ਵਾਹਗਾ ਬਾਰਡਰ ਖੋਲ੍ਹੋ-ਵਪਾਰ ਵਧਾਓ; ਸਿਮਰਨਜੀਤ ਮਾਨ ਦੀ ਅਗਵਾਈ ਹੇਠ ਮਾਰਚ; ਵਰਕਰਾਂ ਦੀ ਸੁਰੱਖਿਆ ਬਲਾਂ ਨਾਲ ਹੋਈ ਝੜਪ
ਅੰਮ੍ਰਿਤਸਰ/ਅਟਾਰੀ, 28 ਮਾਰਚ, 2026: ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਦੀ ਅਗਵਾਈ ਹੇਠ ਅੱਜ ਅੰਮ੍ਰਿਤਸਰ ਤੋਂ ਵਾਹਗਾ ਬਾਰਡਰ ਤੱਕ ਇੱਕ ਵਿਸ਼ਾਲ ਰੋਸ ਮਾਰਚ ਕੱਢਿਆ ਗਿਆ। ਇਸ ਦੌਰਾਨ ਮਾਹੌਲ ਉਸ ਸਮੇਂ ਤਣਾਅਪੂਰਨ ਹੋ ਗਿਆ ਜਦੋਂ ਬਾਰਡਰ ਨੇੜੇ ਪਾਰਟੀ ਵਰਕਰਾਂ ਦੀ ਸੁਰੱਖਿਆ ਬਲਾਂ ਨਾਲ ਤਿੱਖੀ ਝੜਪ ਹੋ ਗਈ।
ਮਾਰਚ ਦੌਰਾਨ ਸਿਮਰਨਜੀਤ ਸਿੰਘ ਮਾਨ ਨੇ ਕੇਂਦਰ ਦੀ ਮੋਦੀ ਸਰਕਾਰ 'ਤੇ ਪੰਜਾਬ ਨਾਲ ਵਿਤਕਰਾ ਕਰਨ ਦੇ ਗੰਭੀਰ ਇਲਜ਼ਾਮ ਲਾਏ। ਉਨ੍ਹਾਂ ਦੀਆਂ ਮੁੱਖ ਮੰਗਾਂ "ਬਾਰਡਰ ਖੋਲ੍ਹੋ, ਵਪਾਰ ਵਧਾਓ"। ਮਾਨ ਨੇ ਕਿਹਾ ਕਿ ਪੰਜਾਬ ਦੀ ਮੌਜੂਦਾ ਆਰਥਿਕ ਹਾਲਤ ਬਹੁਤ ਨਾਜ਼ੁਕ ਹੈ। ਪਾਕਿਸਤਾਨ ਨਾਲ ਲੱਗਦਾ ਵਪਾਰਕ ਰਸਤਾ ਬੰਦ ਹੋਣ ਕਾਰਨ ਪੰਜਾਬ ਦੇ ਵਪਾਰੀ ਅਤੇ ਮਜ਼ਦੂਰ ਬਰਬਾਦ ਹੋ ਰਹੇ ਹਨ। ਵਪਾਰ ਠੱਪ ਹੋਣ ਕਾਰਨ ਪੰਜਾਬ ਦਾ ਨੌਜਵਾਨ ਬੇਰੁਜ਼ਗਾਰ ਹੋ ਰਿਹਾ ਹੈ, ਜਿਸ ਕਾਰਨ ਉਹ ਨਸ਼ਿਆਂ ਜਾਂ ਵਿਦੇਸ਼ਾਂ ਵੱਲ ਜਾਣ ਲਈ ਮਜਬੂਰ ਹੈ। ਮੋਦੀ ਸਰਕਾਰ ਨੂੰ ਕੋਸਦਿਆਂ ਉਨ੍ਹਾਂ ਕਿਹਾ ਕਿ ਗੁਜਰਾਤ ਦੇ ਬੰਦਰਗਾਹਾਂ ਤੋਂ ਵਪਾਰ ਖੁੱਲ੍ਹਾ ਹੈ, ਪਰ ਪੰਜਾਬ ਦੇ ਜ਼ਮੀਨੀ ਰਸਤੇ (ਵਾਹਗਾ-ਅਟਾਰੀ) ਨੂੰ ਜਾਣਬੁੱਝ ਕੇ ਬੰਦ ਰੱਖਿਆ ਗਿਆ ਹੈ।
ਅਕਾਲੀ ਦਲ ਅੰਮ੍ਰਿਤਸਰ ਦੇ ਆਗੂਆਂ ਨੇ ਕਿਹਾ ਕਿ ਜਦੋਂ ਤੱਕ ਵਾਹਗਾ ਬਾਰਡਰ ਰਾਹੀਂ ਵਪਾਰ ਮੁੜ ਸ਼ੁਰੂ ਨਹੀਂ ਹੁੰਦਾ, ਉਨ੍ਹਾਂ ਦਾ ਸੰਘਰਸ਼ ਜਾਰੀ ਰਹੇਗਾ। ਉਨ੍ਹਾਂ ਦਾਅਵਾ ਕੀਤਾ ਕਿ ਪੰਜਾਬ ਦੀ ਆਰਥਿਕਤਾ ਨੂੰ ਮੁੜ ਪੈਰਾਂ 'ਤੇ ਖੜ੍ਹਾ ਕਰਨ ਲਈ ਗੁਆਂਢੀ ਮੁਲਕਾਂ ਨਾਲ ਵਪਾਰਕ ਸਾਂਝ ਬੇਹੱਦ ਜ਼ਰੂਰੀ ਹੈ।
Click to Follow Babushahi Facebook Page →