25 ਸਾਲ ਬਾਅਦ ਵਾਪਸ ਆਇਆ ਲਾਪਤਾ ਪਤੀ, ਪਰ ਘਰ ਦੀਆਂ ਦਹਿਲੀਜ਼ਾਂ ‘ਤੇ ਖੜ੍ਹੇ ਹੋਏ ਸਵਾਲ…
ਬਲਵਿੰਦਰ ਸਿੰਘ ਧਾਲੀਵਾਲ
ਸੁਲਤਾਨਪੁਰ ਲੋਧੀ 12 ਅਪ੍ਰੈਲ 2026
ਕਈ ਵਾਰ ਜ਼ਿੰਦਗੀ ਇਨਸਾਨ ਨੂੰ ਅਜਿਹੇ ਮੋੜ ‘ਤੇ ਲਿਆ ਖੜ੍ਹੀ ਕਰਦੀ ਹੈ, ਜਿੱਥੇ ਖੁਸ਼ੀ ਦੇ ਹੰਝੂਆਂ ਨਾਲ ਦਰਦ ਦੀ ਚੁੱਪ ਵੀ ਰਲ ਜਾਂਦੀ ਹੈ…
ਕਪੂਰਥਲਾ ਦੇ ਪਿੰਡ ਸ਼ਿਵ ਦਿਆਲ ਵਾਲਾ ਵਿੱਚ ਵਾਪਰੀ ਇਹ ਘਟਨਾ ਵੀ ਕੁਝ ਅਜਿਹੀ ਹੀ ਹੈ—ਇੱਕ ਪਾਸੇ 25 ਸਾਲਾਂ ਬਾਅਦ ਘਰ ਵਾਪਸ ਆਇਆ ਹੰਸਾ ਸਿੰਘ, ਤੇ ਦੂਜੇ ਪਾਸੇ ਸਮੇਂ ਦੇ ਨਾਲ ਬਦਲ ਚੁੱਕੀ ਜ਼ਿੰਦਗੀ, ਰਿਸ਼ਤੇ ਤੇ ਹਕੀਕਤ…
ਮਾਨਸਿਕ ਤੌਰ ‘ਤੇ ਪਰੇਸ਼ਾਨ ਰਹੇ ਹੰਸਾ ਸਿੰਘ ਜਦੋਂ 25 ਸਾਲ ਬਾਅਦ ਆਪਣੇ ਘਰ ਦੀਆਂ ਗਲੀਆਂ ਵਿੱਚ ਵਾਪਸ ਪਹੁੰਚੇ, ਤਾਂ ਉਹਨਾਂ ਲਈ ਇਹ ਸਿਰਫ਼ ਵਾਪਸੀ ਨਹੀਂ ਸੀ—ਇਹ ਇੱਕ ਅਜਿਹਾ ਸੱਚ ਸੀ ਜੋ ਦਿਲ ਨੂੰ ਚੀਰ ਕੇ ਰੱਖ ਦੇਵੇ। ਜਿਸ ਘਰ ਨੂੰ ਉਹ ਆਪਣਾ ਸਮਝਦੇ ਸਨ, ਉਸ ਘਰ ਵਿੱਚ ਹੁਣ ਉਹਨਾਂ ਦੀ ਪਤਨੀ ਕਿਸੇ ਹੋਰ ਦੀ ਜੀਵਨ ਸਾਥੀ ਬਣ ਚੁੱਕੀ ਸੀ—ਉਹ ਵੀ ਆਪਣੇ ਹੀ ਛੋਟੇ ਭਰਾ ਦੀ।
