27 ਲੱਖ ਰੁਪਏ ਦੀ ਲਾਗਤ ਨਾਲ ਖੰਨਾ ਵਿੱਚ ਨਵਾਂ ਮੁਹੱਲਾ ਕਲੀਨਿਕ ਸ਼ੁਰੂ, ਮੰਤਰੀ ਸੌਂਦ ਨੇ ਕੀਤਾ ਉਦਘਾਟਨ
*ਖੰਨਾ ਹਲਕੇ ਵਿੱਚ ਹੁਣ 7 ਮੁਹੱਲਾ ਕਲੀਨਿਕ, ਇਲਾਕੇ ਨੂੰ ਵੱਡੀ ਰਾਹਤ*
*ਪੰਜਾਬ ਵਿੱਚ 990 ਮੁਹੱਲਾ ਕਲੀਨਿਕ ਚਾਲੂ ਅਤੇ ਜਲਦ 400 ਹੋਰ ਮੁਹੱਲਾ ਕਲੀਨਿਕ ਖੋਲ੍ਹੇ ਜਾਣਗੇ: ਤਰੁਨਪ੍ਰੀਤ ਸਿੰਘ ਸੌਂਦ*
*ਮੰਤਰੀ ਸੌਂਦ ਵੱਲੋਂ ਲੋਕਾਂ ਨੂੰ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਹੇਠ 10 ਲੱਖ ਦਾ ਕਾਰਡ ਬਣਾਉਣ ਦੀ ਅਪੀਲ*
Ravinder Singh
ਖੰਨਾ, ਲੁਧਿਆਣਾ, 28 ਮਾਰਚ 2026- ਹਲਕਾ ਖੰਨਾ ਦੇ ਵਿਧਾਇਕ ਅਤੇ ਪੰਜਾਬ ਦੇ ਕੈਬਨਿਟ ਮੰਤਰੀ ਸ੍ਰੀ ਤਰੁਨਪ੍ਰੀਤ ਸਿੰਘ ਸੌਂਦ ਨੇ ਸਿਹਤ ਸੇਵਾਵਾਂ ਨੂੰ ਲੋਕਾਂ ਦੇ ਦਰਵਾਜ਼ੇ ਤਕ ਪਹੁੰਚਾਉਣ ਦੇ ਉਦੇਸ਼ ਨਾਲ ਸ਼ਨੀਵਾਰ ਨੂੰ ਨਿਊ ਮਾਡਲ ਟਾਊਨ, ਅਮਲੋਹ ਰੋਡ, ਵਾਰਡ ਨੰਬਰ 8, ਖੰਨਾ ਵਿਖੇ ਕਰੀਬ 27 ਲੱਖ ਰੁਪਏ ਦੀ ਲਾਗਤ ਨਾਲ ਨਵੇਂ ਤਿਆਰ ਕੀਤੇ ਆਮ ਆਦਮੀ ਕਲੀਨਿਕ ਦਾ ਉਦਘਾਟਨ ਕੀਤਾ।
ਕੈਬਨਿਟ ਮੰਤਰੀ ਸ੍ਰੀ ਤਰੁਨਪ੍ਰੀਤ ਸਿੰਘ ਸੌਂਦ ਨੇ ਕਿਹਾ ਕਿ ਅੱਜ ਪੂਰੇ ਪੰਜਾਬ ਵਿੱਚ ਮੁੱਖ ਮੰਤਰੀ ਸ੍ਰੀ ਭਗਵੰਤ ਸਿੰਘ ਮਾਨ ਅਤੇ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਸ੍ਰੀ ਅਰਵਿੰਦ ਕੇਜਰੀਵਾਲ ਵੱਲੋਂ 109 ਹੋਰ ਮੁਹੱਲਾ ਕਲੀਨਿਕਾਂ ਦੀ ਸ਼ੁਰੂਆਤ ਕੀਤੀ ਗਈ ਹੈ। ਹੁਣ ਪੂਰੇ ਪੰਜਾਬ ਵਿੱਚ ਕੁੱਲ 990 ਮੁਹੱਲਾ ਕਲੀਨਿਕ ਬਣ ਚੁੱਕੇ ਹਨ। ਇਹਨਾਂ ਮੁਹੱਲਾ ਕਲੀਨਿਕਾਂ ਵਿੱਚੋਂ 5 ਕਰੋੜ ਤੋਂ ਵੱਧ ਲੋਕ ਲਾਭ ਉਠਾ ਚੁੱਕੇ ਹਨ। ਇਹਨਾਂ ਵਿੱਚੋਂ 1 ਕਰੋੜ ਲੋਕ ਉਹ ਹਨ ਜਿਨ੍ਹਾਂ ਨੇ ਇੱਕ ਵਾਰ ਦਵਾਈ ਲਈ ਹੈ, ਉਹਨਾਂ ਨੂੰ ਦੁਬਾਰਾ ਦਵਾਈ ਦੀ ਜਰੂਰਤ ਨਹੀਂ ਪਈ। ਕਰੀਬ 3 ਕਰੋੜ ਲੋਕ ਅਜਿਹੇ ਹਨ ਜਿਨ੍ਹਾਂ ਨੇ 2-3 ਵਾਰ ਜਨਰਲ ਚੈੱਕਅੱਪ ਕਰਵਾਇਆ ਅਤੇ 50-60 ਹਜ਼ਾਰ ਅਜਿਹੇ ਮਰੀਜ਼ ਹਨ ਜਿਨ੍ਹਾਂ ਦੀ ਲਗਾਤਾਰ ਦਵਾਈ ਚੱਲ ਰਹੀ ਹੈ। ਇਹ ਮੁਹੱਲਾ ਕਲੀਨਿਕ ਬੇਸਿਕ ਜ਼ਿੰਦਗੀ ਨੂੰ ਸਹਾਇਤਾ ਦੇਣ ਲਈ ਬਹੁਤ ਵੱਡਾ ਯੋਗਦਾਨ ਪਾ ਰਹੇ ਹਨ।
ਇਹਨਾਂ ਮੁਹੱਲਾ ਕਲੀਨਿਕਾਂ ਵਿੱਚ 107 ਕਿਸਮ ਦੀਆਂ ਦਵਾਈਆਂ ਉਪਲਬਧ ਹਨ। ਇੱਥੇ ਡਾਕਟਰ ਹਾਜ਼ਰ ਰਹਿੰਦੇ ਹਨ ਉਹਨਾਂ ਦੀ ਸਲਾਹ ਵੀ ਬਿਲਕੁਲ ਮੁਫਤ ਹੈ। ਖੰਨਾ ਦੇ ਇਸ ਇਲਾਕੇ ਨੂੰ ਬਹੁਤ ਵੱਡੀ ਰਾਹਤ ਮਿਲੇਗੀ। ਸਾਡੇ ਬਜ਼ੁਰਗਾਂ, ਮਾਤਾਵਾਂ-ਭੈਣਾਂ ਨੂੰ ਇਸ ਨਾਲ ਬਹੁਤ ਵੱਡੀ ਸਹੂਲਤ ਮਿਲੀ ਹੈ। ਭਗਵੰਤ ਸਿੰਘ ਮਾਨ ਦੀ ਸਰਕਾਰ ਲੋਕ ਪੱਖੀ ਸਰਕਾਰ ਹੈ ਜੋ ਲੋਕਾਂ ਦੀ ਰੋਜਾਨਾ ਜਿੰਦਗੀ ਦੀਆਂ ਜਰੂਰਤਾਂ ਨੂੰ ਸਮਝਦੀ ਹੈ।
ਮੰਤਰੀ ਸੌਂਦ ਨੇ ਦੱਸਿਆ ਕਿ ਖੰਨਾ ਹਲਕੇ ਵਿੱਚ 7 ਮਹੱਲਾ ਕਲੀਨਿਕ ਹੋ ਗਏ ਹਨ ਜਿਨ੍ਹਾਂ ਵਿੱਚੋਂ 3 ਪਿੰਡਾਂ ਵਿੱਚ ਚੱਲ ਰਹੇ ਸੀ, 3 ਖੰਨਾ ਸ਼ਹਿਰ ਵਿੱਚ ਚੱਲ ਰਹੇ ਸੀ ਅਤੇ ਅੱਜ ਇੱਕ ਹੋਰ ਮੁਹੱਲਾ ਕਲੀਨਿਕ ਖੁੱਲ੍ਹ ਗਿਆ ਹੈ।
ਉਹਨਾਂ ਕਿਹਾ ਕਿ ਅੱਜ ਮੁੱਖ ਮੰਤਰੀ ਸ੍ਰੀ ਭਗਵੰਤ ਸਿੰਘ ਮਾਨ ਅਤੇ ਕੌਮੀ ਕਨਵੀਨਰ ਸ੍ਰੀ ਅਰਵਿੰਦ ਕੇਜਰੀਵਾਲ ਕਹਿ ਕੇ ਗਏ ਹਨ ਕਿ ਆਉਣ ਵਾਲੇ ਦਿਨਾਂ ਵਿੱਚ ਪੂਰੇ ਪੰਜਾਬ ਵਿੱਚ 400 ਹੋਰ ਮੁਹੱਲਾ ਕਲੀਨਿਕ ਖੋਲ੍ਹੇ ਜਾਣਗੇ। ਜਿਸ ਨਾਲ ਹਰੇਕ ਹਲਕੇ ਵਿੱਚ 4 ਤੋਂ 5 ਮੁਹੱਲਾ ਕਲੀਨਿਕ ਹੋਰ ਆ ਜਾਣਗੇ। ਸੋ ਅਸੀਂ ਆਉਣ ਵਾਲੇ ਸਮੇਂ ਵਿੱਚ ਸਾਡੇ ਜਿਸ ਇਲਾਕੇ ਵਿੱਚ ਇਸ ਦੀ ਜਰੂਰਤ ਹੋਵੇਗੀ ਉਥੇ ਇਹ ਮੁਹੱਲਾ ਕਲੀਨਿਕ ਖੋਲਾਂਗੇ।
