Babushahi Special ਕਿਸਾਨੀ ਸੰਕਟ: ਸੁੰਨੇ ਸੁੰਨੇ ਰਾਹਾਂ ਵਿੱਚ ਕੋਈ ਕੋਈ ਪੈੜ ਏ ਇੱਕ ਦਿਲ ਹੀ ਉਦਾਸ ਏ ਬਾਕੀ ਸਭ ਖੈਰ ਏ
ਅਸ਼ੋਕ ਵਰਮਾ
ਬਠਿੰਡਾ , 12 ਅਪ੍ਰੈਲ 2026 : ਤਖਤ ਸ੍ਰੀ ਦਮਦਮਾ ਸਾਹਿਬ ਦੀ ਵਿਸਾਖੀ ਮੌਕੇ ਐਤਕੀਂ ਦਮਾਮੇ ਨਹੀਂ ਵੱਜਣਗੇ। ਕਿਸਾਨਾਂ ਨੇ ਇਸ ਵਾਰ ਖੇਤਾਂ ਅਤੇ ਫਸਲਾਂ ਦੀ ਸੁੱਖ ਮੰਗਣ ਨੂੰ ਪਹਿਲ ਦਿੱਤੀ ਹੈ। ਐਤਕੀਂ ਨਾਂ ਖੇਤਾਂ ਦੀ ਰਾਖੀ ਮੁੱਕੀ ਅਤੇ ਨਾਂ ਹੀ ਕਿਸਾਨਾਂ ਦੇ ਫਿਕਰ ਮੁੱਕੇ ਹਨ ਜਿੰਨ੍ਹਾਂ ਦੀਆਂ ਗੜੇਮਾਰੀ ਨੇ ਫਸਲਾਂ ਤਬਾਹ ਕਰ ਦਿੱਤੀਆਂ ਹਨ । ਖੇਤੀ ਮਹਿਕਮੇ ਦੀ ਰਿਪੋਰਟ ਅਨੁਸਾਰ ਸੱਤ ਜ਼ਿਲਿ੍ਹਆਂ ’ਚ ਹੁਣ ਤੱਕ 1.25 ਲੱਖ ਏਕੜ ਫ਼ਸਲ ਨੁਕਸਾਨੀ ਗਈ ਹੈ । ਸਭ ਤੋਂ ਵੱਧ ਨੁਕਸਾਨ ਜ਼ਿਲ੍ਹਾ ਫ਼ਾਜ਼ਿਲਕਾ ’ਚ 43978 ਏਕੜ ਦਾ ਹੋਇਆ ਹੈ ਜਦੋਂਕਿ ਮੁਕਤਸਰ ਜਿਲ੍ਹੇ ’ਚ 42,700 ਏਕੜ , ਬਠਿੰਡਾ ਜ਼ਿਲ੍ਹੇ ’ਚ 20,430 ਏਕੜ ਅਤੇ ਮਾਨਸਾ ਜ਼ਿਲ੍ਹੇ ’ਚ 3650 ਏਕੜ ਫ਼ਸਲ ਪ੍ਰਭਾਵਿਤ ਹੋਈ ਹੈ। ਰਿਪੋਰਟ ਅਨੁਸਾਰ 31 ਮਾਰਚ ਅਤੇ ਪਹਿਲੀ ਅਪਰੈਲ ਨੂੰ ਸਭ ਤੋਂ ਵੱਧ 81,112 ਏਕੜ ਫ਼ਸਲ ਨੁਕਸਾਨੀ ਗਈ ਹੈ। ਮਾਲਵਾ ਪੱਟੀ ’ਚ ਜਿਆਦਾ ਨੁਕਸਾਨ 30-31 ਮਾਰਚ ਨੂੰ ਨੁਕਸਾਨ ਹੋਇਆ ਹੈ।
