Political Special ਸਿਆਸੀ ਕਲੋਲਾਂ: ਕਾਹਨੂੰ ਛੱਡ ਗਿਆ ਸੀ ਗਲੀ ਦੇ ਵਿੱਚੋਂ ਲੰਘਣਾ, ਵੇ ਪੰਜਾਂ ਦੇ ਤਵੀਤ ਬਦਲੇ
ਅਸ਼ੋਕ ਵਰਮਾ
ਬਠਿੰਡਾ, 18 ਅਪ੍ਰੈਲ 2026: ਨਗਰ ਨਿਗਮ ਬਠਿੰਡਾ ਦੇ ਸਾਬਕਾ ਕੌਂਸਲਰ ਹਰਜਿੰਦਰ ਸ਼ਿੰਦਾ ਨੇ ਪੰਜਾਬ ਕ੍ਰਿਕਟ ਐਸੋਸੀਏਸ਼ਨ ਦੇ ਪ੍ਰਧਾਨ ਅਮਰਜੀਤ ਮਹਿਤਾ ਨਾਲ ਹੱਥ ਮਿਲਾ ਲਿਆ ਹੈ ਜਿਸ ਨੂੰ ਸੱਤਾਧਾਰੀ ਆਮ ਆਦਮੀ ਪਾਰਟੀ ਦੇ ਵਿਧਾਇਕ ਜਗਰੂਪ ਸਿੰਘ ਗਿੱਲ ਲਈ ਸਿਆਸੀ ਝਟਕਾ ਮੰਨਿਆ ਜਾ ਰਿਹਾ ਹੈ। ਸ਼ਿੰਦਾ ਨੂੰ ਮੁੱਖ ਮੰਤਰੀ ਭਗਵੰਤ ਮਾਨ ਦੀ ਹਾਜ਼ਰੀ ’ਚ ਵਿਧਾਇਕ ਗਿੱਲ ਨੇ ਹੀ ਪਾਰਟੀ ’ਚ ਸ਼ਾਮਲ ਕਰਵਾਇਆ ਸੀ। ਹਾਲਾਂਕਿ ਵਿਧਾਇਕ ਬਣਨ ਤੋਂ ਬਾਅਦ ਕੌਂਸਲਰ ਦੇ ਅਹੁਦੇ ਤੋਂ ਅਸਤੀਫਾ ਦੇਣ ਮਗਰੋਂ ਵਾਰਡ ਨੰਬਰ 48 ਦੀ ਜਿਮਨੀ ਚੋਣ ਦੌਰਾਨ ਅਮਰਜੀਤ ਮਹਿਤਾ ਦੇ ਲੜਕੇ ਪਦਮਜੀਤ ਮਹਿਤਾ ਦੇ ਨਗਰ ਨਿਗਮ ਬਠਿੰਡਾ ਦਾ ਮੇਅਰ ਬਣਨ ਕਾਰਨ ਸਿਆਸੀ ਪ੍ਰਸਥਿਤੀਆਂ ਬਦਲ ਗਈਆਂ ਸਨ ਪਰ ਹਰਜਿੰਦਰ ਸ਼ਿੰਦਾ ਨੇ ਵਿਧਾਇਕ ਦਾ ਸਾਥ ਨਹੀਂ ਛੱਡਿਆ ਸੀ। ਹੁਣ ਜਦੋਂ ਨਗਰ ਨਿਗਮ ਚੋਣਾਂ ਦੀ ਆਹਟ ਸੁਣਾਈ ਦੇਣ ਲੱਗੀ ਹੈ ਤਾਂ ਹਰਜਿੰਦਰ ਸ਼ਿੰਦਾ ਮਹਿਤਾ ਪ੍ਰੀਵਾਰ ਨਾਲ ਜੁੜ ਗਿਆ ਹੈ।
ਸ਼ੁੱਕਰਵਾਰ ਨੂੰ ਅਮਰਜੀਤ ਮਹਿਤਾ ਅਤੇ ਉਨ੍ਹਾਂ ਦੇ ਲੜਕੇ ਪਦਮਜੀਤ ਮਹਿਤਾ , ਹਰਜਿੰਦਰ ਸ਼ਿੰਦਾ ਦੇ ਘਰ ਪੁੱਜੇ ਅਤੇ ਦੂਰੀਆਂ ਖਤਮ ਕੀਤੀਆਂ। ਇਸ ਮੌਕੇ ਮਹਿਤਾ ਵੱਲੋਂ ਸਤਿਕਾਰ ਵਜੋਂ ਸ਼ਿੰਦਾ ਦੇ ਗਲ ’ਚ ਪਾਏ ਪਾਰਟੀ ਦੇ ਚਿੰਨ ਨੂੰ ਲੈਕੇ ਸੋਸ਼ਲ ਮੀਡੀਆ ’ਤੇ ਕਈ ਪ੍ਰਕਾਰ ਦੀ ਚਰਚਾ ਚੱਲ ਰਹੀਆਂ ਹਨ ਜਿੰਨ੍ਹਾਂ ਨੂੰ ਦਰਕਿਨਾਰ ਕਰਦਿਆਂ ਤਾਜਾ ਘਟਨਾਕ੍ਰਮ ਉਪਰੰਤ ਉਨ੍ਹਾਂ ਦੇ ਸਰਗਰਮੀਆਂ ਵਧਣ ਦੀ ਸੰਭਾਵਨਾ ਹੈ। ਮੌਜੂਦਾ ਸਮੇਂ ਉਹ ਬਠਿੰਡਾ ਵਿੱਚ ਪਾਰਟੀ ਦੇ ਐਸ.ਸੀ. ਵਿੰਗ ਦੇ ਕੋਆਰਡੀਨੇਟਰ ਵਜੋਂ ਜਿੰਮੇਵਾਰੀ ਨਿਭਾ ਰਹੇ ਹਨ। ਪਿਛਲੇ ਕੁੱਝ ਦਿਨਾਂ ਤੋਂ ਉਹ ਅਤੇ ਉਨ੍ਹਾਂ ਦੀ ਮਾਤਾ ਗੁਰਦੇਵ ਕੌਰ (ਸਾਬਕਾ ਕੌਂਸਲਰ) ਆਪਣੇ ਵਾਰਡ ਦੇ ਰੁਕੇ ਵਿਕਾਸ ਕਾਰਜਾਂ ਕਾਰਨ ਪਾਰਟੀ ਤੋਂ ਨਾਰਾਜ਼ ਸਨ ਅਤੇ ਸਿਆਸੀ ਸਰਗਰਮੀਆਂ ਤੋਂ ਦੂਰੀ ਬਣਾਈ ਹੋਈ ਸੀ। ਮੰਨਿਆ ਜਾ ਰਿਹਾ ਹੈ ਕਿ ਸ਼ਿੰਦਾ ਨੂੰ ਚੋਣਾਂ ਦੌਰਾਨ ਬਣਦਾ ਮਾਣ ਸਤਿਕਾਰ ਦੇਣ ਅਤੇ ਹਰ ਸੰਭਵ ਸਹਾਇਤਾ ਦਾ ਭਰੋਸਾ ਦਿੱਤਾ ਗਿਆ ਹੈ।
ਤੱਤਕਾਲੀ ਵਿੱਤ ਮੰਤਰੀ ਮਨਪ੍ਰੀਤ ਬਾਦਲ ਦਾ ਸ਼ਹਿਰੀ ਹਲਕੇ ’ਚ ਦਬਦਬਾ ਹੋਣ ਦੇ ਬਾਵਜੂਦ ਹਰਜਿੰਦਰ ਸ਼ਿੰਦਾ ਦੇ ਅਸਰ ਰਸੂਖ ਕਾਰਨ ਉਨ੍ਹਾਂ ਦੀ ਮਾਤਾ ਵੀ ਸਾਲ 2021 ’ਚ ਵਾਰਡ ਨੰਬਰ 13 ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਵਜੋਂ ਜਿੱਤਕੇ ਕੌਂਸਲਰ ਬਣੀ ਸੀ। ਇਸ ਤੋਂ ਪਹਿਲਾਂ ਅਕਾਲੀਆਂ ਦੇ ਦਬਦਬੇ ਦੌਰਾਨ ਆਪਣੀ ਮਕਬੂਲੀਅਤ ਕਾਰਨ 2015 ’ਚ ਸ਼ਿੰਦਾ ਅਜਾਦ ਉਮੀਦਵਾਰ ਵਜੋਂ ਜਿੱਤਿਆ ਸੀ । ਮਗਰੋਂ ਉਹ ਸ਼੍ਰੋਮਣੀ ਅਕਾਲੀ ਦਲ ਨਾਲ ਚਲਾ ਗਿਆ ਸੀ। ਨਗਰ ਨਿਗਮ ’ਚ ਕਾਂਗਰਸ ਦੀ ਮੇਅਰ ਰਮਨ ਗੋਇਲ ਨੂੰ ਹਟਾਉਣ ਦੇ ਮਾਮਲੇ ’ਚ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਸ਼ਿੰਦਾ ਨੂੰ ਪਾਰਟੀ ਚੋਂ ਕੱਢ ਦਿੱਤਾ ਸੀ। ਹਰਜਿੰਦਰ ਸ਼ਿੰਦਾ 2024 ਦੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ‘ਆਮ ਆਦਮੀ ਪਾਰਟੀ’ ਵਿੱਚ ਸ਼ਾਮਲ ਹੋ ਗਏ ਸਨ। ਆਪਣੇ ਸਟੈਂਡ ’ਤੇ ਕਾਇਮ ਰਹਿਣ ਦੇ ਸੁਭਾਅ ਕਾਰਨ ਸ਼ਿੰਦਾ ਹੁਣ ਤੱਕ ਵਿਧਾਇਕ ਨਾਲ ਹੀ ਤੁਰਿਆ ਆ ਰਿਹਾ ਸੀ।
ਦੱਸਣਯੋਗ ਹੈ ਕਿ ਬਠਿੰਡਾ ਨਿਗਮ ਦੀ ਚੋਣ ਫਰਵਰੀ 2021 ਵਿੱਚ ਹੋਈ ਸੀ ਜਿਸ ਦੀ ਮਿਆਦ 11 ਅਪ੍ਰੈਲ 2026 ਨੂੰ ਖਤਮ ਹੋਈ ਹੈ। ਜੇਕਰ ਕੋਈ ਉਲਟਫੇਰ ਨਹੀਂ ਹੁੰਦਾ ਤਾਂ ਮਈ ’ਚ ਚੋਣਾਂ ਹੋਣ ਦੀ ਸੰਭਾਵਨਾ ਹੈ। ਪਿਛਲੀ ਵਾਰ ਕਾਂਗਰਸ 50 ਮੈਂਬਰੀ ਹਾਊਸ ਚੋਂ 43 ਸੀਟਾਂ ਜਿੱਤਣ ਨਾਲ ਕਰੀਬ ਤਿੰਨ ਚੌਥਾਈ ਬਹੁਮਤ ਹਾਸਲ ਕਰਨ ’ਚ ਸਫਲ ਰਹੀ ਸੀ । ‘ਆਪ’ ਅਤੇ ਭਾਜਪਾ ਦਾ ਖਾਤਾ ਵੀ ਨਹੀਂ ਖੁੱਲਿ੍ਹਆ ਸੀ। ਸਾਲ 2022 ’ਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਮਗਰੋਂ ਉਮੀਦ ਸੀ ਕਿ ਵਿਧਾਇਕ ਨਗਰ ਨਿਗਮ ਵਿੱਚ ਕੋਈ ਸਿਆਸੀ ਉਲਟਫੇਰ ਕਰਨਗੇ ਪਰ ਅਜਿਹਾ ਨਾਂ ਹੋ ਸਕਿਆ। ਪਾਰਟੀ ਦੀ ਸੂਬਾ ਲੀਡਰਸ਼ਿਪ ਨੂੰ ਜਿਸ ਚਮਤਕਾਰ ਦੀ ਆਸ ਸੀ ਉਹ ਅਮਰਜੀਤ ਮਹਿਤਾ ਨੇ ਕਰ ਦਿਖਾਇਆ। ਢੋਲ ਢਮੱਕੇ ਨਾਲ ਵਾਰਡ ਨੰਬਰ 48 ਦੀ ਚੋਣ ਜਿੱਤਣ ਤੋਂ ਬਾਅਦ ਸ੍ਰੀ ਮਹਿਤਾ ਆਪਣੇ ਲੜਕੇ ਨੂੰ ਮੇਅਰ ਬਨਾਉਣ ’ਚ ਸਫਲ ਰਹੇ ਸਨ।
ਮਹਿਤਾ ਪ੍ਰੀਵਾਰ ਵੱਲੋਂ ਸਿਆਸੀ ਧਮਾਕੇ
