ਚੰਡੀਗੜ੍ਹ ਯੂਨੀਵਰਸਿਟੀ ਦੇ 18 ਇੰਜਨੀਅਰਿੰਗ ਅਤੇ ਸਾਇੰਸ ਦੇ ਵਿਦਿਆਰਥੀਆਂ ਨੂੰ 2 ਨਵੇਂ ਉਲਕਾਪਿੰਡਾਂ ਦੀ ਖੋਜ ਲਈ ਮਿਲਿਆ 'ਨਾਸਾ ਸਿਟੀਜ਼ਨ ਸਾਇੰਟਿਸਟ' ਦਾ ਦਰਜਾ
ਚੰਡੀਗੜ੍ਹ ਯੂਨੀਵਰਸਿਟੀ ਦੇ 18 ਵਿਦਿਆਰਥੀਆਂ ਨੇ ਪੁਲਾੜ ਵਿਗਿਆਨ ਵਿੱਚ ਮਾਰੀ ਛਾਲ, ਨਾਸਾ ਦੇ ‘ਕੌਮਾਂਤਰੀ ਐਸਟਿਰਾਇਡ ਖੋਜ ਮੁਹਿੰਮ’ ਪ੍ਰੋਜੈਕਟ ਦੇ ਤਹਿਤ ਖੋਜ ਲਏ 2 ਨਵੇਂ ਉਲਕਾਪਿੰਡ
ਨਾਸਾ ਵੱਲੋਂ ਚੰਡੀਗੜ੍ਹ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੂੰ 'ਸਿਟੀਜ਼ਨ ਸਾਇੰਟਿਸਟ' ਦਾ ਦਰਜਾ ਮਿਲਣਾ ਨਵੀਂ ਪੀੜੀ ਦੇ ਵਿਗਿਆਨੀਆਂ ਅਤੇ ਨੌਜਵਾਨ ਵਿਗਿਆਨ ਪ੍ਰੇਮੀਆਂ ਲਈ ਵੱਡੀ ਪ੍ਰੇਰਨਾ : ਦੀਪਇੰਦਰ ਸਿੰਘ ਸੰਧੂ, ਚੰਡੀਗੜ੍ਹ ਯੂਨੀਵਰਸਿਟੀ ਦੇ ਸੀਨੀਅਰ ਮੈਨੇਜਿੰਗ ਡਾਇਰੈਕਟਰ
ਚੰਡੀਗੜ੍ਹ/ਮੋਹਾਲੀ, 17 ਫ਼ਰਵਰੀ: ਚੰਡੀਗੜ੍ਹ ਯੂਨੀਵਰਸਿਟੀ (ਸੀਯੂ) ਦੇ ਵਿਦਿਆਰਥੀਆਂ ਨੇ ਇਤਿਹਾਸ ਰਚ ਦਿੱਤਾ ਹੈ। ਸੀਯੂ ਦੇ 18 ਵਿਦਿਆਰਥੀਆਂ ਨੂੰ ਅਮਰੀਕਨ ਪੁਲਾੜ ਏਜੰਸੀ ਨਾਸਾ ਵੱਲੋਂ 'ਨਾਸਾ ਸਿਟੀਜ਼ਨ ਸਾਇੰਟਿਸਟ' ਦਾ ਦਰਜਾ ਦਿੱਤਾ ਗਿਆ ਹੈ। ਸੀਯੂ ਦੇ ਵਿਗਿਆਨ ਦੇ ਵਿਦਿਆਰਥੀਆਂ ਨੇ ਆਸਮਾਨ ਦੀਆਂ ਗਹਿਰਾਈਆਂ ਨੂੰ ਤਲਾਸ਼ਦੇ ਹੋਏ ਦੋ ਨਵੇਂ ਐਸਟਿਰਾਇਡ (ਉਲਕਾਪਿੰਡ) ਖੋਜ ਲਏ ਹਨ। ਸੀਯੂ ਦੇ 18 ਵਿਦਿਆਰਥੀਆਂ ਨੇ ਇਨ੍ਹਾਂ ਉਲਕਾਪਿੰਡਾਂ ਦੀ ਖੋਜ ਦੇ ਨਾਲ ਵੱਡੀ ਉਪਲਬਧੀ ਆਪਣੇ ਨਾਂਅ ਕਰ ਲਈ ਹੈ। ਇਨ੍ਹਾਂ ਉਲਕਾਪਿੰਡਾਂ ਨੂੰ ਡੀਆਈਵੀ/1111 ਅਤੇ ਏਐਨਸੀ/0505 ਨਾਂਅ ਦਿੱਤਾ ਗਿਆ ਹੈ।
ਦੱਸਣਯੋਗ ਹੈ ਕਿ ਚੰਡੀਗੜ੍ਹ ਯੂਨੀਵਰਸਿਟੀ ਐਸਟ੍ਰੋਨਾਮੀ ਕਲੱਬ ਦੇ 26 ਵਿਦਿਆਰਥੀਆਂ ਦੀਆਂ 3 ਟੀਮਾਂ ਨਾਸਾ ਦੀ 'ਕੌਮਾਂਤਰੀ ਐਸਟਿਰਾਇਡ ਖੋਜ ਮੁਹਿੰਮ' (ਆਈਏਐਸਸੀ) ਦਾ ਹਿੱਸਾ ਬਣੀਆਂ ਸਨ। ਇਨ੍ਹਾਂ ਵਿੱਚੋਂ 18 ਵਿਦਿਆਰਥੀਆਂ ਦੀਆਂ ਦੋ ਟੀਮਾਂ ਨੇ ਦੋ ਉਲਕਾਪਿੰਡਾਂ ਦੀ ਖੋਜ ਕਰਕੇ ਮੀਲ ਪੱਥਰ ਹਾਸਲ ਕਰ ਲਿਆ ਹੈ। ਨਾਸਾ ਵੱਲੋਂ ਐਸਟਿਰਾਇਡ (ਉਲਕਾਪਿੰਡ) ਖੋਜ ਵਿੱਚ ਵਡਮੁੱਲਾ ਯੋਗਦਾਨ ਪਾਉਣ ਲਈ ਉਨ੍ਹਾਂ ਨੂੰ 'ਨਾਸਾ ਸਿਟੀਜ਼ਨ ਸਾਇੰਟਿਸਟ' ਦਾ ਦਰਜਾ ਦਿੱਤਾ ਗਿਆ ਅਤੇ ਨਾਲ ਹੀ ਸਰਟੀਫ਼ਿਕੇਟਾਂ ਨਾਲ ਸਨਮਾਨਤ ਕੀਤਾ ਗਿਆ ਹੈ।
ਨਾਸਾ ਦੀ ਕੌਮਾਂਤਰੀ ਐਸਟਿਰਾਇਡ ਖੋਜ ਮੁਹਿੰਮ ਵਿੱਚ ਹਿੱਸਾ ਲੈਣ ਵਾਲੇ ਸੀਯੂ ਦੇ 18 ਵਿੱਚੋਂ 15 ਬੀਈ ਏਅਰੋਸਪੇਸ ਦੇ ਵਿਦਿਆਰਥੀ ਹਨ, ਜਦਕਿ 2 ਬੀਐਸਸੀ ਫ਼ਿਜ਼ੀਕਸ ਅਤੇ 1 ਸੀਐਸਈ (ਕੰਪਿਊਟਰ ਸਾਇੰਸ ਇੰਜਨੀਅਰਿੰਗ) ਦਾ ਵਿਦਿਆਰਥੀ ਹੈ।
ਆਈਏਐਸਸੀ ਨਾਸਾ ਦਾ ਇੱਕ ਪ੍ਰੋਜੈਕਟ ਹੈ। ਦਰਅਸਲ, ਇਹ ਇੱਕ ਵੱਕਾਰੀ ਗਲੋਬਲ ਵਿਗਿਆਨਕ ਕੋਲੈਬੋਰੇਸ਼ਨ ਹੈ, ਜਿਸ ਦੇ ਵਿੱਚ ਦੁਨੀਆ ਭਰ ਤੋਂ ਵਿਦਿਆਰਥੀ ਅਤੇ ਖਗੋਲ ਵਿਗਿਆਨੀ ਪੁਲਾੜ ਦੀਆਂ ਗਤੀਵਿਧੀਆਂ ਨੂੰ ਰਿਕਾਰਡ ਕਰਦੇ ਹਨ। ਇਸ ਦੇ ਲਈ ਉਹ ਪੇਸ਼ੇਵਰ ਟੈਲੀਸਕੋਪ ਦੀ ਮਦਦ ਨਾਲ ਨਵੇਂ ਉਲਕਾਪਿੰਡਾਂ ਅਤੇ ਹੋਰ ਸਿਤਾਰਿਆਂ ਦੀ ਖੋਜ ਕਰਦੇ ਹਨ ਅਤੇ ਉਨ੍ਹਾਂ ਦੀਆਂ ਤਸਵੀਰਾਂ ਲੈਂਦੇ ਹਨ।
