ਸ਼੍ਰੋਮਣੀ ਅਕਾਲੀ ਦਲ ਦਿੱਲੀ ਦੀਆਂ ਪਾਰਟੀਆਂ ਵੱਲੋਂ ਪੰਜਾਬ ਨਾਲ ਕੀਤੇ ਅਨਿਆਂ ਨੂੰ ਦਰੁੱਸਤ ਕਰਨ ਵਾਸਤੇ ਵਚਨਬੱਧ: ਸੁਖਬੀਰ ਸਿੰਘ ਬਾਦਲ
ਅਸ਼ੋਕ ਵਰਮਾ
ਫਰੀਦਕੋਟ, 16 ਮਾਰਚ 2026: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਅੱਜ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦਿੱਲੀ ਆਧਾਰਿਤ ਪਾਰਟੀਆਂ ਵੱਲੋਂ ਪੰਜਾਬ ਨਾਲ ਕੀਤੇ ਗਏ ਇਤਿਹਾਸ ਅਨਿਆਂ ਦਰੁੱਸਤ ਕਰਨ ਵਾਸਤੇ ਵਚਨਬੱਧ ਹੈ ਕਿਉਂਕਿ ਦਿੱਲੀ ਦੀਆਂ ਪਾਰਟੀਆਂ ਨੇ ਸੂਬੇ ਨੂੰ ਇਸਦੀ ਰਾਜਧਾਨੀ ਨਹੀਂ ਦਿੱਤੀ, ਸੂਬੇ ਦੇ ਪੁਨਰਗਠਨ ਵੇਲੇ ਪੰਜਾਬੀ ਬੋਲਦੇ ਇਲਾਕੇ ਬਾਹਰ ਰੱਖੇ ਅਤੇ ਸੂਬੇ ਤੋਂ ਇਸਦੇ ਦਰਿਆਈ ਪਾਣੀ ਖੋਹ ਕੇ ਰਾਜਸਥਾਨ ਨੂੰ ਦੇ ਦਿੱਤੇ। ਇਥੇ ਪੰਜਾਬ ਬਚਾਓ ਮੁਹਿੰਮ ਦੇ ਤਹਿਤ ਸੀਨੀਅਰ ਆਗੂ ਪਰਮਬੰਸ ਸਿੰਘ ਰੋਮਾਣਾ ਦੇ ਨਾਲ ਰਲ ਕੇ ਇਥੇ ਵਿਸ਼ਾਲ ਰੈਲੀ ਨੂੰ ਸੰਬੋਧਨ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਪੰਜਾਬ ਇਕਲੌਤਾ ਰਾਜ ਹੈ ਜਿਸ ਕੋਲ ਆਪਣੀ ਰਾਜਧਾਨੀ ਨਹੀਂ ਹੈ।
ਉਹਨਾਂ ਕਿਹਾ ਕਿ ਅਜਿਹਾ ਇਸ ਕਰ ਕੇ ਕਿਉਂਕਿ ਕਾਂਗਰਸ ਪਾਰਟੀ ਨੇ ਪੰਜਾਬ ਦੇ ਮੁਕਾਬਲੇ ਹਰਿਆਣਾ ਨੂੰ ਤਰਜੀਹ ਦਿੱਤੀ। ਉਹਨਾਂ ਕਿਹਾ ਕਿ ਅਸੀਂ ਦੇਸ਼ ਦਾ ਇਕਲੌਤਾ ਰਾਜ ਹੈ ਜਿਸ ਨਾਲ ਭਾਸ਼ਾਈ ਆਧਾਰ ’ਤੇ ਪੁਨਰਗਠਨ ਕਰਦਿਆਂ ਪੰਜਾਬੀ ਬੋਲਦੇ ਇਲਾਕੇ ਨਹੀਂ ਦਿੱਤੇ ਗਏ। ਸਾਡੇ ਅੱਧੇ ਦਰਿਆਈ ਪਾਣੀ ਖੋਹ ਕੇ ਕਾਂਗਰਸ ਨੇ ਰਾਜਸਥਾਨ ਨੂੰ ਦੇ ਦਿੱਤੇ ਤੇ ਅਜਿਹਾ ਕਰਦਿਆਂ ਰਾਈਪੇਰੀਅਨ ਸਿਧਾਂਤ ਦੀ ਉਲੰਘਣਾ ਕੀਤੀ ਜਿਸ ਤਹਿਤ ਸਪਸ਼ਟ ਕਿਹਾ ਗਿਆ ਹੈ ਕਿ ਜਿਸ ਰਾਜ ਵਿਚੋਂ ਦਰਿਆ ਲੰਘਦਾ ਹੈ, ਉਸਦੇ ਪਾਣੀਆਂ ’ਤੇ ਸਿਰਫ ਉਸਦਾ ਹੱਕ ਹੋਵੇਗਾ।ਸਰਦਾਰ ਸੁਖਬੀਰ ਸਿੰਘ ਬਾਦਲ ਨੇ ਜ਼ੋਰ ਦੇ ਕੇ ਕਿਹਾ ਕਿ ਦਿੱਲੀ ਨੇ ਪੰਜਾਬ ਨੂੰ ਬਰਬਾਦ ਕਰ ਦਿੱਤਾ ਹੈ। ਉਹਨਾਂ ਕਿਹਾ ਕਿ ਇਹ ਪਾਰਟੀਆਂ ਸਤਲੁਜ ਯਮੁਨਾ ਲਿੰਕ ਨਹਿਰ (ਐਸ ਵਾਈ ਐਲ) ਪੂਰੀ ਕਰ ਕੇ ਸੂਬੇ ਕੋਲੋਂ ਇਸਦਾ ਰਹਿੰਦਾ ਦਰਿਆਈ ਪਾਣੀ ਖੋਹਣਾ ਚਾਹੁੰਦੀਆਂ ਹਨ। ਉਹਨਾਂ ਕਿਹਾ ਕਿ ਇਹ ਸਿਰਫ ਅਕਾਲੀ ਦਲ ਹੈ ਜਿਸ ਕਾਰਨ ਇਸ ਨਹਿਰ ਵਿਚੋਂ ਹੁਣ ਤੱਕ ਪਾਣੀ ਹਰਿਆਣਾ ਤੱਕ ਨਹੀਂ ਪੁੱਜਾ।
ਉਹਨਾਂ ਕਿਹਾ ਕਿ ਜੇਕਰ ਇਸ ਨਹਿਰ ਰਾਹੀਂ ਪਾਣੀ ਹਰਿਆਣਾ ਪੁੱਜ ਜਾਂਦਾ ਤਾਂ ਸਾਡਾ ਸੂਬਾ ਮਾਰੂਥਲ ਬਣ ਜਾਂਦਾ। ਭਾਵੁਕ ਹੁੰਦਿਆਂ ਸਰਦਾਰ ਬਾਦਲ ਨੇ ਕਿਹਾ ਕਿ ਦਿੱਲੀ ਦੀਆਂ ਪਾਰਟੀਆਂ ਕਦੇ ਵੀ ਤੁਹਾਡੇ ਵਾਸਤੇ ਇੰਨੀਆਂ ਚਿੰਤਤ ਨਹੀਂ ਹੋ ਸਕਦੀਆਂ ਜਿੰਨਾ ਅਕਾਲੀ ਦਲ ਹੈ। ਉਹਨਾਂ ਕਿਹਾ ਕਿ ਉਹ ਸਿਰਫ ਰਾਜ ਕਰਨ ਤੇ ਲੁੱਟਣ ਆਉਂਦੀਆਂ ਹਨ ਤੇ ਸਾਡਾ ਮਕਸਦ ਤੁਹਾਡੀ ਸੇਵਾ ਕਰਨਾ ਹੈ।ਅਕਾਲੀ ਦਲ ਦੇ ਪ੍ਰਧਾਨ ਨੇ ਪੰਜਾਬੀਆਂ ਨੂੰ ਇਹ ਵੀ ਅਪੀਲ ਕੀਤੀ ਕਿ ਉਹ ਤਜ਼ਰਬੇ ਕਰਨਾ ਬੰਦ ਕਰਨ। ਉਹਨਾਂ ਕਿਹਾ ਕਿ ਭਲਕੇ ਇਕ ਬੰਦਾ ਉਠੇਗਾ ਜੋ ਇਹ ਪ੍ਰਭਾਵ ਦੇਵੇਗਾ ਕਿ ਉਹ ਸਾਡੇ ਨਾਲੋਂ ਜ਼ਿਆਦਾ ਪੰਥਕ ਹੈ। ਉਹਨਾਂ ਕਿਹਾ ਕਿ ਅਜਿਹੇ ਲੋਕ ਏਜੰਸੀਆਂ ਵੱਲੋਂ ਅਕਾਲੀ ਦਲ ਨੂੰ ਕਮਜ਼ੋਰ ਕਰਨ ਅਤੇ ਸਿੱਖ ਕੌਮ ਦੀਆਂ ਧਾਰਮਿਕ ਸੰਸਥਾਵਾਂ ’ਤੇ ਕਬਜ਼ਾ ਕਰਨ ਵਾਸਤੇ ਖੜ੍ਹੇ ਕੀਤੇ ਗਏ ਹੁੰਦੇ ਹਨ। ਉਹਨਾਂ ਕਿਹਾ ਕਿ ਸਾਨੂੰ ਏਜੰਸੀਆਂ ਦੀਆਂ ਇਹਨਾਂ ਕਠਪੁਤਲੀਆਂ ਤੋਂ ਸੁਚੇਤ ਰਹਿਣਾ ਚਾਹੀਦਾ ਹੈ ਅਤੇ ਪੰਜਾਬ ਨੂੰ ਇਹਨਾਂ ਦੇ ਚੁੰਗਲ ਵਿਚੋਂ ਬਚਾਉਣ ਲਈ ਅਕਾਲੀ ਦਲ ਨੂੰ ਮਜ਼ਬੂਤ ਕਰਨਾ ਚਾਹੀਦਾ ਹੈ।
ਸਰਦਾਰ ਬਾਦਲ ਨੇ ਪੰਜਾਬੀਆਂ ਨੂੰ ਚੇਤੇ ਕਰਵਾਇਆ ਕਿ ਜੇਕਰ ਅੱਜ ਮਾਲਵਾ ਪੱਟੀ ਖੁਸ਼ਹਾਲ ਹੈ ਤਾਂ ਉਹ ਸਿਰਫ ਸ਼੍ਰੋਮਣੀ ਅਕਾਲੀ ਦਲ ਕਾਰਨ ਹੈ। ਉਹਨਾਂ ਕਿਹਾ ਕਿ ਅਸੀਂ ਕਣਕ ਤੇ ਝੋਨੇ ’ਤੇ ਐਮ ਐਸ ਪੀ ਦੁਆਈ। ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਇਲਾਕੇ ਵਿਚੋਂ ਸੇਮ ਦੀ ਸਮੱਸਿਆ ਖਤਮ ਕੀਤੀ। ਉਹਨਾਂ ਨੇ ਬਾਬਾ ਫਰੀਦ ਹੈਲਥ ਸਾਇੰਸਿਜ਼ ਯੂਨੀਵਰਸਿਟੀ ਸਥਾਪਿਤ ਕੀਤੀ ਜਿਸਨੇ ਇਸ ਅਤੇ ਗੁਆਂਢੀ ਜ਼ਿਲ੍ਹਿਆ ਵਿਚ ਮਿਆਰੀ ਸਿਹਤ ਸੇਵਾਵਾਂ ਪ੍ਰਦਾਨ ਕੀਤੀਆਂ।ਸਰਦਾਰ ਬਾਦਲ ਨੇ ਜ਼ੋਰ ਦੇ ਕੇ ਕਿਹਾ ਕਿ ਆਮ ਆਦਮੀ ਪਾਰਟੀ ਨੇ 2022 ਦੀਆਂ ਚੋਣਾਂ ਜਿੱਤਣ ਵਾਸਤੇ ਪੰਜਾਬੀਆਂ ਨਾਲ ਠੱਗੀ ਮਾਰੀ ਹੈ। ਉਹਨਾਂ ਕਿਹਾ ਕਿ ਇਸ ਭ੍ਰਿਸ਼ਟ ਤੇ ਪੰਜਾਬੀ ਵਿਰੋਧੀ ਪਾਰਟੀ ਨੇ ਪੁਰਾਣੀਆਂ ਤਰਕੀਬਾਂ ਮੁੜ ਸ਼ੁਰੂ ਕਰ ਦਿੱਤੀਆਂ ਹਨ। ਉਹਨਾਂ ਕਿਹਾ ਕਿ ਆਪ ਸਰਕਾਰ ਨੇ ਹੁਣ ਛੇ ਮਹੀਨਿਆਂ ਵਾਸਤੇ ਔਰਤਾਂ ਨੂੰ ਇਕ-ਇਕ ਹਜ਼ਾਰ ਰੁਪਏ ਦੇਣ ਦਾ ਵਾਅਦਾ ਕੀਤਾ ਹੈ। ਉਹਨਾਂ ਕਿਹਾ ਕਿ ਇਸ ਵਾਸਤੇ ਸਰਕਾਰ 52000 ਕਰੋੜ ਰੁਪਏ ਦਾ ਕਰਜ਼ਾ ਲੈ ਰਹੀ ਹੈ ਤੇ ਸਰਕਾਰੀ ਜਾਇਦਾਦਾਂ ਵੇਚ ਰਹੀ ਹੈ। ਉਹਨਾਂ ਕਿਹਾ ਕਿ ਇਸ ਕਾਰਨ ਬਿਜਲੀ ਸਬਸਿਡੀ ਨਹੀਂ ਦੇ ਸਕੇਗੀ ਜਿਸ ਕਾਰਨ ਕਿਸਾਨਾਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਵੇਗਾ।
ਸਰਦਾਰ ਬਾਦਲ ਨੇ ਕਿਹਾ ਕਿ ਆਪ ਸਰਕਾਰ ਨੇ ਪੰਜਾਬ ਨੂੰ ਕੰਗਾਲ ਕਰ ਦਿੱਤਾ ਹੈ। ਉਹਨਾਂ ਕਿਹਾ ਕਿ ਇਸ ਸਰਕਾਰ ਨੇ ਚਾਰ ਸਾਲਾਂ ਵਿਚ 2ਲੱਖ ਕਰੋੜ ਰੁਪਏ ਦਾ ਕਰਜ਼ਾ ਲਿਆ ਹੈ ਜਦੋਂ ਕਿ 56 ਸਾਲਾਂ ਵਿਚ ਸਮੇਂ ਦੀਆਂ ਸਰਕਾਰਾਂ ਨੇ 2.50 ਲੱਖ ਕਰੋੜ ਰੁਪਏ ਦਾ ਕਰਜ਼ਾ ਲਿਆ ਹੈ। ਉਹਨਾਂ ਨੇ ਪਿਛਲੀ ਕਾਂਗਰਸ ਤੇ ਆਪ ਸਰਕਾਰ ਵੱਲੋਂ ਸਿਆਸੀ ਵਿਰੋਧੀਆਂ ਖਿਲਾਫ ਝੂਠੇ ਕੇਸ ਦਰਜ ਕਰਨ ਦੀ ਗੱਲ ਵੀ ਕੀਤੀ ਤੇ ਐਲਾਨ ਕੀਤਾ ਕਿ ਇਹਨਾਂ ਕੇਸਾਂ ਦੀ ਸਮੀਖਿਆ ਵਾਸਤੇ ਇਕ ਕਮਿਸ਼ਨ ਬਿਠਾਇਆ ਜਾਵੇਗਾ। ਉਹਨਾਂ ਕਿਹਾ ਕਿ ਇਹ ਕਮਿਸ਼ਨ ਤਿੰਨ ਮਹੀਨਿਆਂ ਵਿਚ ਆਪਣੀ ਰਿਪੋਰਟ ਪੇਸ਼ ਕਰੇਗਾ ਅਤੇ ਸਿਆਸੀ ਆਗੂਆਂ ਤੇ ਪੁਲਿਸ ਅਫਸਰਾਂ ਸਮੇਤ ਝੂਠੇ ਕੇਸ ਦਰਜ ਕਰਨ ਵਾਲਿਆਂ ਦੇ ਖਿਲਾਫ ਕਾਨੂੰਨ ਮੁਤਾਬਕ ਕਾਰਵਾਈ ਕੀਤੀ ਜਾਵੇਗੀ।