ਪਰਿਵਾਰ ਨੇ ਸਾਲਾਂ ਪਹਿਲਾਂ ਉਨ੍ਹਾਂ ਨੂੰ ਮ੍ਰਿਤ ਮੰਨ ਲਿਆ ਸੀ। ਰਿਵਾਜਾਂ ਅਤੇ ਮਜ਼ਬੂਰੀਆਂ ਦੇ ਵਿਚਕਾਰ, ਪਤਨੀ ਦਾ ਵਿਆਹ ਛੋਟੇ ਭਰਾ ਨਾਲ ਕਰ ਦਿੱਤਾ ਗਿਆ। 22 ਸਾਲਾਂ ਦੀ ਇਸ ਨਵੀਂ ਜ਼ਿੰਦਗੀ ਵਿੱਚ ਉਹਨਾਂ ਦੇ ਬੱਚੇ ਵੀ ਹਨ ਅਤੇ ਇੱਕ ਪੂਰਾ ਪਰਿਵਾਰ ਖੜ੍ਹਾ ਹੋ ਚੁੱਕਾ ਹੈ।
ਜਦੋਂ ਹੰਸਾ ਸਿੰਘ ਵਾਪਸ ਆਏ, ਉਹ ਖੁਸ਼ੀ ਦਾ ਪਲ ਤਾਂ ਸੀ, ਪਰ ਇਸ ਖੁਸ਼ੀ ਦੇ ਨਾਲ ਅਨੇਕਾਂ ਸਵਾਲ ਵੀ ਖੜ੍ਹੇ ਹੋ ਗਏ…
**ਹੰਸਾ ਸਿੰਘ ਇੱਕ ਦਿਨ ਅਚਾਨਕ ਹੋਇਆ ਸੀ ਗਾਇਬ**
ਕਪੂਰਥਲਾ ਜ਼ਿਲ੍ਹੇ ਦੇ ਰਹਿਣ ਵਾਲੇ ਹੰਸਾ ਸਿੰਘ 25 ਸਾਲ ਪਹਿਲਾਂ ਅਚਾਨਕ ਗਾਇਬ ਹੋ ਗਏ ਸਨ। ਪਰਿਵਾਰ ਨੇ ਹਰ ਥਾਂ ਉਨ੍ਹਾਂ ਦੀ ਭਾਲ ਕੀਤੀ ਪਰ ਕੋਈ ਸੁੱਧ ਨਹੀਂ ਮਿਲੀ। ਤਿੰਨ ਸਾਲ ਇੰਤਜ਼ਾਰ ਕਰਨ ਤੋਂ ਬਾਅਦ ਪਰਿਵਾਰ ਨੇ ਉਮੀਦ ਛੱਡ ਦਿੱਤੀ ਅਤੇ ਉਨ੍ਹਾਂ ਨੂੰ ਮ੍ਰਿਤ ਮੰਨ ਲਿਆ। ਸਮਾਜਕ ਰਿਵਾਜਾਂ ਅਨੁਸਾਰ, ਉਨ੍ਹਾਂ ਦੀ ਪਤਨੀ ਦਾ ਵਿਆਹ ਛੋਟੇ ਭਰਾ ਨਾਲ ਕਰ ਦਿੱਤਾ ਗਿਆ। ਇਸ ਵਿਆਹ ਨੂੰ ਹੁਣ 22 ਸਾਲ ਹੋ ਚੁੱਕੇ ਹਨ ਅਤੇ ਦੋਹਾਂ ਦੇ ਦੋ ਬੱਚੇ ਵੀ ਹਨ। ਸਭ ਕੁਝ ਠੀਕ ਚੱਲ ਰਿਹਾ ਸੀ ਕਿ ਅਚਾਨਕ 25 ਸਾਲ ਬਾਅਦ ਹੰਸਾ ਸਿੰਘ ਵਾਪਸ ਆ ਗਏ।
