ਪੰਜਾਬ ਬਜਟ 'ਚ ਦਲਿਤ ਵਰਗ ਅਤੇ ਮਜ਼ਦੂਰਾਂ ਲਈ ਖਰੇ ਨਹੀਂ ਉਤਰੇ CM ਮਾਨ- ਭੱਟੀ ਬੂੜੇਵਾਲ
ਬਲਵਿੰਦਰ ਸਿੰਘ ਧਾਲੀਵਾਲ
ਸੁਲਤਾਨਪੁਰ ਲੋਧੀ 11 ਮਾਰਚ 2026- ਆਮ ਆਦਮੀ ਪਾਰਟੀ ਦੀ ਸਰਕਾਰ ਨੇ ਦਲਿਤ ਵਰਗ, ਮਜ਼ਦੂਰਾਂ ਅਤੇ ਕਿਸਾਨਾਂ ਨਾਲ ਕੀਤੇ ਵਾਅਦਿਆਂ ਅਨੁਸਾਰ ਬਣਦੇ ਹੱਕ ਨਹੀਂ ਦਿੱਤੇ। ਪੰਜਾਬ ਦੇ ਗ਼ਰੀਬ ਵਰਗ ਨਾਲ ਸਬੰਧਤ ਲੋਕਾਂ ਨੂੰ ਪੰਜਾਬ ਬਜਟ ਵਿਚ ਬਹੁਤ ਉਮੀਦਾਂ ਸਨ। ਮੌਜੂਦਾ ਸਰਕਾਰ ਸਾਡੇ ਹੱਕਾਂ ਪ੍ਰਤੀ ਸੰਵੇਦਨਸ਼ੀਲ ਹੋਵੇਗੀ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਨੰਬਰਦਾਰ ਮੰਗਲ ਸਿੰਘ ਭੱਟੀ ਸਾਬਕਾ ਚੇਅਰਮੈਨ ਬੂੜੇਵਾਲ ਨੇ ਗੱਲਬਾਤ ਦੌਰਾਨ ਕਹੇ।
ਉਨ੍ਹਾਂ ਕਿਹਾ ਕਿ ਆਪ ਦੀ ਸਰਕਾਰ ਨੇ ਕਾਰਪੋਰੇਟ ਘਰਾਣਿਆਂ ਨੂੰ ਮੁਨਾਫ਼ਾ ਦੇਣ ਲਈ ਅੱਡੀ ਚੋਟੀ ਦਾ ਜ਼ੋਰ ਲਗਾਇਆ ਹੋਇਆ ਹੈ। ਦੇਸ਼ ਅੰਦਰ ਅੱਤ ਦੀ ਮਹਿੰਗਾਈ ਹੋਣ ਕਾਰਨ ਦਲਿਤ ਮਜ਼ਦੂਰ ਵਰਗ ਨੂੰ ਇਕ ਸਮੇਂ ਦੀ ਰੋਟੀ ਪਕਾਉਣ ਲਈ ਵੱਡੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਪ੍ਰਧਾਨ ਮੰਤਰੀ ਗ਼ਰੀਬ ਅੰਨ ਕਲਿਆਣ ਯੋਜਨਾ ਤਹਿਤ ਲੋੜਵੰਦ ਪਰਿਵਾਰ ਦੇ ਇਕ ਮੈਂਬਰ ਨੂੰ ਸਿਰਫ਼ 5 ਕਿਲੋਗ੍ਰਾਮ ਕਣਕ ਮਿਲ ਰਹੀ ਹੈ ਜੋ ਲੋਕਾਂ ਨਾਲ ਕੋਝਾ ਮਜ਼ਾਕ ਹੈ। ਕਈਆਂ ਪਰਿਵਾਰਾਂ ਵਿਚ 10-10 ਮੈਂਬਰ ਹਨ, ਪਰ ਕਣਕ ਸਿਰਫ਼ ਇਕ ਮੈਂਬਰ ਨੂੰ ਹੀ ਦਿੱਤੀ ਜਾ ਰਹੀ ਹੈ। ਗ਼ਰੀਬ ਅਤੇ ਦਲਿਤ ਵਰਗ ਨੂੰ ਬਹੁਤ ਉਮੀਦ ਸੀ ਕਿ ਆਪ ਦੀ ਸਰਕਾਰ ਇਨ੍ਹਾਂ ਮੁਸ਼ਕਲਾਂ ਦਾ ਹੱਲ ਕਰੇਗੀ। ਲੋੜਵੰਦ ਪਰਿਵਾਰਾਂ ਨੂੰ ਕਣਕ ਦੇਣ ਦੇ ਮਾਮਲੇ ਵਿਚ ਇਹ ਜ਼ੀਰੋ ਰਹੀ ਹੈ।