ਦਿਲਚਸਪ ਗੱਲ ਇਹ ਵੀ ਹੈ ਕਿ ਮਹਿਤਾ ਪ੍ਰੀਵਾਰ ਨਗਰ ਨਿਗਮ ’ਚ ਕਈ ਸਿਆਸੀ ਧਮਾਕੇ ਕਰਨ ’ਚ ਸਫਲ ਰਿਹਾ ਹੈ। ਇੰਨ੍ਹਾਂ ’ਚ ਕਾਂਗਰਸ ਦੇ ਡਿਪਟੀ ਮੇਅਰ ਤੇ ਸੀਨੀਅਰ ਡਿਪਟੀ ਮੇਅਰ ਨੂੰ ਹਟਾਉਣਾ ਅਤੇ ਆਪਣਾ ਸੀਨੀਅਰ ਡਿਪਟੀ ਮੇਅਰ ਬਨਾਉਣ ਤੋਂ ਇਲਾਵਾ ਆਪਣੇ ਹਮਾਇਤੀਆਂ ਨੂੰ ਐਫਐਂਡਸੀਸੀ ’ਚ ਅਹੁਦੇ ਦੇਣਾ ਸ਼ਾਮਲ ਹੈ। ਵੱਡਾ ਧਮਾਕਾ ਜਿਮਨੀ ਚੋਣ ’ਚ ਪਾਰਟੀ ਉਮੀਦਵਾਰ ਬਣਾਏ ਉਸ ਬਲਵਿੰਦਰ ਸਿੰਘ ਬਿੰਦਰ ਨੂੰ ਆਪਣੇ ਨਾਲ ਜੋੜਨਾ ਸੀ ਜਿਸ ਨੂੰ ਵਿਧਾਇਕ ਨੇ ਟਿਕਟ ਦਿਵਾਈ ਸੀ । ਅਮਰਜੀਤ ਮਹਿਤਾ ਨੇ ਪਹਿਲਾਂ ਟਿਕਟ ਬਦਲਵਾਈ ਅਤੇ ਫਿਰ ਚੋਣ ਜਿੱਤਕੇ ਮੇਅਰ ਦੀ ਕੁਰਸੀ ਹਾਸਲ ਕੀਤੀ। ਉਦੋਂ ਤੋਂ ਗਿੱਲ ਅਤੇ ਮਹਿਤਾ ਵਿਚਕਾਰ ਇੱਕ ਤਰਾਂ ਨਾਲ ਸਿਆਸੀ ਲਕੀਰ ਖਿੱਚੀ ਨਜ਼ਰ ਆਉਂਦੀ ਹੈ।
ਮਹਿਤਾ ਦਾ ਹੱਥ ਉੱਤੇ ਰਹਿਣ ਦੀ ਚਰਚਾ
ਬਠਿੰਡਾ ਸ਼ਹਿਰੀ ਹਲਕੇ ਦੀ ਮੌਜੂਦਾ ਸਿਅਸੀ ਸਥਿਤੀ ਨੂੰ ਦੇਖਦਿਆਂ ਨਗਰ ਨਿਗਮ ਚੋਣਾਂ ਮੌਕੇ ਅਮਰਜੀਤ ਮਹਿਤਾ ਅਤੇ ਉਨ੍ਹਾਂ ਦੇ ਲੜਕੇ ਦਾ ਹੱਥ ਉੱਪਰ ਰਹਿਣ ਦੇ ਅਨੁਮਾਨ ਹਨ। ਬੇਸ਼ੱਕ ਰਾਜਨੀਤੀ ’ਚ ਤਬਦੀਲੀਆਂ ਦੀ ਸੰਭਾਵਨਾ ਖਤਮ ਨਹੀਂ ਹੁੰਦੀ ਪਰ ਹੁਣ ਸ਼ਹਿਰ ’ਚ ਇਹੋ ਚੁੰਝ ਚਰਚਾ ਚੱਲ ਰਹੀ ਹੈ। ਸੂਤਰਾਂ ਅਨੁਸਾਰ ਹਾਕਮ ਧਿਰ ਨੇ ਅੰਦਰੋ ਅੰਦਰੀ ਨਗਰ ਨਿਗਮ ਚੋਣ ਲਈ ਤਿਆਰੀ ਵਿੱਢ ਦਿੱਤੀ ਹੈ। ਸਿਆਸੀ ਹਲਕਿਆਂ ਵੱਲੋਂ ਹਰਜਿੰਦਰ ਸ਼ਿੰਦਾ ਤੇ ਅਮਰਜੀਤ ਮਹਿਤਾ ਦੇ ਆਪਸੀ ਮਿਲਾਪ ਨੂੰ ਇਸੇ ਕੜੀ ਨਾਲ ਜੋੜਕੇ ਦੇਖਿਆ ਜਾ ਰਿਹਾ ਹੈ।
Click to Follow Babushahi Facebook page →