Breaking: ਸ਼ਿਵ ਸੈਨਾ ਆਗੂ ਦੇ ਗੰਨਮੈਨ ਨੇ ਖੁਦ ਨੂੰ ਮਾਰੀ ਗੋਲੀ
ਪਤਨੀ ਨਾਲ ਬਹਿਸ ਤੋਂ ਬਾਅਦ ਚੁੱਕਿਆ ਖੌਫ਼ਨਾਕ ਕਦਮ
Ravi Jakhu
ਖਰੜ/ਚੰਡੀਗੜ੍ਹ, 25 March 2026: ਜ਼ਿਲ੍ਹਾ ਐਸ.ਏ.ਐਸ. ਨਗਰ (ਮੋਹਾਲੀ) ਦੇ ਖਰੜ ਇਲਾਕੇ ਵਿੱਚ ਸਥਿਤ 'ਗੋਲਡ ਮੋਰ ਸੁਸਾਇਟੀ' ਵਿੱਚ ਅੱਜ ਉਸ ਵੇਲੇ ਦਹਿਸ਼ਤ ਫੈਲ ਗਈ, ਜਦੋਂ ਸ਼ਿਵ ਸੈਨਾ ਆਗੂ ਨਿਸ਼ਾਂਤ ਸ਼ਰਮਾ ਦੀ ਸੁਰੱਖਿਆ ਵਿੱਚ ਤਾਇਨਾਤ ਇੱਕ ਗੰਨਮੈਨ ਨੇ ਆਪਣੇ ਸਰਕਾਰੀ ਅਸਲੇ ਨਾਲ ਖੁਦ ਨੂੰ ਗੋਲੀ ਮਾਰ ਲਈ। ਜ਼ਖ਼ਮੀ ਮੁਲਾਜ਼ਮ ਦੀ ਹਾਲਤ ਬੇਹੱਦ ਗੰਭੀਰ ਦੱਸੀ ਜਾ ਰਹੀ ਹੈ।
ਮੁੱਢਲੀ ਜਾਣਕਾਰੀ ਅਨੁਸਾਰ, ਗੰਨਮੈਨ ਦੀ ਪਛਾਣ ਨਿਸ਼ਾਨ ਸਿੰਘ ਵਜੋਂ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਘਟਨਾ ਤੋਂ ਕੁਝ ਦੇਰ ਪਹਿਲਾਂ ਉਸ ਦੀ ਆਪਣੀ ਪਤਨੀ ਨਾਲ ਫੋਨ 'ਤੇ ਕਿਸੇ ਗੱਲ ਨੂੰ ਲੈ ਕੇ ਤਿੱਖੀ ਬਹਿਸ ਹੋਈ ਸੀ। ਇਸ ਮਾਨਸਿਕ ਪ੍ਰੇਸ਼ਾਨੀ ਦੇ ਚੱਲਦਿਆਂ ਉਸ ਨੇ ਇਹ ਖੌਫ਼ਨਾਕ ਕਦਮ ਚੁੱਕਿਆ ਅਤੇ ਆਪਣੇ ਆਪ ਨੂੰ ਗੋਲੀ ਮਾਰ ਲਈ।
ਜਾਣਕਾਰੀ ਮੁਤਾਬਕ, ਨਿਸ਼ਾਨ ਸਿੰਘ ਨੂੰ ਪੁਲਿਸ ਵਿਭਾਗ ਵਿੱਚ ਇਹ ਨੌਕਰੀ ਆਪਣੇ ਪਿਤਾ ਦੀ ਮੌਤ ਤੋਂ ਬਾਅਦ ਤਰਸ ਦੇ ਅਧਾਰ (Ex-gratia) 'ਤੇ ਮਿਲੀ ਸੀ। ਉਹ ਪਿਛਲੇ ਕੁਝ ਸਮੇਂ ਤੋਂ ਨਿਸ਼ਾਂਤ ਸ਼ਰਮਾ ਦੀ ਸੁਰੱਖਿਆ ਵਿੱਚ ਤਾਇਨਾਤ ਸੀ। ਗੋਲੀ ਚੱਲਣ ਦੀ ਆਵਾਜ਼ ਸੁਣ ਕੇ ਆਸ-ਪਾਸ ਦੇ ਲੋਕਾਂ ਅਤੇ ਸਾਥੀਆਂ ਨੇ ਉਸ ਨੂੰ ਤੁਰੰਤ ਸੰਭਾਲਿਆ। ਉਸ ਦੀ ਗੰਭੀਰ ਹਾਲਤ ਨੂੰ ਦੇਖਦੇ ਹੋਏ ਡਾਕਟਰਾਂ ਨੇ ਉਸ ਨੂੰ PGI ਚੰਡੀਗੜ੍ਹ ਵਿਖੇ ਰੈਫ਼ਰ ਕਰ ਦਿੱਤਾ ਹੈ, ਜਿੱਥੇ ਉਹ ਜ਼ਿੰਦਗੀ ਅਤੇ ਮੌਤ ਦੀ ਲੜਾਈ ਲੜ ਰਿਹਾ ਹੈ।
ਸਥਾਨਕ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਵੱਲੋਂ ਪਰਿਵਾਰਕ ਮੈਂਬਰਾਂ ਦੇ ਬਿਆਨ ਦਰਜ ਕੀਤੇ ਜਾ ਰਹੇ ਹਨ ਅਤੇ ਘਟਨਾ ਦੇ ਅਸਲ ਕਾਰਨਾਂ ਦੀ ਬਾਰੀਕੀ ਨਾਲ ਪੜਤਾਲ ਕੀਤੀ ਜਾ ਰਹੀ ਹੈ।
Click to Follow Babushahi Facebook Page →