ਹਲਕਾ ਸੁਲਤਾਨਪੁਰ ਲੋਧੀ ਦੇ ਕਿਸਾਨ ਪਿਛਲੇ 3-4 ਸਾਲਾਂ ਤੋਂ ਬਿਆਸ ਅਤੇ ਸਤਲੁਜ ਦਰਿਆ ਵਿਚ ਪਾਣੀ ਦਾ ਪੱਧਰ ਵੱਧਣ ਕਾਰਨ ਆ ਰਹੇ ਹੜ੍ਹਾਂ ਤੋਂ ਪ੍ਰਭਾਵਿਤ ਰਹੇ ਹਨ। ਹੜ੍ਹਾਂ ਵਿਚ ਡੁੱਬੀਆਂ ਫ਼ਸਲਾਂ ਦਾ ਮੁਆਵਜ਼ਾ ਦੇਣ ਲਈ ਮੁੱਖ ਮੰਤਰੀ ਅਤੇ ਸਰਕਾਰ ਦੇ ਹੋਰ ਨੁਮਾਇੰਦਿਆਂ ਵੱਲੋਂ ਵੱਡੇ ਵਾਅਦੇ ਕੀਤੇ ਗਏ ਸਨ। ਕੁਝ ਚੋਣਵੇਂ ਕਿਸਾਨਾਂ ਨੂੰ ਮੁਆਵਜ਼ਾ ਦਿੱਤਾ ਗਿਆ ਹੈ। ਪੰਜਾਬ ਦੇ ਬਹੁਤ ਸਾਰੇ ਕਿਸਾਨ ਮੁਆਵਜ਼ਾ ਲੈਣ ਲਈ ਸਰਕਾਰੀ ਦਫ਼ਤਰਾਂ ਦੇ ਚੱਕਰ ਕੱਟਣ ਲਈ ਮਜ਼ਬੂਰ ਹਨ।
ਭੱਟੀ ਨੇ ਕਿਹਾ ਕੇ ਕਾਂਗਰਸ ਸਰਕਾਰ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਆਪਣੇ ਕਾਰਜਕਾਲ ਦੌਰਾਨ ਬੁਢਾਪਾ-ਵਿਧਵਾ ਪੈਨਸ਼ਨ ਡਬਲ ਕਰ ਦਿੱਤੀ ਸੀ। ਸ਼ਗਨ ਸਕੀਮ 51000/- ਰੁਪਏ, ਬਿਜਲੀ ਦੇ ਬਿੱਲ ਮੁਆਫ ਵੀ ਕਰ ਦਿੱਤੇ ਸਨ।ਪਿੰਡਾਂ ਅਤੇ ਸ਼ਹਿਰਾਂ ਦੇ ਬਜ਼ੁਰਗਾਂ ਨੂੰ ਬੜੀ ਆਸ ਸੀ ਕਿ ਮਾਨ ਸਰਕਾਰ ਬੁਢਾਪਾ ਪੈਨਸ਼ਨ 5000/- ਰੁਪਏ ਦੇਵੇਗੀ। ਪੰਜਾਬ ਦੇ ਬਜ਼ੁਰਗਾਂ, ਵਿਧਵਾਵਾਂ ਅਤੇ ਦਿਵਿਆਂਗ ਲੋਕਾਂ ਦੀ ਆਸਾਂ 'ਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਖਰੇ ਨਹੀਂ ਉਤਰੇ।
Click to Follow Babushahi Facebook Page →