ਚੰਡੀਗੜ੍ਹ ਯੂਨੀਵਰਸਿਟੀ ਦੇ ਇਨ੍ਹਾਂ 18 ਵਿਦਿਆਰਥੀਆਂ ਨੇ ਤਕਰੀਬਨ 45 ਦਿਨਾਂ ਦੇ ਅੰਦਰ ਪੁਲਾੜ ਵਿੱਚ ਇਨ੍ਹਾਂ ਉਲਕਪਿੰਡਾਂ ਦੀ ਖੋਜ ਕੀਤੀ। ਇਸ ਦੇ ਲਈ ਇਨ੍ਹਾਂ ਵਿਦਿਆਰਥੀਆਂ 'ਐਸਟ੍ਰੋਨਾਮਿਕਾ' ਨਾਂਅ ਦੇ ਸਾਫ਼ਟਵੇਅਰ ਅਤੇ ਹਵਾਈ ਵਿੱਚ ਸਥਿਤ 'ਪੈਨ ਸਟਾਰਜ਼ ਟੈਲੀਸਕੋਪ' ਦੀ ਮਦਦ ਲਈ ਸੀ। ਇਨ੍ਹਾਂ ਸਾਫ਼ਟਵੇਅਰਾਂ ਨੂੰ ਇਸਤੇਮਾਲ ਕਰਨ ਲਈ ਚੰਡੀਗੜ੍ਹ ਯੂਨੀਵਰਸਿਟੀ ਐਸਟ੍ਰੋਨਾਮੀ ਕਲੱਬ ਵੱਲੋਂ ਵਿਦਿਆਰਥੀਆਂ ਨੂੰ ਵਿਸ਼ੇਸ਼ ਸਿਖਲਾਈ ਦਿੱਤੀ ਗਈ ਸੀ। ਇਹ ਖੋਜਾਂ ਸਿਰਫ਼ ਲਿਸਟ ਵਿੱਚ ਨਾਮ ਨਹੀਂ ਹਨ। ਇਸ ਤਰ੍ਹਾਂ ਦੇ ਉਲਕਾਪਿੰਡਾਂ ਦੀ ਖੋਜ ਕਰਨ ਨਾਲ ਵਿਗਿਆਨੀਆਂ ਨੂੰ ਨਾ ਸਿਰਫ਼ ਸੂਰਜੀ ਸਿਸਟਮ ਦਾ ਇਤਿਹਾਸ ਸਮਝਣ ਵਿੱਚ ਮਦਦ ਮਿਲਦੀ ਹੈ, ਬਲਕਿ ਧਰਤੀ ਨੂੰ ਭਵਿੱਖ ਵਿੱਚ ਹੋਣ ਵਾਲੇ ਖ਼ਤਰਿਆਂ ਤੋਂ ਮਹਿਫ਼ੂਜ਼ ਰੱਖਣ ਵਿੱਚ ਵੀ ਸਹਾਇਤਾ ਮਿਲਦੀ ਹੈ।
ਇਸ ਵਿਸ਼ੇਸ਼ ਮੌਕੇ 'ਤੇ ਚੰਡੀਗੜ੍ਹ ਯੂਨੀਵਰਸਿਟੀ ਦੇ ਸੀਨੀਅਰ ਮੈਨੇਜਿੰਗ ਡਾਇਰੈਕਟਰ ਦੀਪਇੰਦਰ ਸੰਧੂ ਨੇ ਉਲਕਾਪਿੰਡ ਖੋਜਣ ਵਾਲੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ। ਉਨ੍ਹਾਂ ਕਿਹਾ, "ਇਹ ਚੰਡੀਗੜ੍ਹ ਯੂਨੀਵਰਸਿਟੀ ਲਈ ਮਾਣ ਵਾਲਾ ਪਲ ਹੈ। ਸੀਯੂ ਦੇ ਇਹ 18 ਵਿਦਿਆਰਥੀ ਇਤਿਹਾਸ ਦੇ ਪਹਿਲੇ ਮਨੁੱਖ ਸਨ, ਜਿਨ੍ਹਾਂ ਨੇ ਇਨ੍ਹਾਂ ਖ਼ਾਸ ਉਲਕਾਪਿੰਡਾਂ ਨੂੰ ਖੋਜਿਆ। ਇਹ ਦੋਵੇਂ ਐਸਟਿਰਾਇਡ ਹੁਣ ਗਲੋਬਲ ਵਿਗਿਆਨਕ ਰਿਕਾਰਡ ਦਾ ਹਿੱਸਾ ਹਨ ਅਤੇ ਅਸੀਂ ਮਾਣ ਨਾਲ ਕਹਿ ਸਕਦੇ ਹਾਂ ਕਿ ਸੀਯੂ ਦੇ ਵਿਦਿਆਰਥੀਆਂ ਨੇ ਇਹ ਮਹਾਨ ਖੋਜ ਕੀਤੀ ਹੈ। ਅਸਲ ਸੰਸਾਰ ਦੀ ਰਿਸਰਚ ਵਿੱਚ ਵਿਦਿਆਰਥੀਆਂ ਨੂੰ ਸ਼ਾਮਲ ਕਰਕੇ ਚੰਡੀਗੜ੍ਹ ਯੂਨੀਵਰਸਿਟੀ ਨਵੀਂ ਪੀੜੀ ਦੇ ਵਿਗਿਆਨੀਆਂ ਨੂੰ ਤਿਆਰ ਕਰ ਰਹੀ ਹੈ, ਜੋ ਗਲੋਬਲ ਸੁਰੱਖਿਆ ਅਤੇ ਖੋਜ ਵਿੱਚ ਯੋਗਦਾਨ ਦੇਣਗੇ।"
ਉਨ੍ਹਾਂ ਅੱਗੇ ਕਿਹਾ, "ਵਿਦਿਆਰਥੀਆਂ ਦੀ ਇਹ ਉਪਲਬਧੀ ਸੀਯੂ ਦੀ ਸਟੈਮ (STEM) ਐਕਸੀਲੈਂਸ ਅਤੇ ਪੁਲਾੜ ਵਿਗਿਆਨ ਖੋਜ ਦੇ ਕੇਂਦਰ ਦੇ ਤੌਰ 'ਤੇ ਚੰਡੀਗੜ੍ਹ ਯੂਨੀਵਰਸਿਟੀ ਦੀ ਸਾਖ਼ ਨੂੰ ਵਧਾਉਂਦੀ ਹੈ, ਜੋ ਵਿਦਿਆਰਥੀਆਂ ਨੂੰ ਅਸਲੀ ਵਿਗਿਆਨਕ ਡਾਟਾ, ਐਡਵਾਂਸਡ ਐਨਾਲਿਟੀਕਲ ਟੂਲ ਅਤੇ ਕੌਮਾਂਤਰੀ ਖੋਜ ਮਿਆਰ ਨਾਲ ਕੰਮ ਕਰਨ ਵਿੱਚ ਮਦਦ ਕਰਦੀ ਹੈ। ਸਾਡੇ ਵਿਦਿਆਰਥੀਆਂ ਨੂੰ ਗ੍ਰਹਿ-ਰੱਖਿਆ ਯਤਨਾਂ ਅਤੇ ਐਸਟਰਾਇਡ ਖੋਜ ਵਿੱਚ ਅਰਥਪੂਰਨ ਯੋਗਦਾਨ ਪਾਉਣ ਦੇ ਯੋਗ ਬਣਾ ਕੇ, ਜੋ ਕਿ ਭਵਿੱਖ ਦੀ ਡੂੰਘੀ-ਪੁਲਾੜ ਖੋਜ ਲਈ ਜ਼ਰੂਰੀ ਖੇਤਰ ਹਨ, ਚੰਡੀਗੜ੍ਹ ਯੂਨੀਵਰਸਿਟੀ ਨਵੀਨਤਾ, ਵਿਗਿਆਨਕ ਖੋਜ ਅਤੇ ਵਿਸ਼ਵਵਿਆਪੀ ਅਕਾਦਮਿਕ ਉੱਤਮਤਾ ਦੇ ਕੇਂਦਰ ਵਜੋਂ ਆਪਣੀ ਸਥਿਤੀ ਨੂੰ ਹੋਰ ਮਜ਼ਬੂਤ ਕਰਦੀ ਹੈ।"
ਇਸ ਦੇ ਨਾਲ ਦੀਪਇੰਦਰ ਸੰਧੂ ਨੇ ਇਹ ਵੀ ਕਿਹਾ, "ਨਾਸਾ ਵੱਲੋਂ ਸੀਯੂ ਦੇ 18 ਵਿਦਿਆਰਥੀਆਂ ਨੂੰ 'ਸਿਟੀਜ਼ਨ ਸਾਇੰਟਿਸਟ' ਦਾ ਦਰਜਾ ਮਿਲਣਾ ਨਵੀਂ ਪੀੜੀ ਦੇ ਵਿਗਿਆਨੀਆਂ ਅਤੇ ਨੌਜਵਾਨ ਵਿਗਿਆਨ ਪ੍ਰੇਮੀਆਂ ਲਈ ਇੱਕ ਬਹੁਤ ਵੱਡੀ ਪ੍ਰੇਰਨਾ ਹੈ। ਇਹ ਦਰਸਾਉਂਦਾ ਹੈ ਕਿ ਕਿਵੇਂ ਸਮਰਪਣ, ਸਲਾਹ ਅਤੇ ਵਿਹਾਰਕ ਵਿਗਿਆਨਕ ਅਨੁਭਵ ਵਿਦਿਆਰਥੀਆਂ ਨੂੰ ਅਕਾਦਮਿਕ ਖੇਤਰ ਵਿੱਚ ਰਹਿੰਦੇ ਹੋਏ ਕੌਮਾਂਤਰੀ ਪੱਧਰ ਦੀ ਪਛਾਣ ਪ੍ਰਾਪਤ ਕਰਨ ਵਿੱਚ ਮਦਦ ਕਰ ਸਕਦੇ ਹਨ। ਚੰਡੀਗੜ੍ਹ ਯੂਨੀਵਰਸਿਟੀ ਖਗੋਲ ਵਿਗਿਆਨ, ਪੁਲਾੜ ਵਿਗਿਆਨ ਅਤੇ ਉੱਭਰਦੀ ਤਕਨਾਲੋਜੀ ਵਰਗੇ ਖੇਤਰਾਂ ਵਿੱਚ ਨੌਜਵਾਨ ਪੀੜੀ ਨੂੰ ਖੜਾ ਕਰਨ ਲਈ ਵਚਨਬੱਧ ਹੈ, ਸਾਡਾ ਮਕਸਦ ਇਹ ਯਕੀਨੀ ਬਣਾਉਣਾ ਹੈ ਕਿ CU ਦੇ ਵਿਦਿਆਰਥੀ ਵਿਗਿਆਨਕ ਖੋਜ ਵਿੱਚ ਯੋਗਦਾਨ ਪਾਉਂਦੇ ਰਹਿਣ ਅਤੇ ਪੁਲਾੜ-ਵਿਗਿਆਨ ਖੋਜ ਦੇ ਉੱਭਰ ਰਹੇ ਖੇਤਰਾਂ ਵਿੱਚ ਭਾਰਤ ਦੀ ਮੌਜੂਦਗੀ ਨੂੰ ਮਜ਼ਬੂਤ ਕਰਨ।”
ਕੌਮਾਂਤਰੀ ਉਲਕਾਪਿੰਡ ਖੋਜ ਮੁਹਿੰਮ (IASC) NASA ਨਾਲ ਜੁੜਿਆ ਇੱਕ ਗਲੋਬਲ ਖਗੋਲ-ਵਿਗਿਆਨਕ ਸਿਟੀਜ਼ਨ ਸਾਇੰਸ ਪ੍ਰੋਗਰਾਮ ਹੈ। ਇਹ ਪ੍ਰੋਜੈਕਟ ਦੁਨੀਆ ਭਰ ਦੇ ਵਿਦਿਆਰਥੀਆਂ ਅਤੇ ਖਗੋਲ ਵਿਗਿਆਨੀਆਂ ਨੂੰ ਆਸਮਾਨ ਦੀ ਗਹਿਰਾਈਆਂ ਵਿੱਚ ਮੰਡਰਾ ਰਹੇ ਅਣਪਛਾਤੇ ਤਾਰਿਆਂ, ਉਲਕਾਪਿੰਡ, ਗ੍ਰਹਿਾਂ, ਉੱਪਗ੍ਰਹਿਾਂ ਦੀ ਪਛਾਣ ਕਰਨ ਲਈ ਅਸਲ ਟੈਲੀਸਕੋਪ ਡੇਟਾਸੈੱਟ ਪ੍ਰਦਾਨ ਕਰਦਾ ਹੈ। ਇਸ ਪ੍ਰੋਜੈਕਟ ਰਾਹੀਂ, ਪੇਸ਼ੇਵਰ ਖਗੋਲ-ਵਿਗਿਆਨਕ ਉਪਕਰਣਾਂ ਅਤੇ ਅਸਲ ਵਿਗਿਆਨਕ ਡੇਟਾ ਦੇ ਨਾਲ ਵਿਹਾਰਕ ਅਨੁਭਵ ਪ੍ਰਾਪਤ ਕਰਦੇ ਹਨ, ਅੰਤਰਰਾਸ਼ਟਰੀ ਐਸਟੇਰੋਇਡ-ਨਿਗਰਾਨੀ ਅਤੇ ਗ੍ਰਹਿ-ਰੱਖਿਆ ਯਤਨਾਂ ਵਿੱਚ ਕੀਮਤੀ ਯੋਗਦਾਨ ਪਾਉਂਦੇ ਹਨ।