**ਭਿਖਾਰੀ ਵਰਗੀ ਹਾਲਤ ਵਿੱਚ ਮਿਲੇ**
ਉੱਤਰ ਪ੍ਰਦੇਸ਼ ਦੇ ਨਰਥੌਰ ਦੇ ਨਵੇਂ ਬਾਜ਼ਾਰ ਵਿੱਚ ਇਕ ਵਿਅਕਤੀ ਫਟੇ ਕੱਪੜਿਆਂ ਅਤੇ ਲੰਮੀ ਦਾਢੀ ਨਾਲ ਭਟਕਦਾ ਮਿਲਿਆ। ਸਥਾਨਕ ਲੋਕਾਂ ਨੂੰ ਸ਼ੱਕ ਹੋਇਆ ਅਤੇ ਪੁਲਿਸ ਨੂੰ ਸੂਚਨਾ ਦਿੱਤੀ ਗਈ। ਥਾਣਾ ਇੰਚਾਰਜ ਰਵਿੰਦਰ ਪ੍ਰਤਾਪ ਸਿੰਘ ਮੌਕੇ ‘ਤੇ ਪਹੁੰਚੇ ਅਤੇ ਉਸ ਵਿਅਕਤੀ ਨਾਲ ਗੱਲਬਾਤ ਕੀਤੀ। ਸ਼ੁਰੂ ਵਿੱਚ ਉਹ ਕੁਝ ਸਾਫ਼ ਨਹੀਂ ਦੱਸ ਸਕਿਆ, ਪਰ ਹੌਲੀ-ਹੌਲੀ ਉਸਨੇ ਆਪਣਾ ਨਾਮ ਹੰਸਾ ਸਿੰਘ ਦੱਸਿਆ।
**ਪੁਲਿਸ ਦੀ ਜਾਂਚ**
ਪੁਲਿਸ ਨੇ ਗੰਭੀਰਤਾ ਨਾਲ ਜਾਂਚ ਸ਼ੁਰੂ ਕੀਤੀ ਅਤੇ ਸਥਾਨਕ ਲੋਕਾਂ ਦੀ ਮਦਦ ਨਾਲ ਉਸਦੀ ਪਹਿਚਾਣ ਕਰਨ ਦੀ ਕੋਸ਼ਿਸ਼ ਕੀਤੀ। ਪੰਜਾਬ ਪੁਲਿਸ ਨਾਲ ਵੀ ਸੰਪਰਕ ਕੀਤਾ ਗਿਆ। 72 ਘੰਟਿਆਂ ਵਿੱਚ ਪਰਿਵਾਰਕ ਮੈਂਬਰ ਨਰਥੌਰ ਪਹੁੰਚ ਗਏ। ਪਹਿਲਾਂ ਉਹ ਉਸਨੂੰ ਪਛਾਣ ਨਹੀਂ ਸਕੇ ਕਿਉਂਕਿ 25 ਸਾਲਾਂ ਵਿੱਚ ਉਸਦਾ ਰੂਪ ਬਦਲ ਚੁੱਕਾ ਸੀ। ਪਰ ਜਦੋਂ ਭਰਾਵਾਂ ਅਤੇ ਪਿੰਡ ਦੇ ਸਰਪੰਚ ਨੇ ਬਚਪਨ ਦੀਆਂ ਯਾਦਾਂ ਅਤੇ ਘਟਨਾਵਾਂ ਬਾਰੇ ਪੁੱਛਿਆ ਤਾਂ ਉਹ ਭਾਵੁਕ ਹੋ ਗਿਆ ਅਤੇ ਉਸਦੀ ਅੱਖਾਂ ‘ਚ ਹੰਝੂ ਆ ਗਏ।
**ਖੁਸ਼ੀ ਦੇ ਨਾਲ ਵੱਡੀ ਮੁਸ਼ਕਲ**
ਇਹ ਪਰਿਵਾਰ ਲਈ ਬਹੁਤ ਖੁਸ਼ੀ ਦਾ ਪਲ ਸੀ ਕਿ ਜੋ ਮੈਂਬਰ ਸਦਾ ਲਈ ਖੋ ਗਿਆ ਸੀ, ਉਹ ਵਾਪਸ ਮਿਲ ਗਿਆ। ਪਰ ਇਸ ਨਾਲ ਇੱਕ ਵੱਡੀ ਸਮੱਸਿਆ ਵੀ ਖੜ੍ਹੀ ਹੋ ਗਈ। ਸਭ ਤੋਂ ਵੱਡੀ ਚੁਣੌਤੀ ਵਿਮਲਾ ਦੇਵੀ ਸਾਹਮਣੇ ਹੈ—ਉਹ ਹੁਣ ਕਿਸਨੂੰ ਤਰਜੀਹ ਦੇਵੇ? ਇੱਕ ਪਾਸੇ ਉਸਦਾ ਪਹਿਲਾ ਪਤੀ ਹੰਸਾ ਸਿੰਘ ਹੈ ਜੋ 25 ਸਾਲ ਬਾਅਦ ਵਾਪਸ ਆਇਆ ਹੈ, ਦੂਜੇ ਪਾਸੇ ਸੁਖ ਸਿੰਘ ਹੈ ਜਿਸਨੇ 22 ਸਾਲ ਉਸਦਾ ਸਾਥ ਦਿੱਤਾ ਅਤੇ ਉਹਨਾਂ ਦੇ ਤਿੰਨ ਬੱਚਿਆਂ ਦਾ ਪਿਤਾ ਹੈ।
**ਭਾਵਨਾਤਮਕ ਉਲਝਣ ਦਾ ਮਾਹੌਲ**
ਇਸ ਘਟਨਾ ਨੇ ਸਿਰਫ਼ ਭਾਵਨਾਤਮਕ ਹੀ ਨਹੀਂ, ਸਗੋਂ ਸਮਾਜਕ ਅਤੇ ਕਾਨੂੰਨੀ ਪੱਧਰ ‘ਤੇ ਵੀ ਇੱਕ ਵੱਡੀ ਪਹੇਲੀ ਖੜ੍ਹੀ ਕਰ ਦਿੱਤੀ ਹੈ। ਪਰਿਵਾਰ ਬਹੁਤ ਮੁਸ਼ਕਲ ਹਾਲਾਤ ਵਿੱਚ ਹੈ। ਇਸ ਸਾਰੇ ਮਾਮਲੇ ਵਿੱਚ ਨਰਥੌਰ ਪੁਲਿਸ ਦੀ ਭੂਮਿਕਾ ਦੀ ਵੀ ਕਾਫੀ ਸਰਾਹਨਾ ਹੋ ਰਹੀ ਹੈ। ਉਨ੍ਹਾਂ ਨੇ ਸੰਵੇਦਨਸ਼ੀਲ ਤਰੀਕੇ ਨਾਲ ਉਸ ਵਿਅਕਤੀ ਦੀ ਪਛਾਣ ਕੀਤੀ ਜਿਸਨੂੰ ਲੋਕ ਭਿਖਾਰੀ ਸਮਝ ਰਹੇ ਸਨ, ਉਸਦੀ ਸੰਭਾਲ ਕੀਤੀ, ਨਵੇਂ ਕੱਪੜੇ ਦਿੱਤੇ ਅਤੇ ਧੀਰਜ ਨਾਲ ਗੱਲਬਾਤ ਕਰਕੇ ਉਸਨੂੰ ਉਸਦੇ ਪਰਿਵਾਰ ਨਾਲ ਮਿਲਾਇਆ।
ਪਤਨੀ ਵੱਲੋਂ ਇਨਕਾਰ, ਭਰਾਵਾਂ ਦਾ ਸਹਾਰਾ
ਸਭ ਤੋਂ ਦਰਦਨਾਕ ਪਲ ਉਹ ਸੀ ਜਦੋਂ ਹੰਸਾ ਸਿੰਘ ਨੂੰ ਆਪਣੀ ਪਤਨੀ ਵੱਲੋਂ ਸਵੀਕਾਰ ਨਾ ਕੀਤਾ ਗਿਆ। ਸਮੇਂ ਨੇ ਉਸਦੇ ਲਈ ਨਵਾਂ ਰਾਹ ਬਣਾਇਆ ਸੀ, ਜਿਸ ਵਿੱਚ ਹੰਸਾ ਸਿੰਘ ਲਈ ਕੋਈ ਜਗ੍ਹਾ ਨਹੀਂ ਬਚੀ ਸੀ।
