ਜੇਲ੍ਹ ਵਿੱਚ ਨਜ਼ਰਬੰਦ ਜੱਗੂ ਭਗਵਾਨਪੁਰੀਆ ਦੀ ਮਾਸੀ ਰਾਜਵਿੰਦਰ ਕੌਰ ਬਲਾਕ ਸੰਮਤੀ ਡੇਰਾ ਬਾਬਾ ਨਾਨਕ ਦੀ ਚੇਅਰਮੈਨ ਬਣੀ
ਰੋਹਿਤ ਗੁਪਤਾ
ਗੁਰਦਾਸਪੁਰ, 17 ਮਾਰਚ 2026- ਪਿਛਲੇ ਦਿਨੀਂ ਹਲਕਾ ਡੇਰਾ ਬਾਬਾ ਨਾਨਕ ਵਿੱਚ ਬਲਾਕ ਸੰਮਤੀ ਮੈਂਬਰਾਂ ਦੀਆਂ ਚੋਣਾਂ ਹੋਈਆਂ ਸਨ, ਜਿਸ ਵਿੱਚ 19 ਉਮੀਦਵਾਰਾਂ ਨੇ ਜਿੱਤ ਪ੍ਰਾਪਤ ਕੀਤੀ ਸੀ, ਉਸ ਨੂੰ ਲੈ ਕੇ 5 ਮਾਰਚ ਨੂੰ ਚੇਅਰਮੈਨ ਦੀ ਚੋਣ ਹੋਣੀ ਸੀ, ਜੋ ਕਿ ਕਿਸੇ ਕਾਰਨਾਂ ਕਰਕੇ ਨਹੀਂ ਹੋ ਸਕੀ ਸੀ। ਇਸ ਚੇਅਰਮੈਨ ਦੀ ਚੋਣ ਨੂੰ ਲੈ ਕੇ ਜੱਗੂ ਭਗਵਾਨਪੁਰੀਆ ਦੀ ਮਾਸੀ ਰਾਜਵਿੰਦਰ ਕੌਰ ਸਮੇਤ ਹੋਰ ਵੱਖ-ਵੱਖ ਮੈਂਬਰਾਂ ਵੱਲੋਂ ਮਾਨਯੋਗ ਹਾਈਕੋਰਟ ਦਾ ਦਰਵਾਜ਼ਾ ਖੜਕਾਇਆ ਗਿਆ ਸੀ।
ਮਾਨਯੋਗ ਹਾਈਕੋਰਟ ਵੱਲੋਂ 17 ਮਾਰਚ ਨੂੰ ਡਿਪਟੀ ਕਮਿਸ਼ਨਰ ਅਤੇ ਵਕੀਲਾਂ ਦੇ ਵਫ਼ਦ ਦੀ ਹਾਜ਼ਰੀ ਵਿੱਚ ਵੀਡੀਓਗ੍ਰਾਫੀ ਰਾਹੀਂ ਨਿਰਪੱਖ ਚੋਣਾਂ ਕਰਾਉਣ ਦੇ ਆਦੇਸ਼ ਜਾਰੀ ਕੀਤੇ ਗਏ ਸਨ, ਜਿਸ ਨੂੰ ਲੈ ਕੇ ਚੇਅਰਮੈਨ ਦੇ ਦਾਅਵੇਦਾਰ ਆਜ਼ਾਦ ਉਮੀਦਵਾਰ ਵਜੋਂ ਜੱਗੂ ਭਗਵਾਨਪੁਰੀਆ ਦੀ ਮਾਸੀ ਰਾਜਵਿੰਦਰ ਕੌਰ ਅਤੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਰੇਸਮ ਸਿੰਘ ਪੱਡਾ ਸਨ। ਜੱਗੂ ਭਗਵਾਨਪੁਰੀਆ ਦੀ ਮਾਸੀ, ਜੋ ਕਿ ਕਿਸੇ ਮੁਕੱਦਮੇ ਵਿੱਚ ਜੇਲ੍ਹ ਵਿੱਚ ਸਨ, ਜਿਨ੍ਹਾਂ ਨੂੰ ਅੱਜ ਭਾਰੀ ਪੁਲਿਸ ਬਲ ਸਮੇਤ ਤਹਿਸੀਲ ਕੰਪਲੈਕਸ ਡੇਰਾ ਬਾਬਾ ਨਾਨਕ ਵਿਖੇ ਲਿਆਂਦਾ ਗਿਆ।
ਅੱਜ ਬਲਾਕ ਸੰਮਤੀ ਦੀਆਂ ਹੋਈਆਂ ਵੋਟਾਂ ਵਿੱਚ ਜੱਗੂ ਭਗਵਾਨਪੁਰੀਆ ਦੀ ਮਾਸੀ ਰਾਜਵਿੰਦਰ ਕੌਰ 11 ਵੋਟਾਂ ਲੈ ਕੇ ਬਲਾਕ ਸੰਮਤੀ ਡੇਰਾ ਬਾਬਾ ਨਾਨਕ ਦੇ ਚੇਅਰਮੈਨ ਬਣੇ ਹਨ, ਜਦ ਕਿ ਆਮ ਆਦਮੀ ਪਾਰਟੀ ਦੇ ਉਮੀਦਵਾਰ ਰੇਸ਼ਮ ਸਿੰਘ ਪੱਡਾ ਨੂੰ ਅੱਠ ਵੋਟਾਂ ਮਿਲੀਆਂ ਅਤੇ ਉੱਥੇ ਹੀ ਆਮ ਆਦਮੀ ਪਾਰਟੀ ਦੇ ਉਪ ਚੇਅਰਮੈਨ ਰਜਵੰਤ ਕੌਰ ਧਾਰੋਵਾਲੀ ਬਣੇ ਹਨ।
ਇਸ ਮੌਕੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਮੌਕੇ 'ਤੇ ਹਾਜ਼ਰ ਵਕੀਲਾਂ ਅਤੇ ਐਸਡੀਐਮ ਡੇਰਾ ਬਾਬਾ ਨਾਨਕ ਅਦਿਤਿਆ ਸ਼ਰਮਾ ਨੇ ਦੱਸਿਆ ਕਿ ਅੱਜ ਜੋ ਵੋਟਾਂ ਹੋਈਆਂ ਹਨ, ਬਿਲਕੁਲ ਪਾਰਦਰਸ਼ੀ ਢੰਗ ਨਾਲ ਹੋਈਆਂ ਹਨ, ਜਿਸ ਵਿੱਚ ਰਾਜਵਿੰਦਰ ਕੌਰ 11 ਵੋਟਾਂ ਲੈ ਕੇ ਡੇਰਾ ਬਾਬਾ ਨਾਨਕ ਬਲਾਕ ਦੇ ਚੇਅਰਮੈਨ ਬਣੇ ਹਨ। ਹਾਈਕੋਰਟ ਵੱਲੋਂ ਨਿਯੁਕਤ ਕੀਤੇ ਵਕੀਲਾਂ ਨੇ ਤਸੱਲੀ ਬਖਸ਼ਾਉਂਦਿਆਂ ਕਿਹਾ ਕਿ ਅਸੀਂ ਪੂਰੀ ਤਰ੍ਹਾਂ ਸੰਤੁਸ਼ਟ ਹਾਂ ਅਤੇ ਇਲੈਕਸ਼ਨ ਬਿਲਕੁਲ ਪਾਰਦਰਸ਼ੀ ਢੰਗ ਨਾਲ ਹੋਏ ਹਨ। ਇਸ ਮੌਕੇ ਉਨ੍ਹਾਂ ਵੱਲੋਂ ਮਾਨਯੋਗ ਹਾਈਕੋਰਟ ਅਤੇ ਜ਼ਿਲ੍ਹਾ ਪ੍ਰਸ਼ਾਸਨ ਦਾ ਧੰਨਵਾਦ ਕੀਤਾ ਗਿਆ।
Click to Follow Babushahi Facebook Page →