ਉਹਨਾਂ ਕਿਹਾ ਕਿ ਪਿਛਲੀਆਂ ਸਰਕਾਰਾਂ ਦੇ ਸਮੇਂ ਵਿੱਚ ਸਿਵਲ ਹਸਪਤਾਲ ਖੰਨਾ ਵਿੱਚ ਓ.ਪੀ.ਡੀ 300-400 ਤੋਂ ਜਿਆਦਾ ਨਹੀਂ ਸੀ। ਮੁਹੱਲਾ ਕਲੀਨਿਕ ਤਾਂ ਹੈ ਹੀ ਨਹੀਂ ਸਨ। ਡਾਕਟਰ ਸਾਹਿਬਾਨਾਂ ਦਾ ਕਹਿਣਾ ਹੈ ਕਿ ਜਦੋਂ ਤੋਂ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਹੈ ਉਦੋਂ ਤੋਂ ਸਰਕਾਰੀ ਹਸਪਤਾਲ 'ਤੇ ਲੋਕਾਂ ਦਾ ਯਕੀਨ ਇੰਨਾ ਵੱਧ ਗਿਆ ਹੈ ਕਿ ਇਸ ਸਮੇਂ ਹਸਪਤਾਲ ਦੀ ਓ.ਪੀ.ਡੀ 1500 ਤੋਂ ਪਾਰ ਕਰ ਚੁੱਕੀ ਹੈ ਅਤੇ ਪਹਿਲਾਂ ਤੋਂ ਚੱਲ ਰਹੇ 6 ਮਹੱਲਾ ਕਲੀਨਕਾਂ ਦੀ ਓ.ਪੀ.ਡੀ 1000 ਹੈ। ਸੋ ਜਦੋਂ ਕਰੀਬ 2500 ਬੰਦਾ ਹਰ ਰੋਜ਼ ਸਰਕਾਰੀ ਹਸਪਤਾਲਾਂ ਤੋਂ ਦਵਾਈ ਲੈ ਕੇ ਜਾਵੇ ਤਾਂ ਇਹ ਆਪਣੇ ਆਪ ਵਿੱਚ ਹੀ ਰਿਕਾਰਡ ਹੈ। ਅੱਜ ਇੱਕ ਹੋਰ ਨਵਾਂ ਮੁਹੱਲਾ ਕਲੀਨਿਕ ਖੁੱਲਿਆ ਹੈ ਇੱਥੇ ਵੀ ਰੋਜਾਨਾ 100 ਤੋਂ 150 ਬੰਦੇ ਦਾ ਚੈੱਕਅੱਪ ਹੋਵੇਗਾ। ਸੋ ਮੇਰੇ ਕਹਿਣ ਦਾ ਭਾਵ ਹੈ ਕਿ ਹੁਣ ਕਿਸੇ ਵਿਅਕਤੀ ਨੂੰ ਇਲਾਜ ਖੁਣੋ ਤੰਗ ਨਹੀਂ ਹੋਣਾ ਪਵੇਗਾ। ਇਸੇ ਲੜੀ ਤਹਿਤ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਦਾ ਸਿਹਤ ਕਾਰਡ ਬਣ ਰਿਹਾ ਹੈ, ਉਹ 10 ਲੱਖ ਰੁਪਏ ਦਾ ਕਾਰਡ ਹਰੇਕ ਬੰਦੇ ਨੂੰ ਜਰੂਰ ਬਣਾਉਣਾ ਚਾਹੀਦਾ ਹੈ ਕਿਉਂਕਿ ਜਿੱਥੇ ਇਹ ਯੋਜਨਾ ਕੰਮ ਕਰ ਸਕਦੀ ਹੈ ਉਥੇ ਹੋਰ ਕੋਈ ਨਹੀਂ ਖੜ੍ਹ ਸਕਦਾ। ਇਹ ਕਾਰਡ ਮਰੀਜ਼ ਦੀ ਵੱਡੀ ਤੋਂ ਵੱਡੀ ਬਿਮਾਰੀ ਦੇ ਇਲਾਜ ਵਿੱਚ ਮਦਦ ਕਰੇਗਾ।
Click to Follow Babushahi Facebook Page →