ਕਣਕ ਦੀ ਸੁਨਹਿਰੀ ਦਿਖਾਈ ਦਿੰਦੀ ਫਸਲ ਦੇ ਅਚਾਨਕ ਤਬਾਹ ਹੋਣ ਕਾਰਨ ਪੇਂਡੂ ਅਰਥਚਾਰਾ ਪੂਰੀ ਤਰ੍ਹਾਂ ਨਿਸਲ ਹੋ ਗਿਆ ਹੈ, ਜਿਸ ਨੇ ਕਿਸਾਨੀ ਦੇ ਖੀਸੇ ਖਾਲੀ ਕਰ ਦਿੱਤੇ ਹਨ। ਇਕੱਲੀ ਆਰਥਿਕਤਾ ਹੀ ਨਹੀਂ ਡਗਮਗਾਈ ਬਲਕਿ ਫਸਲਾਂ ਦੀ ਬਰਬਾਦੀ ਮਗਰੋਂ ਪਿੰਡਾਂ ਦੀ ਕਿਸਾਨੀ ਨੂੰ ਸਮਾਜੀ ਸੰਕਟ ਨੇ ਵੀ ਹਲੂਣ ਦਿੱਤਾ ਹੈ। ਕਈ ਥਾਈਂ ਬੇਵੱਸ ਕਿਸਾਨਾਂ ਨੂੰ ਜਵਾਨ ਧੀਆਂ ਦੇ ਵਿਆਹ ਸਾਹੇ ਪਿੱਛੇ ਪਾਉਣੇ ਪੈ ਗਏ ਹਨ। ਬਠਿੰਡਾ ਜਿਲ੍ਹੇ ’ਚ ਬਲਾਕ ਸੰਗਤ ਦੇ ਪਿੰਡ ਰਾਏਕੇ ਕਲਾਂ ਵਾਸੀ ਕਿਸਾਨ ਜਸਵੀਰ ਸਿੰਘ ਨੇ 10 ਏਕੜ ’ਚ ਕਣਕ ਬੀਜੀ ਸੀ ਜਿਸ ਚੋਂ 5 ਏਕੜ 80 ਹਜ਼ਾਰ ਰੁਪਏ ਪ੍ਰਤੀ ਏਕੜ ਠੇਕੇ ਤੇ ਲਈ ਸੀ। ਕਿਸਾਨ ਨੂੰ ਕਣਕ ਦੀ ਫਸਲ ਤੋਂ ਵੱਡੀਆਂ ਉਮੀਦਾਂ ਸਨ ਪਰ ਗੜੇਮਾਰੀ ਨੇ ਖੇਤ ’ਚ ਖਲੋਤੀ 80 ਫੀਸਦੀ ਤੋਂ ਵੱਧ ਫਸਲ ਨਸ਼ਟ ਕਰ ਦਿੱਤੀ ਹੈ। ਅਕਤੂਬਰ ’ਚ ਧੀਅ ਦਾ ਵਿਆਹ ਰੱਖਿਆ ਸੀ ਜੋ ਪ੍ਰੀਵਾਰ ਲਈ ਸੰਕਟ ਬਣ ਗਿਆ ਹੈ।
ਇਕੱਲਾ ਜਸਵੀਰ ਸਿੰਘ ਹੀ ਨਹੀਂ ਦਰਜਨਾਂ ਕਿਸਾਨਾਂ ਲਈ ਧੀਆਂ ਨੂੰ ਬੂਹੇ ਤੋਂ ਉਠਾਉਣਾ ਪਰਬਤੋਂ ਭਾਰਾ ਕਾਰਜ ਬਣ ਗਿਆ ਹੈ। ਮੁਕਤਸਰ ਜਿਲ੍ਹੇ ਦੇ ਕਈ ਕਿਸਾਨਾਂ ਨੂੰ ਵਿਆਹ ਸਮਾਗਮ ਰੋਕਣੇ ਪਏ ਹਨ। ਇੱਕ ਕਿਸਾਨ ਨੇ ਧੀਅ ਫਾਜ਼ਿਲਕਾ ਜਿਲ੍ਹੇ ’ਚ ਮੰਗੀ ਸੀ। ਕੁਦਰਤ ਦੀ ਮਾਰ ਨੇ ਦੋਵਾਂ ਪ੍ਰੀਵਾਰਾਂ ਦੀ ਫਸਲ ਖਰਾਬ ਕਰ ਦਿੱਤੀ ਹੈ। ਦਾਵਾਂ ਪ੍ਰੀਵਾਰਾਂ ’ਚ ਹੁਣ ਬਚੀ ਖੁਚੀ ਫਸਲ ਸਮੇਟਣ ਅਤੇ ਮੁਆਵਜਾ ਮਿਲਣ ਮਗਰੋਂ ਕੁੜੀ ਨੂੰ ਚੁੰਨੀ ਚੜ੍ਹਾਕੇ ਵਿਦਾ ਕਰਨ ’ਤੇ ਸਹਿਮਤੀ ਬਣੀ ਹੈ। ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਆਗੂ ਜਗਸੀਰ ਸਿੰਘ ਝੁੰਬਾ ਦਾ ਕਹਿਣਾ ਸੀ ਕਿ ਜਦੋਂ ਕੁਦਰਤ ਵਿਹੜਾ ਮੱਲਦੀ ਹੈ ਤਾਂ ਉਦੋਂ ਧੀਆਂ ਦੇ ਅਰਮਾਨਾਂ ਨੂੰ ਵੀ ਬਣਵਾਸ ਕੱਟਣਾ ਪੈਂਦਾ ਹੈ। ਧੀਆਂ ਨਾਲ ਤਾਂ ਸੰਜੋਗਾਂ ਦੀ ਖੇਡ ਵੀ ਖੇਡਾਂ ਖੇਡਦੀ ਹੈ। ਫਸਲਾਂ ਦੇ ਖਰਾਬੇ ਕਾਰਨ ਨਰਮਾ ਪੱਟੀ ’ਚ ਕਿਸਾਨਾਂ ਲਈ ਧੀਆਂ ਨੂੰ ਤੋਰਨਾ ਸੌਖਾ ਨਹੀਂ ਰਿਹਾ, ਚਮਕ-ਦਮਕ ਵਾਲੇ ਵਿਆਹ ਤਾਂ ਦੂਰ ਦੀ ਗੱਲ ਹੈ।
ਮਾਨਸਾ ਦੇ ਪਿੰਡ ਹਰੀ ਸਿੰਘ ਵਾਲਾ ਦਾ ਕਿਸਾਨ ਗੁਰਤੇਜ ਸਿੰਘ ਕੋਲ 10 ਏਕੜ ਜਮੀਨ ਹੈ ਅਤੇ 5 ਏਕੜ ਠੇਕੇ ’ਤੇ ਲਈ ਸੀ ਜਿਸ ’ਚ ਕ੍ਰਮਵਾਰ ਕਣਕ ਅਤੇ ਸਬਜੀਆਂ ਬੀਜੀਆਂ ਸਨ। ਸੋਚਿਆ ਸੀ ਫਸਲ ਆਏਗੀ ਤਾਂ ਘਰ ਦੀ ਮੁਰੰਮਤ ਹੋਵੇਗੀ ਪਰ ਗੜੇਮਾਰੀ ਨੇ 70 ਫੀਸਦੀ ਫਸਲ ਤਬਾਹ ਕਰ ਦਿੱਤੀ ਹੈ। ਹੁਣ ਇਹ ਕਿਸਾਨ ਮਾਨਸਿਕ ਤੌਰ ’ਤੇ ਪ੍ਰੇਸ਼ਾਨ ਹੈ ਕਿ ਜਮੀਨ ਦਾ ਠੇਕਾ ਕਿੱਥੋਂ ਮੋੜੇਗਾ। ਲੂਲਬਾਈ ਦੇ ਕਿਸਾਨ ਅਜਮੇਰ ਸਿੰਘ ਨੇ ਆਪਣੇ ਭਰਾ ਭਰਪੂਰ ਸਿੰਘ ਨਾਲ ਮਿਲਕੇ 30 ਏਕੜ ’ਚ ਕਣਕ ਬੀਜੀ ਸੀ ਜਿਸ ਚੋਂ 80 ਫੀਸਦੀ ਗੜਿਆਂ ਨੇ ਤਬਾਹ ਕਰ ਦਿੱਤੀ। ਕਰੀਬ ਮਹੀਨਾ ਪਹਿਲਾਂ ਕੈਂਸਰ ਕਾਰਨ ਭਤੀਜੇ ਦੀ ਮੌਤ ਹੋ ਗਈ ਸੀ ਜਿਸ ਦੀ ਬਿਮਾਰੀ ’ਤੇ 15 ਤੋਂ 20 ਲੱਖ ਖਰਚਾ ਆਇਆ ਸੀ। ਉਮੀਦ ਸੀ ਕਿ ਚੰਗੀ ਫਸਲ ਕਰਕੇ ਘਰ ਦੇ ਆਰਥਿਕ ਹਾਲਾਤ ਸੁਧਰਨਗੇ ਪਰ ਹੁਣ ਤਾਂ ਕਰਜੇ ਦਾ ਵਿਆਜ ਮੋੜਨ ਦਾ ਫਿਕਰ ਸਤਾ ਰਿਹਾ ਹੈ।
ਸਮਾਜਿਕ ਕਾਰਜਾਂ ਦੇ ਅਸਰ : ਮਾਨ
ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੇ ਜ਼ਿਲ੍ਹਾ ਪ੍ਰਧਾਨ ਸ਼ਿੰਗਾਰਾ ਸਿੰਘ ਮਾਨ ਦਾ ਕਹਿਣਾ ਹੈ ਕਿ ਖੇਤਾਂ ਦੇ ਖਰਾਬੇ ਕਾਰਨ ਸਮਾਜਿਕ ਕਾਰ-ਵਿਹਾਰ ਵੀ ਪ੍ਰਭਾਵਿਤ ਹੋਣੇ ਲਾਜਮੀ ਹਨ । ਉਨ੍ਹਾਂ ਕਿਹਾ ਕਿ ਬਹੁਤੇ ਕਿਸਾਨਾਂ ਨੂੰ ਮਜਬੂਰੀ ਵੱਸ ਵਿਆਹ ਸਾਹੇ ਵੀ ਕਰਜ਼ੇ ਚੁੱਕ ਕੇ ਕਰਨੇ ਪੈਣੇ ਹਨ। ਉਨ੍ਹਾਂ ਆਖਿਆ ਕਿ ਸਰਕਾਰ ਨੂੰ ਚਾਹੀਦਾ ਹੈ ਕਿ ਅਜਿਹੇ ਕਿਸਾਨ ਪਰਿਵਾਰਾਂ ਵਾਸਤੇ ਵੀ ਕੋਈ ਸ਼ਗਨ ਸਕੀਮ ਸ਼ੁਰੂ ਕਰੇੇ। ਉਨ੍ਹਾਂ ਗੜੇਮਾਰੀ ਦੇ ਮਾਰ ਹੇਠ ਆਏ ਕਿਸਾਨਾਂ ਨੂੰ ਘਟ ਤੋਂ ਘੱਟ 50 ਹਜ਼ਾਰ ਰੁਪਏ ਪ੍ਰਤੀ ਏਕੜ ਮੁਆਵਜਾ ਦੇਣ ਅਤੇ ਸਹਿਕਾਰੀ ਕਰਜਿਆਂ ਦਾ ਵਿਆਜ ਮੁਆਫ ਕਰਨ ਦੀ ਮੰਗ ਵੀ ਕੀਤੀ।
ਪੂਰਾ ਕਾਰੋਬਾਰੀ ਚੱਕਰ ਪ੍ਰਭਾਵਿਤ
ਹੋਟਲ ਐਂਡ ਮੈਰਿਜ ਪੈਲੇਸ ਐਸੋਸੀਏਸ਼ਨ ਦੇ ਪ੍ਰਧਾਨ ਸਤੀਸ਼ ਅਰੋੜਾ ਦਾ ਕਹਿਣਾ ਸੀ ਕਿ ਪੰਜਾਬ ਦੀ ਆਰਥਿਕਤਾ ਅਤੇ ਕਾਰੋਬਾਰੀ ਚੱਕਰ ਕਿਸਾਨੀ ਨਾਲ ਜੁੜਿਆ ਹੋਇਆ ਹੈ। ਉਨ੍ਹਾਂ ਕਿਹਾ ਕਿ ਫਸਲਾਂ ਦੀ ਤਬਾਹੀ ਕਾਰਨ ਪੂਰਾ ਕਾਰੋਬਾਰ ਹੀ ਪ੍ਰਭਾਵਿਤ ਹੋਣਾ ਤੈਅ ਹੈ। ਉਨ੍ਹਾਂ ਕਿਹਾ ਕਿ ਜਦੋਂ ਚਿੱਟੀ ਮੱਖੀ ਨੇ ਹੱਲਾ ਬੋਲਿਆ ਸੀ ਤਾਂ ਵਿਆਹ ਸਾਹੇ ਕਾਫੀ ਘੱਟ ਹੋਏ ਸਨ ਅਤੇ ਐਤਕੀਂ ਵੀ ਸਥਿਤੀ ਕੋਈ ਬਹੁਤੀ ਵਧੀਆ ਨਜ਼ਰ ਨਹੀਂ ਆ ਰਹੀ ਹੈ।
Click to Follow Babushahi Facebook Page →