Babushahi Special ਗੈਰਵਿੱਦਿਅਕ ਡਿਊਟੀਆਂ : ਕੀਹਦਾ ਕੀਹਦਾ ਮਾਣ ਰੱਖਲਾਂ ਜਿਹੜਾ ਟੱਕਰੇ ਆਪਣੀ ਹੀ ਗੱਲ ਕਹਿੰਦਾ
ਅਸ਼ੋਕ ਵਰਮਾ
ਬਠਿੰਡਾ, 19 ਅਪ੍ਰੈਲ 2026: ਬਠਿੰਡਾ ਜਿਲ੍ਹੇ ’ਚ ਸਿੱਖਿਆ ਵਿਭਾਗ ਅਤੇ ਪ੍ਰਸ਼ਾਸ਼ਨ ਵੱਲੋਂ ਜਾਰੀ ਵੱਖ ਵੱਖ ਹੁਕਮਾਂ ਨੇ ਸਰਕਾਰੀ ਸਕੂਲਾਂ ਦੇ ਅਧਿਆਪਕਾਂ ਨੂੰ ਕਸੂਤੇ ਫਸਾ ਦਿੱਤਾ ਹੈ। ਅਧਿਆਪਕਾਂ ਦਾ ਪ੍ਰਤੀਕਰਮ ਸੀ ਕਿ ਹਰ ਵਿਭਾਗ ਆਖਦਾ ਹੈ ਕਿ ਅਸੀਂ ਉਸ ਦੀ ਮੰਨੀਏ ਪਰ ਅਸੀਂ ਇਕੱਠੇ ਤਿੰਨ ਤਿੰਨ ਕੰਮ ਕਰਨ ਲਈ ਕਿਸ ਖੂਹ ਖਾਤੇ ਪੈ ਜਾਈਏ। ਜਾਣਕਾਰੀ ਅਨੁਸਾਰ 7 ਅਪ੍ਰੈਲ 2026 ਨੂੰ ਡੀਈਓ ਨੇ ਫਰਮਾਨ ਜਾਰੀ ਕੀਤਾ ਹੈ ਕਿ ਜੋ ਅਧਿਆਪਕ ਗੈਰਵਿੱਦਿਅਕ ਡਿਊਟੀਆਂ ’ਤੇ ਹਨ, ਉਹ 8 ਤੋਂ 11 ਵਜੇ ਤੱਕ ਰੋਜਾਨਾ ਸਕੂਲਾਂ ’ਚ ਹਾਜਰ ਰਹਿਕੇ ਦਾਖਲੇ ਵਧਾਉਣ ’ਤੇ ਜੋਰ ਦੇਣਗੇ। ਪ੍ਰਿੰਸੀਪਲਾਂ ਨੂੰ ਇੰਨ੍ਹਾਂ ਅਧਿਆਪਕਾਂ ਦੀ ਹਾਜ਼ਰੀ ਯਕੀਨੀ ਬਨਾਉਣ ਦੀ ਹਦਾਇਤ ਕੀਤੀ ਗਈ ਹੈ। ਇਸੇ ਤਰਾਂ10 ਅਪ੍ਰੈਲ ਨੂੰ ਐਸਡੀਐਮ ਕਮ ਚੋਣ ਅਫਸਰ ਨੇ ਜਿਲ੍ਹਾ ਸਿੱਖਿਆ ਅਫਸਰ ਦੇ ਆਦੇਸ਼ਾਂ ਦੇ ਉਲਟ ਵੋਟਰ ਸੂਚੀਆਂ ਦੀ ਸੁਧਾਈ ’ਚ ਲੱਗੇ ਸਟਾਫ ਨੂੰ ਕਿਸੇ ਹੋਰ ਕੰਮ ਲਈ ਮਜਬੂਰ ਨਾਂ ਕਰਨ ਲਈ ਕਿਹਾ ਹੈ।
ਪੱਤਰ ਅਨੁਸਾਰ ਜੇਕਰ ਚੋਣਾਂ ਨਾਲ ਜੁੜੇ ਕੰਮ ’ਚ ਕੋਈ ਵਿਘਨ ਪਿਆ ਤਾਂ ਇਸ ਦੀ ਜਿੰਮੇਵਾਰੀ ਸਬੰਧਤ ਡੀਈਓ ਦੀ ਹੋਵੇਗੀ। ਅਜੇ ਇਸ ਪੱਤਰ ਦੀ ਸਿਆਹੀ ਵੀ ਨਹੀਂ ਸੁੱਕੀ ਸੀ ਕਿ ਉੱਪ ਅਰਥ ਅਤੇ ਅੰਕੜਾ ਸਲਾਹਕਾਰ ਨੇ ਆਪਣਾ ਪੱਤਰ ਜਾਰੀ ਕਰਕੇ ਕਿਹਾ ਹੈ ਕਿ ਮਰਦਮਸ਼ੁਮਾਰੀ 2027 ਮਹੱਤਵਪੂਰਨ ਕਾਰਜ ਹੈ ਇਸ ਲਈ ਜਨਗਨਣਾ ’ਚ ਲੱਗੇ ਸਟਾਫ ਨੂੰ ਕਿਸੇ ਹੋਰ ਡਿਊਟੀ ’ਚ ਨਾਂ ਲਾਇਆ ਜਾਏ। ਪੱਤਰ ਅਨੁਸਾਰ ਇਨ੍ਹਾਂ ਕਰਮਚਾਰੀਆਂ ਨੂੰ ਜਨਗਨਣਾ ਦੇ ਕੰਮ ਲਈ ਹਾਜਰ ਰਹਿਣ ਦੀਆਂ ਹਦਾਇਤਾਂ ਦਿੱਤੀਆਂ ਗਈਆਂ ਹਨ। ਉੱਪ ਅਰਥ ਅਤੇ ਅੰਕੜਾ ਸਲਾਹਕਾਰ ਨੇ ਵੀ ਅਧਿਆਪਕ ਨੂੰ ਸਕੂਲ ਸੱਦਣ ’ਤੇ ਜਨਗਨਣਾ ਦਾ ਕੰਮ ਪ੍ਰਭਾਵਿਤ ਹੋਣ ਦੀ ਸੂਰਤ ’ਚ ਜਿਲ੍ਹਾ ਸਿੱਖਿਆ ਅਫਸਰ ਦੀ ਜਿੰਮੇਵਾਰੀ ਤੈਅ ਕੀਤੀ ਹੈ। ਹੁਣ ਜਿਲ੍ਹਾ ਸਿੱਖਿਆ ਅਫਸਰ , ਐਸਡੀਐਮ ਅਤੇ ਉੱਪ ਅਰਥ ਅੰਕੜਾ ਵਿਭਾਗ ਵੱਲੋਂ ਜਾਰੀ ਸਵੈ ਵਿਰੋਧੀ ਪੱਤਰਾਂ ਨੇ ਅਧਿਆਪਕਾਂ ਲਈ ਪ੍ਰੇਸ਼ਨੀ ਖੜ੍ਹੀ ਕਰ ਦਿੱਤੀ ਹੈ ।
ਅਧਿਆਪਕ ਆਖਦੇ ਹਨ ਕਿ ਉਹ ਸਕੂਲਾਂ ਦੇ ਦਾਖਲੇ ਵਧਾਉਣ ਜਾਂ ਫਿਰ ਘਰ ਘਰ ਜਾਕੇ ਮਰਦਮਸ਼ੁਮਾਰੀ ਅਤੇ ਵੋਟਰ ਸੂਚੀਆਂ ਦੀ ਸੁਧਾਈ ਕਰਨ। ਜਾਣਕਾਰੀ ਅਨੁਸਾਰ ਪੰਜਾਬ ’ਚ ਤਕਰੀਬਨ 24 ਹਜ਼ਾਰ 500 ਪੋÇਲੰਗ ਬੂਥ ਹਨ ਜਿੰਨ੍ਹਾਂ ’ਤੇ 60 ਫੀਸਦੀ ਤੋਂ ਵੱਧ ਅਧਿਆਪਕਾਂ ਦੀ ਡਿਊਟੀ ਬੂਥ ਲੈਵਲ ਅਫਸਰ (ਬੀਐਲਓ) ਵਜੋਂ ਲੱਗੀ ਹੋਈ ਹੈ। ਬਠਿੰਡਾ ਜਿਲ੍ਹੇ ’ਚ ਇਹ ਗਿਣਤੀ 1192 ਹੈ। ਇੰਨ੍ਹਾਂ ਚੋਂ ਬਹੁਤੇ ਪੋÇਲੰਗ ਬੂਥਾਂ ’ਤੇੇ ਬੀਐਲਓ ਵਜੋਂ ਅਧਿਆਪਕ ਤਾਇਨਾਤ ਹਨ। ਇਸੇ ਦੌਰਾਨ ਮਈ ਮਹੀਨੇ ’ਚ ਹੋਣ ਵਾਲੀ ਪ੍ਰਸਤਾਵਿਤ ਮਰਦਮਸ਼ੁਮਾਰੀ ਲਈ 65 ਹਜ਼ਾਰ ਕਰਮਚਾਰੀਆਂ ਦੀ ਡਿਊਟੀ ਲੱਗੀ ਹੋਈ ਹੈ। ਅਧਿਆਪਕ ਧਿਰਾਂ ਦਾ ਦਾਅਵਾ ਹੈ ਕਿ ਇੰਨ੍ਹਾਂ ’ਵਿੱਚ 80 ਫੀਸਦੀ ਤੋਂ ਵੱਧ ਅਧਿਆਪਕ ਹਨ। ਇਸ ਨਾਲ ਸਭ ਤੋਂ ਵੱਧ ਨੁਕਸਾਨ ਬੱਚਿਆਂ ਦਾ ਹੋ ਰਿਹਾ ਹੈ । ਨਵਾਂ ਸੈਸ਼ਨ ਸ਼ੁਰੂ ਹੋਏ 18 ਦਿਨ ਤੋਂ ਵੱਧ ਲੰਘ ਗਏ ਹਨ ਪਰ ਢੰਗ ਸਿਰ ਪੜ੍ਹਾਈ ਸ਼ੁਰੂ ਨਹੀਂ ਹੋਈ ਹੈ।
ਸੂਤਰ ਦੱਸਦੇ ਹਨ ਕਿ ਕਈ ਸਕੂਲਾਂ ’ਚ ਤਾਂ 10 ਤੋਂ 15 ਦਿਨ ਬਾਅਦ ਵੀ ਅਧਿਆਪਕਾਂ ਨੇ ਦਰਸ਼ਨ ਨਹੀਂ ਦਿੱਤੇ ਹਨ। ਇਸ ਗੈਰਹਾਜ਼ਰੀ ਦਾ ਸਿੱਧਾ ਅਸਰ ਨਵੇਂ ਵਿਦਿਆਰਥੀਆਂ ਦੇ ਦਾਖਲੇ ’ਤੇ ਪੈਣ ਦੀ ਸੰਭਾਵਨਾ ਰੱਦ ਨਹੀਂ ਕੀਤੀ ਜਾ ਸਕਦੀ ਹੈ। ਅਧਿਆਪਕਾਂ ਨੇ ਦੱਸਿਆ ਕਿ ਕਈ ਸਕੂਲਾਂ ’ਚ ਤਾਂ ਮਾਪਿਆਂ ਵੱਲੋਂ ਆਪਣੇ ਬੱਚਿਆਂ ਦਾ ਨਾਮ ਕਟਵਾਉਣ ਤੋਂ ਬਾਅਦ ਪ੍ਰਾਈਵੇਟ ਸਕੂਲਾਂ ਸਬੰਧੀ ਵੀ ਸੋਚਿਆ ਜਾ ਰਿਹਾ ਹੈ। ਅਧਿਆਪਕ ਦੱਸਦੇ ਹਨ ਕਿ ਅਧਿਆਪਕਾਂ ਦੀ ਤਿੰਨ ਤਿੰਨ ਥਾਵਾਂ ’ਤੇ ਡਿਊਟੀ ਲਾਉਣ ਦਾ ਖਮਿਆਜਾ ਬੱਚਿਆਂ ਨੂੰ ਭੁਗਤਣਾ ਪੈ ਰਿਹਾ ਹੈ। ਅਧਿਆਪਕਾਂ ਅਨੁਸਾਰ ਸਰਕਾਰ ਨੇ 10 ਤੋਂ 15 ਫੀਸਦੀ ਦਾਖਲੇ ਵਧਾਉਣ ਲਈ ਕਿਹਾ ਹੈ ਜੋ ਗੈਰਵਿੱਦਿਅਕ ਡਿਊਟੀਆਂ ਕਰਕੇ ਲਟਕਿਆ ਪਿਆ ਹੈ। ਹੈਰਾਨੀ ਵਾਲੀ ਗੱਲ ਹੈ ਕਿ ਕਈ ਸਕੂਲਾਂ ’ਚ ਬੋਰਡ ਪ੍ਰੀਖਿਆਵਾਂ ਦੌਰਾਨ ਸਖਤ ਜਰੂਰਤ ਮੰਨੇ ਜਾਂਦੇ ਹਿਸਾਬ ਅਤੇ ਅੰਗਰੇਜੀ ਵਰਗੇ ਔਖੇ ਵਿਸ਼ਿਆਂ ਦੇ ਅਧਿਆਪਕ ਵੀ ਦੁਰਲੱਭ ਹਨ।
ਨਸ਼ੇੜੀ ਸਰਵੇ ਵੀ ਮਾਸਟਰ ਜੀ ਜਿੰਮੇ
ਇਸ ਬਜਟ ’ਚ ਪੰਜਾਬ ਸਰਕਾਰ ਨੇ ਨਸ਼ਾ ਅਤੇ ਸਮਾਜਿਕ ਸਰਵੇਖਣ ‘ਨਸ਼ਾ ਗਨਣਾ ਪ੍ਰੋਗਰਾਮ’ ਦਾ ਐਲਾਨ ਕੀਤਾ ਸੀ ਜਿਸ ਤਹਿਤ ਅਧਿਆਪਕਾਂ ਨੂੰ ਤਾਇਨਾਤ ਕੀਤਾ ਗਿਆ ਹੈ। ਇੱਕ ਅਧਿਆਪਕ ਨੂੰ ਕਰੀਬ 250 ਘਰਾਂ ਦੇ ਸਰਵੇਖਣ ਦੀ ਜਿੰਮੇਵਾਰੀ ਦਿੱਤੀ ਗਈ ਹੈ। ਇਸੇ ਤਰਾਂ 2 ਅਪ੍ਰੈਲ ਨੂੰ ਐਸਸੀਈਆਰਟੀ ਨੇ ‘ਡਰੱਗ ਫਰੀ ਐਕਸ਼ਨ ਪਲਾਨ ਤਿਆਰ ਕੀਤਾ ਹੈ ਜਿਸ ਤਹਿਤ ਸਕੂਲਾਂ ਦੇ 500 ਮੀਟਰ ਘੇਰੇ ’ਚ ਨਸ਼ਿਆਂ ਖਿਲਾਫ ਨਿਗਰਾਨੀ ਅਤੇ ਸੂਚਨਾ ਦੇਣ ਦੀ ਜਿੰਮੇਵਾਰੀ ਵੀ ਅਧਿਆਪਕਾਂ ਨੂੰ ਦਿੱਤੀ ਗਈ ਹੈ। ਨਤੀਜੇ ਵਜੋਂ ਸਕੂਲਾਂ ’ਚ ਕਾਫੀ ਅਧਿਆਪਕ ਜਾ ਹੀ ਨਹੀਂ ਰਹੇ ਹਨ।
ਸਿੱਖਿਆ ਦਾ ਬੇੜਾ ਗਰਕ: ਸਿੱਧੂ
ਈਟੀਟੀ ਅਧਿਆਪਕ ਯੂਨੀਅਨ ਦੇ ਪ੍ਰਧਾਨ ਜਸਵਿੰਦਰ ਸਿੰਘ ਸਿੱਧੂ ਦਾ ਕਹਿਣਾ ਸੀ ਕਿ ਇੱਕ ਪਾਸੇ ਸਕਾਰ ਸਿੱਖਿਆ ਕ੍ਰਾਂਤੀ ਦੀਆਂ ਗੱਲਾਂ ਕਰ ਰਹੀ ਹੈ ਪਰ ਅਧਿਆਪਕਾਂ ਨੂੰ ਪੜ੍ਹਾਉਣ ਦੀ ਥਾਂ ਗੈਰਵਿੱਦਿਅਕ ਕਾਰਜਾਂ ’ਤੇ ਲਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੇ ਅੰਗਹੀਣ ਅਧਿਆਪਕਾਂ ਸਮੇਤ 90 ਫੀਸਦੀ ਅਧਿਆਪਕ ਤਾਇਨਾਤ ਕਰ ਦਿੱਤੇ ਹਨ ਜਦੋਂਕਿ ਕਈ ਮਹਿਕਮਿਆਂ ਦੇ ਮੁਲਾਜਮ ਵਿਹਲੇ ਬੈਠੇ ਹਨ। ਉਨ੍ਹਾਂ ਸਰਕਾਰ ਤੋਂ ਅਧਿਆਪਕਾਂ ਦੀਆਂ ਅਜਿਹੀਆਂ ਡਿਊਟੀਆਂ ਬੰਦ ਕਰਨ ਦੀ ਮੰਗ ਵੀ ਕੀਤੀ ਹੈ।
ਉੱਚ ਪੱਧਰ ’ਤੇ ਜਾਣੂੰ ਕਰਵਾਇਆ
ਜਿਲ੍ਹਾ ਸਿੱਖਿਆ ਅਫਸਰ ਮਮਤਾ ਖੁਰਣਾ ਸੇਠੀ ਦਾ ਕਹਿਣਾ ਸੀ ਕਿ ਅਧਿਆਪਕਾਂ ਨੂੰ ਵੱਖ ਵੱਖ ਕਾਰਜਾਂ ’ਚ ਲਾਉਣ ਕਾਰਨ ਬੱਚਿਆਂ ਦੀ ਪੜ੍ਹਾਈ ’ਚ ਆ ਰਹੀਆਂ ਸਮੱਸਿਆਵਾਂ ਸਬੰਧੀ ਉੱਚ ਅਧਿਕਾਰੀਆਂ ਨੂੰ ਜਾਣੂੰ ਕਰਵਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਹੁਣ ਇਸ ਸਬੰਧ ’ਚ ਅਗਲਾ ਫੈਸਲਾ ਸਰਕਾਰ ਪੱਧਰ ’ਤੇ ਕੀਤਾ ਜਾਣਾ ਹੈ। ਉਨ੍ਹਾਂ ਨੇ ਅਧਿਆਪਕਾਂ ਨੂੰ ਕੁੱਝ ਸਮਾਂ ’ਚ ਸਕੂਲ ’ਚ ਰਹਿਣ ਲਈ ਕਿਹਾ ਸੀ ਤਾਂ ਜੋ ਬਾਕੀ ਵਕਤ ਦੌਰਾਨ ਉਹ ਹੋਰ ਕੰਮ ਕਰ ਸਕਣਗੇ।
Click to Follow Babushahi Facebook Page →