Crime Special ਸੋਸ਼ਲ ਮੀਡੀਆ ਸਟਾਰ ਕਮਲ ਕੌਰ ਭਾਬੀ ਕਤਲ ਮਾਮਲੇ ’ਚ ਲੱੱਗਿਆ ਬਠਿੰਡਾ ਪੁਲਿਸ ਨੂੰ ਝਟਕਾ
ਅਸ਼ੋਕ ਵਰਮਾ
ਬਠਿੰਡਾ, 12 ਅਪ੍ਰੈਲ 2026: ਸੋਸ਼ਲ ਮੀਡੀਆ ਇਨਫਲੂਐਂਸਰ ਕੰਚਨ ਕੁਮਾਰੀ ਉਰਫ਼ ਕਮਲ ਕੌਰ ਭਾਬੀ ਦੇ ਸਨਸਨੀਖੇਜ਼ ਕਤਲ ਕਾਂਡ ਮਾਮਲੇ ’ਚ ਅੱਜ ਬਠਿੰਡਾ ਪੁਲਿਸ ਨੂੰ ਵੱਡਾ ਝਟਕਾ ਲੱਗਿਆ ਹੈ। ਅਦਾਲਤ ਨੇ ਪੁਲਿਸ ਦੀ ਮਹਿਰੋਂ ਦੀ ਅਵਾਜ਼ ਦੇ ਨਮੂਨੇ ਲੈਣ ਅਤੇ ਸ਼ਿਨਾਖਤੀ ਪਰੇਡ ਦੀ ਮੰਗ ਨੂੰ ਨਾਂਮਨਜੂਰ ਕਰ ਦਿੱਤਾ ਹੈ। ਪੁਲਿਸ ਨੇ ਅੰਮ੍ਰਿਤਪਾਲ ਸਿੰਘ ਮਹਿਰੋਂ ਨੂੰ ਅੱਜ ਅਦਾਲਤ ’ਚ ਪੇਸ਼ ਕੀਤਾ ਜਿੱਥੇ ਉਸ ਨੂੰ 14 ਦਿਨ ਦੀ ਅਦਾਲਤੀ ਹਿਰਾਸਤ ਵਿੱਚ ਭੇਜ ਦਿੱਤਾ ਗਿਆ ਹੈ। ਹਾਲਾਂਕਿ ਅਨੁਮਾਨ ਸਨ ਕਿ ਪੁਲਿਸ ਹੋਰ ਰਿਮਾਂਡ ਦੀ ਮੰਗ ਕਰੇਗੀ ਪਰ ਅਜਿਹਾ ਨਹੀਂ ਹੋਣ ’ਤੇ ਅਦਾਲਤ ’ਚ ਮੁਲਜਮ ਨੂੰ ਜੁਡੀਸ਼ੀਅਲ ਰਿਮਾਂਡ ਤਹਿਤ ਜੇਲ੍ਹ ਭੇਜਣ ਦੇ ਹੁਕਮ ਦਿੱਤੇ ਹਨ। ਪੁਲਿਸ ਨੇ ਅਦਾਲਤ ਤੋਂ ਅੰਮ੍ਰਿਤਪਾਲ ਮਹਿਰੋਂ ਦੀ ਅਵਾਜ਼ ਦੇ ਸੈਂਪਲ ਲੈਣ ਅਤੇ ਸ਼ਿਨਾਖਤੀ ਪਰੇਡ ਕਰਵਾਉਣ ਦੀ ਪ੍ਰਵਾਨਗੀ ਮੰਗੀ ਸੀ। ਮਹਿਰੋਂ ਦੇ ਵਕੀਲ ਵੱਲੋਂ ਵਿਰੋਧ ਕਰਨ ’ਤੇ ਅਦਾਲਤ ਨੇ ਦੋਵੇਂ ਅਰਜੀਆਂ ਰੱਦ ਕਰ ਦਿੱਤੀਆਂ ਹਨ।
ਅੰਮ੍ਰਿਤਪਾਲ ਮਹਿਰੋਂ ਨੂੰ ਅਦਾਲਤ ’ਚ ਪੇਸ਼ ਕਰਨ ਲਈ ਲਿਆਏ ਸਬ ਇੰਸਪੈਕਟਰ ਰਘਬੀਰ ਸਿੰਘ ਦਾ ਕਹਿਣਾ ਸੀ ਕਿ ਉਨ੍ਹਾਂ ਅੱਜ ਹੋਰ ਪੁਲਿਸ ਰਿਮਾਂਡ ਦੀ ਮੰਗ ਨਹੀਂ ਕੀਤੀ ਜਿਸ ਕਰਕੇ ਅਦਾਲਤ ਨੇ ਮੁਲਜਮ ਨੂੰ ਜੇਲ੍ਹ ਭੇਜਣ ਦੇ ਆਦੇਸ਼ ਦਿੱਤੇ ਹਨ। ਉਨ੍ਹਾਂ ਮ੍ਰਿਤਕਾ ਦੇ ਦੋ ਮੋਬਾਇਲਾਂ ਸਬੰਧੀ ਵੀ ਕੋਈ ਜਾਣਕਾਰੀ ਦੇਣ ਤੋਂ ਪਾਸਾ ਵੱਟ ਲਿਆ। ਦੂਜੇ ਪਾਸੇ ਅੰਮ੍ਰਿਤਪਾਲ ਦੇ ਵਕੀਲ ਮਨਪ੍ਰੀਤ ਸਿੰਘ ਬਰਾੜ ਦਾ ਕਹਿਣਾ ਸੀ ਕਿ ਪੁਲਿਸ ਨੇ ਕਿਸੇ ਅਣਪਛਾਤੇ ਦੇ ਇਸ ਕਤਲ ’ਚ ਸ਼ਾਮਲ ਹੋਣ ਦੀ ਕਹਾਣੀ ਘੜੀ ਹੈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਨੇ ਅਦਾਲਤ ਨੂੰ ਅਪੀਲ ਕੀਤੀ ਹੈ ਕਿ ਜਦੋਂ ਅੰਮ੍ਰਿਤਪਾਲ ਮਹਿਰੋਂ ਦੀਆਂ ਵੀਡੀਓ ਅਤੇ ਫੋਟੋਆਂ ਮੀਡੀਆ ਅਤੇ ਸੋਸ਼ਲ ਮੀਡੀਆ ’ਚ ਆ ਚੁੱਕੀਆਂ ਹਨ ਤਾਂ ਸ਼ਿਨਾਖਤੀ ਪਰੇਡ ਦੀ ਕੋਈ ਤੁਕ ਨਹੀਂ ਹੈ। ਉਨ੍ਹਾਂ ਕਿਹਾ ਕਿ ਪੁਲਿਸ ਮ੍ਰਿਤਕਾ ਦੇ ਦੋ ਮੋਬਾਇਲਾਂ ਸਬੰਧੀ ਵੀ ਪੁਲਿਸ ਗੁਮਰਾਹ ਕਰ ਰਹੀ ਹੈ ਜਦੋਂਕਿ ਅਜਿਹੇ ਕੋਈ ਮੋਬਾਇਲ ਫੋਨ ਹੀ ਨਹੀਂ ਹਨ।
ਓਧਰ ਵਾਰਦਾਤ ਦਾ ਸਮਾਂ ਰਾਤ ਦਾ ਹੋਣ ਕਾਰਨ ਚਸ਼ਮਦੀਦ ਗਵਾਹ ਦੀ ਗੌਰਮੌਜ਼ੂਦਗੀ ਵਿੱਚ ਪੁਲਿਸ ਨੇ ਮਾਮਲੇ ਨੂੰ ਪੁਖਤਾ ਬਨਾਉਣ ਲਈ ਤਕਨੀਕੀ ਸਬੂਤ ਜੁਟਾਉਣ ਦੀ ਕਾਰਵਾਈ ਤੇਜ ਕਰ ਦਿੱਤੀ ਹੈ। ਇਸੇ ਪ੍ਰਕਿਰਿਆ ਤਹਿਤ ਪੁਲਿਸ ਨੇ ਮੁਲਜਮ ਮਹਿਰੋਂ ਦੇ ਤਿੰਨੇ ਮੋਬਾਇਲ ਫੋਨ ਫੌਰੈਂਸਿਕ ਜਾਂਚ ਲਈ ਭੇਜੇੇ ਹਨ ਜੋ ਯੂਏਈ ਅਧਿਕਾਰੀਆਂ ਨੇ ਜਬਤ ਕਰਨ ਪਿੱਛੋਂ ਭਾਰਤੀ ਸੁਰੱਖਿਆ ਏਜੰਸੀਆਂ ਨੂੰ ਸੌਂਪੇ ਸਨ। ਫੈਰੈਂਸਿਕ ਮਾਹਿਰਾਂ ਵੱਲੋਂ ਹੁਣ ਇੰਨ੍ਹਾਂ ਮੋਬਾਇਲ ਫੋਨਾਂ ਦਾ ਕਾਲ ਰਿਕਾਰਡ, ਚੈਟ , ਲੋਕੇਸ਼ਨ ਡੈਟਾ ਅਤੇ ਸੋਸ਼ਲ ਮੀਡੀਆ ਗਤੀਵਿਧੀਆਂ ਦੀ ਜਾਂਚ ਕੀਤੀ ਜਾਏਗੀ। ਜਾਂਚ ਅਧਿਕਾਰੀਆਂ ਦਾ ਮੰਨਣਾ ਹੈ ਕਿ ਇੰਨ੍ਹਾਂ ਡਿਜ਼ੀਟਲ ਸਬੂਤਾਂ ਦੀ ਸਹਾਇਤਾ ਨਾਲ ਕਤਲ ਦੀ ਪੂਰੀ ਸਾਜਿਸ਼ , ਮੁਲਜਮ ਦੇ ਸੰਪਰਕਾਂ ਅਤੇ ਉਸ ਦੇ ਸਹਿਯੋਗੀਆਂ ਦੀ ਭੂਮਿਕਾ ਸਬੰਧੀ ਅਹਿਮ ਖੁਲਾਸੇ ਹੋ ਸਕਦੇ ਹਨ। ਪੁਲਿਸ ਸੂਤਰ ਦੱਸਦੇ ਹਨ ਕਿ ਮੁਲਜਮ ਨੇ ਪੁੱਛਗਿਛ ਦੌਰਾਨ ਪੁਲਿਸ ਨੂੰ ਕਈ ਮਹੱਤਵਪੂਰਨ ਜਾਣਕਾਰੀਆਂ ਦਿੱਤੀਆਂ ਹਨ ਜਿਸ ਕਰਕੇ ਅੱਜ ਰਿਮਾਂਡ ਨਹੀਂ ਮੰਗਿਆ ਗਿਆ।
ਗੌਰਤਲਬ ਹੈ ਕਿ ਕਮਲ ਕੌਰ ਭਾਬੀ ਉਰਫ ਕੰਚਨ ਕੁਮਾਰੀ ਨੂੰ ਜੂਨ 2025 ਵਿੱਚ ਕਤਲ ਕਰ ਦਿੱਤਾ ਗਿਆ ਸੀ। ਇਸ ਇਨਫਲੂਐਂਸਰ ਨੂੰ ਕਿਸੇ ਪ੍ਰੋਮੋਸ਼ਨਲ ਈਵੈਂਟ ਦੇ ਬਹਾਨੇ ਬਠਿੰਡਾ ਬੁਲਾਇਆ ਅਤੇ 9-10 ਜੂਨ ਦੀ ਰਾਤ ਨੂੰ ਉਸ ਦੀ ਗਲਾ ਘੁੱਟ ਕੇ ਹੱਤਿਆ ਕਰ ਦਿੱਤੀ ਗਈ ਸੀ। ਉਸ ਦੀ ਲਾਸ਼ ਬਠਿੰਡਾ ਭੁੱਚੋਂ ਸੜਕ ’ਤੇ ਆਦੇਸ਼ ਯੂਨੀਵਰਸਿਟੀ ਦੀ ਪਾਰਕਿੰਗ ਵਿੱਚ ਖੜ੍ਹੀ ਇੱਕ ਕਾਰ ਵਿੱਚੋਂ ਮਿਲੀ ਸੀ। ਪੁਲੀਸ ਜਾਂਚ ਵਿੱਚ ਸਾਹਮਣੇ ਆਇਆ ਸੀ ਕਿ ਅੰਮ੍ਰਿਤਪਾਲ ਮਹਿਰੋਂ ਨੇ ਆਪਣੇ ਦੋ ਸਾਥੀਆਂ ਜਸਪ੍ਰੀਤ ਸਿੰਘ ਅਤੇ ਨਿਮਰਤਜੀਤ ਸਿੰਘ ਨਾਲ ਮਿਲਕੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਸੀ। ਕਤਲ ਦਾ ਕਾਰਨ ਕੰਚਨ ਵੱਲੋਂ ਸੋਸ਼ਲ ਮੀਡੀਆ ’ਤੇ ਪਾਈ ਜਾਂਦੀ ਸਮੱਗਰੀ ਸੀ, ਜਿਸ ਬਾਰੇ ਮੁਲਜ਼ਮਾਂ ਦਾ ਦਾਅਵਾ ਸੀ ਕਿ ਇਸ ਨਾਲ ਸਿੱਖ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ। ਮਹਿਰੋਂ ਵਾਰਦਾਤ ਤੋਂ ਕੱੁਝ ਘੰਟਿਆਂ ਬਾਅਦ ਹੀ ਅੰਮ੍ਰਿਤਸਰ ਹਵਾਈ ਅੱਡੇ ਤੋਂ ਯੂਏਈ ਦੀ ਫਲਾਈਟ ਰਾਹੀਂ ਦੇਸ਼ ਛੱਡਕੇ ਭੱਜ ਗਿਆ ਸੀ।