ਬਾਅਦ ਵਿਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਰਦਾਰ ਬਾਦਲ ਨੇ ਕਿਹਾ ਕਿ ਮੁੱਖ ਮੰਤਰੀ ਹੁਣ ਇਨਵੈਸਟ ਪੰਜਾਬ ਸੰਮੇਲਨ ਰਾਹੀਂ ਨਵੇਂ ਨਿਵੇਸ਼ਕਾਂ ਨੂੰ ਧੋਖਾ ਦੇਣਾ ਚਾਹੁੰਦੇ ਹਨ ਤੇ ਦਾਅਵਾ ਕਰ ਰਹੇ ਹਨ ਕਿ ਪੰਜਾਬ ਵਿਚ ਚਾਰ ਮਾਰਗੀ ਸੜਕਾਂ, ਹਵਾਈ ਅੱਡੇ ਤੇ ਸੂਬੇ ਨੂੰ ਬਿਜਲੀ ਸਰਪਲੱਸ ਬਣਾਉਣ ਦਾ ਕੰਮ ਉਹਨਾਂ ਨੇ ਕੀਤਾ ਹੈ। ਉਹਨਾਂ ਕਿਹਾ ਕਿ ਉਹਨਾਂ ਨੂੰ ਇਹ ਪਤਾ ਹੋਣਾ ਚਾਹੀਦਾ ਹੈ ਕਿ ਜੋ ਦਾਅਵੇ ਉਹ ਕਰ ਰਹੇ ਹਨ, ਉਹ ਸਾਰੇ ਵਿਕਾਸ ਕਾਰਜ ਅਕਾਲੀ ਦਲ ਨੇ ਕਰਵਾਏ ਹਨ। ਉਹਨਾਂ ਕਿਹਾ ਕਿ ਉਹਨਾਂ ਨੂੰ ਇਹਨਾਂ ਪ੍ਰਾਪਤੀਆਂ ਵਾਸਤੇ ਸਾਡਾ ਸਨਮਾਨ ਕਰਨਾ ਚਾਹੀਦਾ ਹੈ। ਉਹਨਾਂ ਜ਼ੋਰ ਦੇ ਕੇ ਕਿਹਾ ਕਿ ਮੁੱਖ ਮੰਤਰੀ ਕੋਲ ਵਿਖਾਉਣ ਵਾਸਤੇ ਇਕ ਵੀ ਕੰਮ ਨਹੀਂ ਹੈ। ਉਹਨਾਂ ਨੇ ਚੁਣੌਤੀ ਦਿੱਤੀ ਕਿ ਚਾਰ ਸਾਲਾਂ ਵਿਚ ਕੀਤਾ, ਉਹ ਕੋਈ ਵੀ ਇਕ ਕੰਮ ਕੀਤਾ ਹੋਵੇ ਤਾਂ ਵਿਖਾਉਣ।
ਪੰਜਾਬ ਬਾਰੇ ਆਪਣੇ ਦ੍ਰਿਸ਼ਟੀਕੋਣ ਦੀ ਗੱਲ ਕਰਦਿਆਂ ਸਰਦਾਰ ਬਾਦਲ ਨੇ ਕਿਹਾ ਕਿ ਅਕਾਲੀ ਦਲ ਰਾਜਸਥਾਨ ਨਹਿਰ ਰਾਹੀਂ ਪਾਣੀ ਨਹੀਂ ਜਾਣ ਦੇਵੇਗਾ।ਉਹਨਾਂ ਕਿਹਾ ਕਿ ਰਾਜਸਥਾਨ ਨਹਿਰ ਰਾਹੀਂ ਜਾਂਦਾ ਪਾਣੀ ਪੰਜਾਬ ਦੇ ਖੇਤਾਂ ਵਾਸਤੇ ਮੋੜਿਆ ਜਾਵੇਗਾ। ਉਹਨਾਂ ਇਹ ਵੀ ਐਲਾਨ ਕੀਤਾ ਕਿ ਉਹ ਉਦਯੋਗਿਕ ਜਾਂ ਸੀਵਰੇਜ ਦਾ ਇਕ ਵੀ ਬੂੰਦ ਪਾਣੀ ਸਤਲੁਜ ਤੇ ਬਿਆਸ ਵਿਚ ਨਹੀਂ ਜਾਣ ਦੇਣਗੇ। ਉਹਨਾਂ ਕਿਹਾ ਕਿ ਨਿਯੁਕਤਾਂ ਦੀ ਉਲੰਘਣਾ ਕਰਨ ਵਾਲਿਆਂ ਨਾਲ ਸਖ਼ਤੀ ਨਾਲ ਨਜਿੱਠਿਆ ਜਾਵੇਗਾ। ਉਹਨਾਂ ਕਿਹਾ ਕਿ ਮਾਲਵਾ ਪੱਟੀ ਵਿਚ ਕੈਂਸਰ ਨਾਲ ਨਜਿੱਠਣ ਵਾਸਤੇ ਅਜਿਹਾ ਕਰਨਾ ਜ਼ਰੂਰੀ ਹੈ।
