ ਗਰਿੱਡ ਦਾ ਕੀਤਾ ਘਿਰਾਓ
ਅਸ਼ੋਕ ਵਰਮਾ
ਬਠਿੰਡਾ, 19 ਅਪ੍ਰੈਲ 2026: ਪੰਜਾਬ ਸਰਕਾਰ ਵੱਲੋਂ ਬਿਜਲੀ ਸਰਪਲੱਸ ਕਰਨ ਦੇ ਵੱਡੇ-ਵੱਡੇ ਦਾਅਵੇ ਕੀਤੇ ਜਾ ਰਹੇ ਹਨ ਪਰੰਤੂ ਇਹਨਾਂ ਦਾਅਵਿਆਂ ਦੀ ਫੂਕ ਪਿੰਡਾਂ ਵਿੱਚ ਬਿਜਲੀ ਦੇ ਲੱਗ ਰਹੇ ਅਣ ਐਲਾਨੇ ਲੰਮੇ-ਲੰਮੇ ਕੱਟ ਕੱਢ ਰਹੇ ਹਨ। ਪਾਵਰਕਾਮ ਵਿਭਾਗ ਵੱਲੋਂ ਪਿੰਡਾਂ ਵਿੱਚ ਦਿਨ ਵੇਲੇ ਤਾਂ ਬਿਜਲੀ ਇਸ ਲਈ ਨਹੀਂ ਦਿੱਤੀ ਜਾਂਦੀ ਕਿ ਕਿਤੇ ਸਪਾਰਕ ਕਰਨ ਖੇਤਾਂ 'ਚ ਪੱਕੀ ਖੜੀ ਕਣਕ ਦਾ ਨੁਕਸਾਨ ਨਾ ਹੋ ਜਾਵੇ ਪਰੰਤੂ ਰਾਤ ਨੂੰ ਵੀ ਕਈ-ਕਈ ਘੰਟੇ ਬਿਜਲੀ ਨਹੀਂ ਆਉਂਦੀ ਜਿਸ ਕਾਰਨ ਪਿੰਡਾਂ ਦੇ ਲੋਕਾਂ ਵਿੱਚ ਸਰਕਾਰ ਅਤੇ ਵਿਭਾਗ ਦੇ ਅਧਿਕਾਰੀਆਂ ਵਿਰੁੱਧ ਭਾਰੀ ਰੋਸ ਪਾਇਆ ਜਾ ਰਿਹਾ ਹੈ। ਪਿੰਡ ਵਾਸੀਆਂ ਵੱਲੋਂ ਬਿਜਲੀ ਦੇ ਅਣ ਐਲਾਨੇ ਕੱਟਾਂ ਤੋਂ ਦੁਖੀ ਹੋ ਕੇ ਸੂਬਾ ਸਰਕਾਰ ਅਤੇ ਪਾਵਰਕਾਮ ਵਿਭਾਗ ਦੇ ਅਧਿਕਾਰੀਆਂ ਵਿਰੁੱਧ ਜ਼ੋਰਦਾਰ ਨਾਅਰੇਬਾਜੀ ਕੀਤੀ ਗਈ।
ਪਿੰਡ ਮਛਾਣਾ ਅਤੇ ਗੁਰਥੜੀ ਦੇ ਲੋਕਾਂ ਵੱਲੋਂ ਰਾਤੀ ਬਿਜਲੀ ਨਾ ਆਉਣ ਤੇ ਪੱਕਾ ਕਲਾਂ ਗਰਿੱਡ ਦਾ ਘਿਰਾਓ ਕਰਕੇ ਸਰਕਾਰ ਵਿਰੁੱਧ ਜੰਮ ਕੇ ਆਪਣੀ ਭੜਾਸ ਕੱਢੀ ਗਈ।
ਪਿੰਡ ਵਾਸੀਆਂ ਨੇ ਚੇਤਾਵਨੀ ਭਰੇ ਲਹਿਜੇ 'ਚ ਕਿਹਾ ਕਿ ਜੇਕਰ ਰਾਤ ਸਮੇਂ ਬਿਜਲੀ ਦੇ ਅਣ ਐਲਾਨੇ ਬਿਜਲੀ ਦੇ ਕੱਟ ਬੰਦ ਨਾ ਕੀਤੇ ਗਏ ਤਾਂ ਉਹਨਾਂ ਵੱਲੋਂ ਵੱਡੇ ਪੱਧਰ ਤੇ ਸੰਘਰਸ਼ ਵਿੱਡਿਆ ਜਾਵੇਗਾ।ਇਸ ਮੌਕੇ ਪਿੰਡ ਮਛਾਣਾ ਦੇ ਪੰਚ ਲੱਖਾ ਸਿੰਘ ਤੇ ਸੰਗਤ ਸਹਾਰਾ ਕਲੱਬ ਦੇ ਪ੍ਰਧਾਨ ਜਗਸੀਰ ਸਿੰਘ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਕਈ ਦਿਨ ਤੋਂ ਲਗਾਤਰ ਸਵੇਰੇ 10 ਤੋਂ ਸ਼ਾਮ 5 ਵਜੇ ਤੱਕ ਬਿਜਲੀ ਦੇ ਕੱਟ ਲਾਏ ਜਾ ਰਹੇ ਹਨ, ਇਸ ਤੋਂ ਬਾਅਦ ਸਾਮੀ 7 ਵਜੇ ਤੋਂ 12 ਵਜੇ ਤੱਕ ਫਿਰ ਕੱਟ ਲਗਾ ਦਿੱਤਾ ਜਾਂਦਾ ਹੈ। ਉਹਨਾਂ ਦੱਸਿਆ ਕਿ ਸ਼ਾਮ ਨੂੰ ਪਿੰਡਾਂ ਦੇ ਲੋਕ ਖੇਤਾਂ ਵਿੱਚ ਕੰਮ ਕਰਕੇ ਜਦ ਘਰ ਆਉਂਦੇ ਹਨ ਤਾਂ ਅੱਗੋਂ ਉਹਨਾਂ ਨੂੰ ਲਾਈਟ ਬੰਦ ਮਿਲਦੀ ਹੈ ਜਿਸ ਕਾਰਨ ਉਹਨਾਂ ਨੂੰ ਦੋ ਵਕਤ ਦੀ ਰੋਟੀ ਖਾਣੀ ਵੀ ਦੁੱਬਰ ਹੋ ਜਾਂਦੀ ਹੈ ਦਿਨ ਸਮੇਂ ਸਾਰਾ ਦਿਨ ਲਾਈਟ ਬੰਦ ਰਹਿਣ ਕਾਰਨ ਸ਼ਾਮ ਨੂੰ ਇਨਵਰਟਰ ਵੀ ਜੁਆਬ ਦੇ ਜਾਂਦੇ ਹਨ ਜਿਸ ਕਾਰਨ ਛੋਟੇ-ਛੋਟੇ ਬੱਚਿਆਂ ਦਾ ਗਰਮੀ ਅਤੇ ਮੱਛਰ ਕਾਰਨ ਬੁਰਾ ਹਾਲ ਹੋ ਜਾਦਾ ਹੈ। ਇਹ ਵਾਰਤਾਰਾ ਇੱਕ ਦਿਨ ਨਾਂ ਨਹੀਂ ਸਗੋਂ ਹਰ ਦਿਨ ਦਾ ਹੈ, ਇਸ ਨਾਲ ਉਨ੍ਹਾਂ ਦੀ ਜ਼ਿੰਦਗੀ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਹੀ ਹੈ।
ਪ੍ਰਦਰਸ਼ਨਕਾਰੀਆਂ ਦਾ ਕਹਿਣਾ ਸੀ ਕਿ ਜਿਸ ਸਮੇਂ ਉਨ੍ਹਾਂ ਦੇ ਪਿੰਡ ਲਾਇਟ ਬੰਦ ਹੁੰਦੀ ਹੈ ਉਸ ਸਮੇਂ ਪਿੰਡ ਪੱਕਾ ਕਲਾਂ ਵਿਖੇ ਬਿਜਲੀ ਚੱਲ ਰਹੀ ਹੁੰਦੀ ਹੈ। ਇਸ ਤੋਂ ਇਲਾਵਾ ਪਿੰਡ ਮਛਾਣਾ, ਗੁਰਥੜੀ ਤੇ ਜੱਸੀ ਬਾਗਵਾਲੀ ਦੀ ਲਾਈਟ ਵੀ ਬੰਦ ਹੁੰਦੀ ਹੈ। ਉਹਨਾਂ ਕਿਹਾ ਕਿ ਸੂਬੇ ਦੇ ਮੁੱਖ ਮੰਤਰੀ ਵੱਲੋਂ ਬਿਜਲੀ ਸਰਪਲੱਸ ਹੋਣ ਦੇ ਵੱਡੇ-ਵੱਡੇ ਦਾਅਵੇ ਕੀਤੇ ਜਾ ਰਹੇ ਹਨ ਪ੍ਰੰਤੂ ਪਿੰਡਾਂ ਵਿੱਚ ਘੰਟਿਆਂ ਬੱਧੀ ਬਿਜਲੀ ਦੇ ਅਣ ਐਲਾਨੇ ਕੱਟ ਲਗਾ ਕੇ ਲੋਕਾਂ ਨੂੰ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ। ਉਹਨਾਂ ਕਿਹਾ ਕਿ ਹਾਲੇ ਤਾਂ ਗਰਮੀ ਦੀ ਸ਼ੁਰੂਆਤ ਹੈ ਜਿਸ ਸਮੇਂ ਪੂਰੀ ਗਰਮੀ ਪਵੇਗੀ ਉਸ ਸਮੇਂ ਬਿਜਲੀ ਦਾ ਕੀ ਹਾਲ ਹੋਏਗਾ ਇਸ ਤੋਂ ਸਹਿਜੇ ਹੀ ਅੰਦਾਜਾ ਲਗਾਇਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਬਿਜਲੀ ਦੇ ਕੱਟਾਂ ਕਾਰਨ ਘਰੇਲੂ ਕੰਮ ਰੁਕ ਜਾਂਦੇ ਹਨ ਅਤੇ ਕਿਸਾਨਾਂ ਨੂੰ ਵੀ ਸਿੰਚਾਈ ਵਿੱਚ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਬਿਜਲੀ ਸਪਲਾਈ ਨੂੰ ਯਕੀਨੀ ਬਣਾਇਆ ਜਾਵੇ ਅਤੇ ਕੱਟਾਂ ਨੂੰ ਘਟਾਇਆ ਜਾਵੇ। ਇਸ ਮੌਕੇ ਪਿੰਡ ਵਾਸੀਆਂ ਨੇ ਚੇਤਾਵਨੀ ਦਿੰਦੇ ਹੋਏ ਕਿਹਾ ਹੈ ਕਿ ਜੇਕਰ ਰਾਤ ਦੇ ਬਿਜਲੀ ਕੱਟ ਇਸ ਤਰ੍ਹਾਂ ਲੱਗਦੇ ਰਹੇ ਤਾਂ ਉਹ ਕੋਈ ਵੱਡਾ ਕਦਮ ਚੁੱਕਣ ਲਈ ਮਜਬੂਰ ਹੋਣਗੇ। ਪਾਵਰ ਕੌਮ ਦੇ ਐਸਡੀਓ ਕੇਵਲ ਕ੍ਰਿਸ਼ਨ ਦਾ ਕਹਿਣਾ ਸੀ ਕਿ ਬਿਜਲੀ ਕੱਟਣ ਦਾ ਕਾਰਨ ਕਣਕ ਦੀ ਖਲੋਤੀ ਫਸਲ ਹੈ ਜਿਸ ਨੂੰ ਅੱਗ ਲੱਗਣ ਦਾ ਖਦਸ਼ਾ ਬਣਿਆ ਰਹਿੰਦਾ ਹੈ।
Click to Follow Babushahi Facebook Page →