ਬਠਿੰਡਾ ਪੁਲੀਸ ਨੇ ਬਾਅਦ ਵਿੱਚ ਉਸ ਦੇ ਦੋ ਸਾਥੀਆਂ ਨੂੰ ਤਾਂ ਗ੍ਰਿਫ਼ਤਾਰ ਕਰ ਲਿਆ , ਪਰ ਮਹਿਰੋਂ ਫ਼ਰਾਰ ਚੱਲ ਰਿਹਾ ਸੀ। ਅਦਾਲਤ ਨੇ ਉਸ ਨੂੰ ਭਗੌੜਾ ਕਰਾਰ ਦੇਣ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਸੀ । ਕੇਂਦਰੀ ਏਜੰਸੀਆਂ ਤੇ ਇੰਟਰਪੋਲ ਰਾਹੀਂ ਉਸ ਦੀ ਹਵਾਲਗੀ ਦੀਆਂ ਕੋਸ਼ਿਸ਼ਾਂ ਕੀਤੀਆਂ ਗਈਆਂ ਜਿਸ ਤਹਿਤ ਪੁਲਿਸ ਨੇ ਜੋ ਦਸਤਾਵੇਜ਼ ਤਿਆਰ ਕੀਤੇ ਉਹ ਅਰਬੀ ਭਾਸ਼ਾ ਵਿੱਚ ਸਨ। ਜਾਣਕਾਰੀ ਅਨੁਸਾਰ ਯੂਏਈ ’ਚ ਮਹਿਰੋਂ ਨੂੰ ਇਸ ਸਾਲ ਜਨਵਰੀ ’ਚ ਹਿਰਾਸਤ ’ਚ ਲਿਆ ਸੀ ਪਰ ਹਵਾਲਗੀ ਪ੍ਰਕਿਰਿਆ ਨੂੰ ਸਮਾਂ ਲੱਗ ਗਿਆ। ਤਕਰੀਬਨ 10 ਮਹੀਨਿਆਂ ਮਗਰੋਂ ਆਖਰ ਬਠਿੰਡਾ ਪੁਲਿਸ ਇਸ ਕਤਲ ਦੇ ਮੁੱਖ ਮੁਲਜਮ ਅੰਮ੍ਰਿਤਪਾਲ ਮਹਿਰੋਂ ਨੂੰ ਯੂਏਈ ਤੋਂ ਵਾਪਿਸ ਲਿਆਈ ਅਤੇ ਦਿੱਲੀ ਹਵਾਈ ਅੱਡੇ ’ਤੇ ਉਸ ਨੂੰ ਗ੍ਰਿਫਤਾਰ ਕਰ ਲਿਆ । ਅਦਾਲਤ ਨੇ ਮਹਿਰੋਂ ਨੂੰ ਪੰਜ ਦਿਨ ਦੇ ਰਿਮਾਂਡ ’ਤੇ ਭੇਜਿਆ ਸੀ ਜਿਸ ਦੀ ਸਮਾਪਤੀ ਪਿੱਛੋਂ ਅੱਜ ਪੁਲਿਸ ਉਸ ਨੂੰ ਫਿਰ ਪੇਸ਼ੀ ਲਈ ਲਿਆਈ ਸੀ।
ਦੋਵੇਂ ਅਰਜੀਆਂ ਰੱਦ ਕੀਤੀਆਂ
ਐਡਵੋਕੇਟ ਮਨਪ੍ਰੀਤ ਸਿੰਘ ਬਰਾੜ ਦਾ ਕਹਿਣਾ ਸੀ ਕਿ ਅਦਾਲਤ ਨੇ ਅੰਮ੍ਰਿਤਪਾਲ ਮਹਿਰੋਂ ਨੂੰ 29 ਅਪ੍ਰੈਲ ਤੱਕ ਅਦਾਲਤੀ ਹਿਰਾਸਤ ਤਹਿਤ ਜੇਲ੍ਹ ਭੇਜ ਦਿੱਤਾ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਵੱਲੋਂ ਦਿੱਤੀਆਂ ਦਲੀਲਾਂ ਨਾਲ ਸਹਿਮਤ ਹੁੰਦਿਆਂ ਅਦਾਲਤ ਨੇ ਅਵਾਜ਼ ਦੇ ਨਮੂਨੇ ਲੈਣ ਅਤੇ ਸ਼ਿਨਾਖਤ ਸਬੰਧੀ ਅਰਜੀਆਂ ਰੱਦ ਕਰ ਦਿੱਤੀਆਂ ਹਨ।
Click to Follow Babushahi Facebook Page →