ਅਜਿਹੇ ਹਾਲਾਤ ਵਿੱਚ ਹੁਣ ਹੰਸਾ ਸਿੰਘ ਆਪਣੇ ਭਰਾਵਾਂ ਦੇ ਨਾਲ ਰਹਿ ਰਹੇ ਹਨ—ਉਹੀ ਭਰਾ ਜਿਨ੍ਹਾਂ ਨਾਲ ਕਦੇ ਖੇਡਦੇ-ਕੂਦਦੇ ਬਚਪਨ ਬਤੀਤ ਕੀਤਾ ਸੀ, ਅੱਜ ਉਹੀ ਉਸਦਾ ਇਕੱਲਾ ਸਹਾਰਾ ਬਣੇ ਹੋਏ ਹਨ।
ਭਿਖਾਰੀ ਵਰਗੀ ਹਾਲਤ ਤੋਂ ਘਰ ਦੀ ਚੌਖਟ ਤੱਕ
ਉੱਤਰ ਪ੍ਰਦੇਸ਼ ਦੇ ਨਰਥੌਰ ਦੇ ਬਾਜ਼ਾਰ ਵਿੱਚ ਫਟੇ ਕੱਪੜਿਆਂ, ਬੇਤਰਤੀਬ ਦਾਢੀ ਅਤੇ ਗੁੰਝਲਦਾਰ ਯਾਦਾਂ ਨਾਲ ਭਟਕਦਾ ਮਿਲਿਆ ਇਹ ਵਿਅਕਤੀ, ਕਿਸੇ ਨੂੰ ਵੀ ਇਹ ਅੰਦਾਜ਼ਾ ਨਹੀਂ ਸੀ ਕਿ ਇਹ ਇੱਕ ਘਰ ਦਾ ਗੁੰਮ ਹੋਇਆ ਮੈਂਬਰ ਹੈ। ਪੁਲਿਸ ਦੀ ਸੰਵੇਦਨਸ਼ੀਲ ਕਾਰਵਾਈ ਅਤੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ, ਉਹ ਆਪਣੇ ਘਰ ਦੀ ਚੌਖਟ ਤੱਕ ਪਹੁੰਚ ਗਿਆ।
ਪਿੰਡ ਦੀ ਅਪੀਲ: ਇਲਾਜ ਤੇ ਸਹਾਇਤਾ ਦੀ ਲੋੜ
ਇਸ ਮਾਮਲੇ ‘ਚ ਪਿੰਡ ਦੇ ਸਰਪੰਚ ਮਲਕੀਤ ਸਿੰਘ , ਕਿਸਾਨ ਆਗੂ ਗੁਰਸੇਵਕ ਸਿੰਘ ਸ਼ਿਵ ਦਿਆਲ ਵਾਲਾ ਅਤੇ ਹੋਰ ਮੁਹਤਬਰ ਵਿਅਕਤੀਆਂ ਨੇ ਵੀ ਗੱਲਬਾਤ ਦੌਰਾਨ ਦੱਸਿਆ ਕਿ ਹੰਸਾ ਸਿੰਘ ਦੀ ਮਾਨਸਿਕ ਹਾਲਤ ਠੀਕ ਨਹੀਂ ਹੈ ਅਤੇ ਉਸਨੂੰ ਇਲਾਜ ਦੀ ਸਖ਼ਤ ਲੋੜ ਹੈ। ਨਾਲ ਹੀ ਉਨ੍ਹਾਂ ਨੇ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਸ ਦਾ ਇਲਾਜ ਕਰਵਾਇਆ ਜਾਵੇ ਸਰਕਾਰ ਵੱਲੋਂ ਅਤੇ ਉਸ ਲਈ ਕੋਈ ਪੈਨਸ਼ਨ ਜਾਂ ਆਰਥਿਕ ਸਹਾਇਤਾ ਵੀ ਲਗਾਈ ਜਾਵੇ, ਤਾਂ ਜੋ ਉਹ ਆਪਣੀ ਬਾਕੀ ਜ਼ਿੰਦਗੀ ਕੁਝ ਸਹਾਰੇ ਨਾਲ ਬਿਤਾ ਸਕੇ।
ਕਿਉਂਕਿ ਇਹ ਪਰਿਵਾਰ ਬੇਜ਼ਮੀਨਾ ਹੈ, ਆਪਣੇ ਨਾਂ ‘ਤੇ ਕੋਈ ਜ਼ਮੀਨ ਜਾਂ ਵੱਡਾ ਸਹਾਰਾ ਨਹੀਂ। ਅਜਿਹੇ ਵਿੱਚ ਹੰਸਾ ਸਿੰਘ ਦੀ ਜ਼ਿੰਦਗੀ ਹੁਣ ਪੂਰੀ ਤਰ੍ਹਾਂ ਆਪਣੇ ਭਰਾਵਾਂ ਦੀ ਮਿਹਰਬਾਨੀ ‘ਤੇ ਟਿਕੀ ਹੋਈ ਹੈ।
ਸਵਾਲਾਂ ਦੇ ਘੇਰੇ ‘ਚ ਰਿਸ਼ਤੇ ਤੇ ਸਮਾਜ
ਇਹ ਘਟਨਾ ਸਿਰਫ਼ ਇੱਕ ਪਰਿਵਾਰ ਦੀ ਕਹਾਣੀ ਨਹੀਂ, ਸਗੋਂ ਸਮਾਜ ਲਈ ਵੀ ਇੱਕ ਵੱਡਾ ਸਵਾਲ ਹੈ—ਕੀ ਸਮਾਂ ਬੀਤ ਜਾਣ ਨਾਲ ਰਿਸ਼ਤੇ ਖਤਮ ਹੋ ਜਾਂਦੇ ਹਨ? ਜਾਂ ਫਿਰ ਵਾਪਸੀ ਕਰਨ ਵਾਲੇ ਲਈ ਵੀ ਕੋਈ ਜਗ੍ਹਾ ਹੋਣੀ ਚਾਹੀਦੀ ਹੈ?
ਇੱਕ ਪਾਸੇ ਕਾਨੂੰਨ, ਦੂਜੇ ਪਾਸੇ ਸਮਾਜਕ ਰਿਵਾਜ, ਤੇ ਸਭ ਤੋਂ ਉੱਪਰ ਮਨੁੱਖੀ ਭਾਵਨਾਵਾਂ—ਇਹ ਤਿੰਨੇ ਹੀ ਇਸ ਕਹਾਣੀ ਵਿੱਚ ਇਕ ਦੂਜੇ ਨਾਲ ਟਕਰਾ ਰਹੇ ਹਨ…
ਅਖੀਰ ‘ਚ ਬਚ ਜਾਂਦੀ ਹੈ ਸਿਰਫ਼ ਇੱਕ ਤਸਵੀਰ—ਇੱਕ ਵਿਅਕਤੀ ਜੋ 25 ਸਾਲਾਂ ਬਾਅਦ ਆਪਣੇ ਘਰ ਤਾਂ ਵਾਪਸ ਆ ਗਿਆ, ਪਰ ਆਪਣੀ ਜ਼ਿੰਦਗੀ ਅਜੇ ਵੀ ਲੱਭ ਰਿਹਾ ਹੈ…
Click to Follow Babushahi Facebook Page →