ਉਹਨਾਂ ਨੇ ਇਹ ਵੀ ਐਲਾਨ ਕੀਤਾ ਕਿ ਪਿਛਲੀ ਕਾਂਗਰਸ ਤੇ ਮੌਜੂਦਾ ਆਪ ਸਰਕਾਰ ਦੇ ਰਾਜ ਵਿਚ ਵਪਾਰੀਆਂ ਨੂੰ ਟੈਕਸ ਅਤਿਵਾਦ ਦਾ ਸਾਹਮਣਾ ਕਰਨਾ ਪਿਆ ਹੈ ਪਰ ਅਕਾਲੀ ਦਲ ਦੀ ਸਰਕਾਰ ਮੁੜ ਤੋਂ ਵਪਾਰੀਆਂ ਵਾਸਤੇ ’ਰਾਹਤ’ ਸਕੀਮ ਸ਼ੁਰੂ ਕਰੇਗੀ।ਅਕਾਲੀ ਦਲ ਦੇ ਪ੍ਰਧਾਨ ਨੇ ਇਹ ਵੀ ਐਲਾਨ ਕੀਤਾ ਕਿ ਨੌਜਵਾਨਾਂ ਨੂੰ ਵਿਆਜ਼ ਮੁਕਤ 10 ਲੱਖ ਰੁਪਏ ਦਾ ਕਰਜ਼ਾ ਦਿੱਤਾ ਜਾਵੇਗਾ ਅਤੇ ਆਟਾ ਦਾਲ ਸਕੀਮ ਮੁੜ ਸ਼ੁਰੂ ਕੀਤੀ ਜਾਵੇਗੀ ਤੇ ਬੁਢਾਪਾ ਪੈਨਸ਼ਨ ਵਧਾ ਕੇ 3100 ਰੁਪਏ ਕੀਤੀ ਜਾਵੇਗੀ ਤੇ ਸ਼ਗਨ ਸਕੀਮ ਅਧੀਨ ਰਾਸ਼ੀ ਵਧਾ ਕੇ 1 ਲੱਖ ਰੁਪਏ ਕੀਤੀ ਜਾਵੇਗੀ।ਉਹਨਾਂ ਇਹ ਵੀ ਐਲਾਨ ਕੀਤਾ ਕਿ ਜਿਹੜੇ ਕਿਸਾਨਾਂ ਕੋਲ ਟਿਊਬਵੈਲ ਕੁਨੈਕਸ਼ਨ ਨਹੀਂ ਹਨ, ਉਹਨਾਂ ਨੂੰ ਇਹ ਕੁਨੈਕਸ਼ਨ ਦਿੱਤੇ ਜਾਣਗੇ ਤੇ ਦਿਨ ਵੇਲੇ 12 ਘੰਟੇ ਬਿਜਲੀ ਸਪਲਾਈ ਦਿੱਤੀ ਜਾਵੇਗੀ।
ਇਸ ਮੌਕੇ ਸੀਨੀਅਰ ਆਗੂ ਪਰਮਬੰਸ ਸਿੰਘ ਰੋਮਾਣਾ, ਮਨਤਾਰ ਸਿੰਘ ਬਰਾੜ, ਐਨ ਕੇ ਸ਼ਰਮਾ, ਸਤੀਸ਼ ਗਰੋਵਰ, ਸੂਬਾ ਸਿੰਘ ਬਾਦਲ, ਸ਼ੇਰ ਸਿੰਘ ਮੰਡਵਾਲਾ ਤੇ ਗੁਰਿੰਦਰ ਕੌਰ ਭੋਲੂਵਾਲਾ ਨੇ ਵੀ ਸੰਬੋਧਨ ਕੀਤਾ।
Click to Follow Babushahi Facebook Page →