ਮੁਲਾਜ਼ਮਾਂ ਲਈ ਵੱਡੀ ਖੁਸ਼ਖ਼ਬਰੀ: ਕੇਂਦਰੀ ਕੈਬਨਿਟ ਵੱਲੋਂ 2% DA ਵਾਧੇ ਨੂੰ ਮਨਜ਼ੂਰੀ- 1 ਜਨਵਰੀ ਤੋਂ ਹੋਵੇਗਾ ਲਾਗੂ
ਨਵੀਂ ਦਿੱਲੀ, 18 ਅਪ੍ਰੈਲ 2026- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪ੍ਰਧਾਨਗੀ ਹੇਠ ਸ਼ਨੀਵਾਰ ਨੂੰ ਹੋਈ ਕੇਂਦਰੀ ਕੈਬਨਿਟ ਦੀ ਅਹਿਮ ਮੀਟਿੰਗ ਵਿੱਚ ਲੱਖਾਂ ਕੇਂਦਰੀ ਕਰਮਚਾਰੀਆਂ ਅਤੇ ਪੈਨਸ਼ਨਰਾਂ ਦੀਆਂ ਝੋਲੀਆਂ ਵਿੱਚ ਖੁਸ਼ੀ ਪਾਈ ਗਈ ਹੈ। ਸਰਕਾਰ ਨੇ ਮਹਿੰਗਾਈ ਭੱਤੇ (DA) ਅਤੇ ਮਹਿੰਗਾਈ ਰਾਹਤ (DR) ਵਿੱਚ 2% ਵਾਧੇ ਨੂੰ ਅਧਿਕਾਰਤ ਤੌਰ 'ਤੇ ਮਨਜ਼ੂਰੀ ਦੇ ਦਿੱਤੀ ਹੈ।
ਇਹ ਵਾਧਾ 1 ਜਨਵਰੀ, 2026 ਤੋਂ ਲਾਗੂ ਮੰਨਿਆ ਜਾਵੇਗਾ। ਇਸ ਦਾ ਮਤਲਬ ਹੈ ਕਿ ਮੁਲਾਜ਼ਮਾਂ ਨੂੰ ਪਿਛਲੇ ਮਹੀਨਿਆਂ ਦਾ ਏਰੀਅਰ (Arrears) ਵੀ ਮਿਲੇਗਾ। ਇਸ ਫੈਸਲੇ ਨਾਲ ਲਗਭਗ 48 ਲੱਖ ਕੇਂਦਰੀ ਕਰਮਚਾਰੀਆਂ ਅਤੇ 67 ਲੱਖ ਪੈਨਸ਼ਨਰਾਂ ਨੂੰ ਸਿੱਧਾ ਵਿੱਤੀ ਲਾਭ ਹੋਵੇਗਾ। 2% ਵਾਧੇ ਤੋਂ ਬਾਅਦ ਮੁਲਾਜ਼ਮਾਂ ਦੀ ਮਾਸਿਕ ਤਨਖਾਹ ਅਤੇ ਪੈਨਸ਼ਨਰਾਂ ਦੀ ਮਾਸਿਕ ਪੈਨਸ਼ਨ ਵਿੱਚ ਸਨਮਾਨਜਨਕ ਵਾਧਾ ਦੇਖਣ ਨੂੰ ਮਿਲੇਗਾ।
ਆਮ ਤੌਰ 'ਤੇ ਜਨਵਰੀ ਮਹੀਨੇ ਦੇ DA ਦਾ ਐਲਾਨ ਮਾਰਚ ਦੇ ਅਖੀਰ ਤੱਕ ਹੋ ਜਾਂਦਾ ਹੈ, ਪਰ ਇਸ ਵਾਰ ਅਪ੍ਰੈਲ ਦੇ ਅੱਧ ਵਿੱਚ ਹੋਏ ਇਸ ਐਲਾਨ ਨੇ ਕਰਮਚਾਰੀ ਜਥੇਬੰਦੀਆਂ ਦੇ ਇੰਤਜ਼ਾਰ ਨੂੰ ਖ਼ਤਮ ਕਰ ਦਿੱਤਾ ਹੈ। ਮਾਹਿਰਾਂ ਅਨੁਸਾਰ, ਇਹ ਵਾਧਾ ਉਦਯੋਗਿਕ ਕਾਮਿਆਂ ਲਈ ਖਪਤਕਾਰ ਮੁੱਲ ਸੂਚਕ ਅੰਕ (CPI-IW) ਦੇ ਅੰਕੜਿਆਂ ਦੇ ਆਧਾਰ 'ਤੇ ਤੈਅ ਕੀਤਾ ਗਿਆ ਹੈ।
ਇਸ ਵਾਧੇ ਨਾਲ ਸਰਕਾਰੀ ਖ਼ਜ਼ਾਨੇ 'ਤੇ ਹਰ ਸਾਲ ਕਰੋੜਾਂ ਰੁਪਏ ਦਾ ਵਾਧੂ ਵਿੱਤੀ ਬੋਝ ਪਵੇਗਾ, ਪਰ ਮਹਿੰਗਾਈ ਦੇ ਦੌਰ ਵਿੱਚ ਕੇਂਦਰੀ ਮੁਲਾਜ਼ਮਾਂ ਲਈ ਇਹ ਇੱਕ ਵੱਡੀ ਮਦਦ ਵਜੋਂ ਦੇਖਿਆ ਜਾ ਰਿਹਾ ਹੈ।
- Download Babushahi App
-
-