69ਵੇਂ ਜਨਮਦਿਨ 'ਤੇ ਮੁਕੇਸ਼ ਅੰਬਾਨੀ ਦਾ ਨਵਾਂ ਮਿਸ਼ਨ: ਕੀ ਰਿਲਾਇੰਸ ਦਾ ਭਵਿੱਖ ਆਰਟੀਫੀਸ਼ੀਅਲ ਇੰਟੈਲੀਜੈਂਸ ਅਤੇ ਗ੍ਰੀਨ ਐਨਰਜੀ ਵਿੱਚ ਲੁਕਿਆ ਹੈ?
ਮੁੰਬਈ: 19 ਅਪ੍ਰੈਲ, 2026
ਮੁਕੇਸ਼ ਅੰਬਾਨੀ ਐਤਵਾਰ ਨੂੰ 69 ਸਾਲ ਦੇ ਹੋ ਗਏ ਹਨ, ਜੋ ਕਿ ਉਨ੍ਹਾਂ ਦੇ ਕਾਰੋਬਾਰੀ ਸਫ਼ਰ ਵਿੱਚ ਇੱਕ ਮਹੱਤਵਪੂਰਨ ਪੜਾਅ ਹੈ। ਰਿਲਾਇੰਸ ਇੰਡਸਟਰੀਜ਼ ਦੇ ਚੇਅਰਮੈਨ ਵਜੋਂ ਉਨ੍ਹਾਂ ਦਾ ਸਫ਼ਰ ਇੱਕ ਰਵਾਇਤੀ ਤੇਲ ਅਤੇ ਪੈਟਰੋ ਕੈਮੀਕਲ ਕਾਰੋਬਾਰ ਤੋਂ ਸ਼ੁਰੂ ਹੋ ਕੇ ਅੱਜ ਦੁਨੀਆ ਦੇ ਸਭ ਤੋਂ ਵੱਡੇ Diversified Conglomerate ਤੱਕ ਪਹੁੰਚ ਗਿਆ ਹੈ। 18 ਲੱਖ ਕਰੋੜ ਰੁਪਏ ਤੋਂ ਵੱਧ ਦੇ Market Capitalization ਨਾਲ, ਰਿਲਾਇੰਸ ਅੱਜ ਭਾਰਤ ਦੀ ਸਭ ਤੋਂ ਵੱਡੀ ਨਿੱਜੀ ਖੇਤਰ ਦੀ ਕੰਪਨੀ ਹੈ, ਜਿਸਦੀ ਅਗਵਾਈ ਅੰਬਾਨੀ ਬੜੀ ਨਿਪੁੰਨਤਾ ਨਾਲ ਕਰ ਰਹੇ ਹਨ। ਧੀਰੂਭਾਈ ਅੰਬਾਨੀ ਦੇ ਸਥਾਪਿਤ ਕੀਤੇ ਟੈਕਸਟਾਈਲ ਉੱਦਮ ਤੋਂ ਲੈ ਕੇ ਅੱਜ ਜਾਮਨਗਰ ਵਿੱਚ ਸਥਿਤ ਵਿਸ਼ਵ ਦੇ ਸਭ ਤੋਂ ਵੱਡੇ ਰਿਫਾਇਨਿੰਗ ਹੱਬ ਤੱਕ ਦਾ ਸਫ਼ਰ ਕਈ ਉਤਰਾਅ-ਚੜ੍ਹਾਅ ਭਰਿਆ ਰਿਹਾ ਹੈ। 2002 ਵਿੱਚ ਪਿਤਾ ਦੀ ਮੌਤ ਅਤੇ 2005 ਵਿੱਚ ਭਰਾ ਅਨਿਲ ਅੰਬਾਨੀ ਨਾਲ ਹੋਈ ਵੰਡ ਤੋਂ ਬਾਅਦ, ਮੁਕੇਸ਼ ਅੰਬਾਨੀ ਨੇ ਨਾ ਸਿਰਫ਼ ਮੁੱਖ ਤੇਲ ਅਤੇ ਪੈਟਰੋ ਕੈਮੀਕਲ ਸੰਚਾਲਨ ਨੂੰ ਬਰਕਰਾਰ ਰੱਖਿਆ, ਸਗੋਂ ਇਸਨੂੰ ਨਵੀਆਂ ਦਿਸ਼ਾਵਾਂ ਵੱਲ ਮੋੜ ਦਿੱਤਾ।
ਸਾਲ 2016 ਵਿੱਚ ਜੀਓ (Jio) ਦੀ ਐਂਟਰੀ ਨੇ ਭਾਰਤੀ ਟੈਲੀਕਾਮ ਮਾਰਕੀਟ ਵਿੱਚ ਇੱਕ ਕ੍ਰਾਂਤੀ ਲਿਆ ਦਿੱਤੀ ਸੀ, ਜਿਸ ਨੇ ਡਾਟਾ ਦੀਆਂ ਕੀਮਤਾਂ ਨੂੰ ਘਟਾ ਕੇ ਪੂਰੇ ਭਾਰਤ ਵਿੱਚ ਇੰਟਰਨੈਟ ਪਹੁੰਚ ਨੂੰ ਵਿਸਤਾਰ ਦਿੱਤਾ। ਅੱਜ ਕਰੋੜਾਂ ਉਪਭੋਗਤਾਵਾਂ ਵਾਲਾ ਇਹ ਪਲੇਟਫਾਰਮ ਆਉਣ ਵਾਲੇ ਸਮੇਂ ਵਿੱਚ ਆਪਣੇ IPO ਲਈ ਤਿਆਰੀ ਕਰ ਰਿਹਾ ਹੈ। ਹਾਲਾਂਕਿ, ਅੰਬਾਨੀ ਦੀ ਨਜ਼ਰ ਹੁਣ ਇਸ ਤੋਂ ਵੀ ਅੱਗੇ ਹੈ। ਆਰਟੀਫੀਸ਼ੀਅਲ ਇੰਟੈਲੀਜੈਂਸ (AI) ਅਤੇ ਡਿਜੀਟਲ ਬੁਨਿਆਦੀ ਢਾਂਚੇ ਲਈ ਅਗਲੇ ਸੱਤ ਸਾਲਾਂ ਵਿੱਚ 10 ਲੱਖ ਕਰੋੜ ਰੁਪਏ ਦੇ ਨਿਵੇਸ਼ ਦਾ ਐਲਾਨ ਕਰਕੇ ਉਨ੍ਹਾਂ ਨੇ ਆਪਣੇ ਭਵਿੱਖ ਦੇ ਇਰਾਦੇ ਸਾਫ ਕਰ ਦਿੱਤੇ ਹਨ। ਰਿਲਾਇੰਸ ਹੁਣ ਸਿਰਫ਼ ਇੱਕ ਤੇਲ ਕੰਪਨੀ ਨਹੀਂ ਰਹੀ, ਸਗੋਂ ਇਹ Consumer Products, Media, Sports ਅਤੇ ਖਾਸ ਕਰਕੇ ਨਵਿਆਉਣਯੋਗ ਊਰਜਾ ਜਿਵੇਂ ਕਿ ਸੋਲਰ ਅਤੇ ਗ੍ਰੀਨ ਹਾਈਡ੍ਰੋਜਨ (Green Hydrogen) ਦੇ ਖੇਤਰਾਂ ਵਿੱਚ ਇੱਕ ਮਜ਼ਬੂਤ ਖਿਡਾਰੀ ਵਜੋਂ ਉੱਭਰ ਰਹੀ ਹੈ।
ਇਸ ਸਭ ਦੇ ਬਾਵਜੂਦ, ਇਹ ਰਾਹ ਚੁਣੌਤੀਆਂ ਤੋਂ ਖਾਲੀ ਨਹੀਂ ਹੈ। ਰਿਟੇਲ ਅਤੇ ਈ-ਕਾਮਰਸ ਦੇ ਖੇਤਰ ਵਿੱਚ ਐਮਾਜ਼ਾਨ ਵਰਗੀਆਂ ਗਲੋਬਲ ਫਰਮਾਂ ਰਿਲਾਇੰਸ ਲਈ ਇੱਕ ਸਖ਼ਤ ਚੁਣੌਤੀ ਬਣੀਆਂ ਹੋਈਆਂ ਹਨ, ਉੱਥੇ ਹੀ ਊਰਜਾ ਖੇਤਰ ਵਿੱਚ ਗੌਤਮ ਅਡਾਨੀ ਦੀ ਤੇਜ਼ੀ ਨਾਲ ਹੋ ਰਹੀ ਐਂਟਰੀ ਵੀ ਇੱਕ ਵੱਡਾ ਮੁਕਾਬਲਾ ਪੇਸ਼ ਕਰ ਰਹੀ ਹੈ। ਵਿਸ਼ਲੇਸ਼ਕਾਂ ਦਾ ਮੰਨਣਾ ਹੈ ਕਿ ਰਿਲਾਇੰਸ ਹੁਣ ਇੱਕ ਅਜਿਹੇ ਨਾਜ਼ੁਕ ਮੋੜ 'ਤੇ ਖੜ੍ਹੀ ਹੈ ਜਿੱਥੇ ਉਨ੍ਹਾਂ ਦੇ ਡਿਜੀਟਲ ਅਤੇ ਊਰਜਾ ਦੇ ਵੱਡੇ ਨਿਵੇਸ਼ਾਂ ਤੋਂ ਰਿਟਰਨ ਮਿਲਣਾ ਬਹੁਤ ਜ਼ਰੂਰੀ ਹੈ। ਜਿਵੇਂ-ਜਿਵੇਂ ਮੁਕੇਸ਼ ਅੰਬਾਨੀ ਆਪਣੇ 70ਵੇਂ ਸਾਲ ਵੱਲ ਵਧ ਰਹੇ ਹਨ, ਦੁਨੀਆ ਦੀਆਂ ਨਜ਼ਰਾਂ ਇਸ ਗੱਲ 'ਤੇ ਟਿਕੀਆਂ ਹੋਈਆਂ ਹਨ ਕਿ ਉਹ ਤੇਜ਼ੀ ਨਾਲ ਬਦਲਦੇ ਤਕਨੀਕੀ ਯੁੱਗ ਵਿੱਚ ਆਪਣੀ ਕੰਪਨੀ ਨੂੰ ਕਿਵੇਂ ਅੱਗੇ ਲੈ ਕੇ ਜਾਣਗੇ ਅਤੇ ਕੀ ਰਿਲਾਇੰਸ ਦਾ ਭਵਿੱਖ ਆਰਟੀਫੀਸ਼ੀਅਲ ਇੰਟੈਲੀਜੈਂਸ ਦੀ ਨਵੀਂ ਦੁਨੀਆ ਵਿੱਚ ਸਫਲ ਸਾਬਤ ਹੋਵੇਗਾ।
Click to Follow Babushahi Facebook Page →