ਸਾਦਿਕ ਪਬਲੀਕੇਸ਼ਨਜ਼ ਨੇ ਪੁਸਤਕਾਂ ਲੋਕ ਅਰਪਣ, ਕਵੀ ਦਰਬਾਰ ਤੇ ਸਨਮਾਨ ਸਮਾਰੋਹ ਵੀ ਕਰਵਾਇਆ
ਅਸ਼ੋਕ ਵਰਮਾ
ਬਠਿੰਡਾ, 16 ਫਰਵਰੀ 2026 : ਸਾਹਿਤਕ ਗਤੀਵਿਧੀਆਂ ਦੇ ਪ੍ਰਮੁੱਖ ਕੇਂਦਰ ਵਜੋਂ ਜਾਣੇ ਜਾਂਦੇ ਇੱਥੋਂ ਦੇ ਟੀਚਰਜ਼ ਹੋਮ ਵਿਖੇ ਸਾਦਿਕ ਪਬਲੀਕੇਸ਼ਨਜ਼, ਜੋਧਪੁਰ ਪਾਖਰ,ਬਠਿੰਡਾ ਵੱਲੋਂ ਕਲਮਾਂ ਦੇ ਵਾਰ ਸਾਹਿਤਕ ਮੰਚ, ਸਾਹਨੇਵਾਲ, ਲੁਧਿਆਣਾ ਦੇ ਸਹਿਯੋਗ ਨਾਲ ਪੁਸਤਕ ਲੋਕ ਅਰਪਣ, ਕਵੀ ਦਰਬਾਰ ਅਤੇ ਸਨਮਾਨ ਸਮਾਰੋਹ ਕਰਵਾਇਆ ਗਿਆ। ਇਸ ਸਮਾਰੋਹ ਦੀ ਪ੍ਰਧਾਨਗੀ ਉੱਘੇ ਪ੍ਰਵਾਸੀ ਸ਼ਾਇਰ ਸੰਤੋਖ ਮਿਨਹਾਸ ਨੇ ਕੀਤੀ ਅਤੇ ਪ੍ਰਿੰਸੀਪਲ ਮੋਨਿਕਾ ਸਿੰਘ, ਪੁਲਿਸ ਪਬਲਿਕ ਸਕੂਲ, ਬਠਿੰਡਾ ਵਿਸ਼ੇਸ਼ ਮਹਿਮਾਨ ਦੇ ਤੌਰ ਤੇ ਸ਼ਾਮਿਲ ਹੋਏ। ਉਹਨਾਂ ਦੇ ਨਾਲ ਪ੍ਰਧਾਨਗੀ ਮੰਡਲ ਵਿੱਚ ਸ਼ਾਇਰ ਸੁਰਿੰਦਰਪ੍ਰੀਤ ਘਣੀਆਂ ਸਕੱਤਰ, ਕੇਂਦਰੀ ਪੰਜਾਬੀ ਲੇਖਕ ਸਭਾ (ਰਜਿ.), ਉੱਘੇ ਅਲੋਚਕ ਸ੍ਰੀ ਗੁਰਦੇਵ ਖੋਖਰ, ਡਾ. ਨਵਦੀਪ ਕੌਰ, ਮੁਖੀ ਪੰਜਾਬੀ ਵਿਭਾਗ, ਰੀਜਨਲ ਸੈਂਟਰ, ਬਠਿੰਡਾ, ਕੁਲਦੀਪ ਸਿੰਘ ਦੀਪ, ਸਾਦਿਕ ਪਬਲੀਕੇਸ਼ਨ ਅਤੇ ਲਛਮਣ ਸਿੰਘ ਮਲੂਕਾ ਜਨਰਲ ਸਕੱਤਰ ਟੀਚਰਜ਼ ਹੋਮ, ਬਠਿੰਡਾ ਸ਼ਾਮਿਲ ਹੋਏ।
ਇਸ ਮੌਕੇ ਸੁਰਿੰਦਰਪ੍ਰੀਤ ਘਣੀਆਂ ਨੇ ਮਹਿਮਾਨ ਸ਼ਾਇਰਾਂ ਨੂੰ ਜੀ ਆਇਆ ਆਖਦਿਆਂ ਕਿਹਾ ਕਿ ਸਾਦਿਕ ਪਬਲੀਕੇਸ਼ਨ ਵੱਲੋਂ ਇੱਕੋ ਦਿਨ ਸੱਤ ਪੁਸਤਕਾਂ ਦਾ ਲੋਕ ਅਰਪਣ ਕਰਨਾ ਪੰਜਾਬੀ ਸਾਹਿਤ ਅਤੇ ਪਾਠਕਾਂ ਲਈ ਸ਼ੁਭ ਸ਼ਗਨ ਹੈ।ਇਸ ਮੌਕੇ ਵੱਖ-ਵੱਖ ਵਿਸ਼ਿਆਂ ਨਾਲ ਸਬੰਧਿਤ ਸੱਤ ਅਹਿਮ ਪੁਸਤਕਾਂ "ਸ਼ਬਦ ਸੁਨੇਹੇ", "ਦੋ ਪਲ", "ਕੰਧਾਂ 'ਤੇ ਮੋਰ", "ਦਾਨਿਸ਼ ਬਾਲ ਹਾਇਕੂ ਸੰਸਾਰ", "ਅਦਿੱਖ ਕਲਮ", "ਪੇਂਡੂ ਬਾਣੀ" ਲੋਕ ਅਰਪਿਤ ਕੀਤੀਆਂ ਗਈਆਂ। ਇਸ ਮੌਕੇ ਸੰਤੋਖ ਮਿਨਹਾਸ ਦੀ ਤੀਜੀ ਕਾਵਿ ਪੁਸਤਕ 'ਸ਼ਬਦ ਜੀਓ ਹੈ' ਅਤੇ ਉਹਨਾਂ ਦੀ ਹੀ ਸੰਪਾਦਨਾ ਤਹਿਤ ਅਮਰੀਕਾ ਦੇ ਸ਼ਹਿਰ ਕੈਲੋਫੋਰਨੀਆਂ ਤੋਂ ਪ੍ਰਕਾਸ਼ਿਤ ਹੋ ਰਿਹਾ ਰਸਾਲਾ 'ਪੰਜਾਬੀਅਤ' ਵੀ ਲੋਕ ਅਰਪਿਤ ਕੀਤਾ ਗਿਆ।
ਲੋਕ ਅਰਪਿਤ ਪੁਸਤਕਾਂ ਬਾਰੇ ਜਾਣ ਪਛਾਣ ਕਰਾਉਂਦਿਆਂ ਡਾਕਟਰ ਨਵਦੀਪ ਕੌਰ ਨੇ ਕਿਹਾ ਕਿ ਇਹਨਾਂ ਪੁਸਤਕਾਂ ਵਿੱਚ ਲੇਖਕਾਂ ਵੱਲੋਂ ਆਪਣੇ ਨਿੱਜੀ ਭਾਵ ਪ੍ਰਗਟ ਕਰਨ ਤੋਂ ਇਲਾਵਾ ਸਮਾਜਿਕ ਸਰੋਕਾਰਾਂ ਨੂੰ ਵੀ ਬਾਖੂਬੀ ਪੇਸ਼ ਕੀਤਾ ਗਿਆ ਹੈ। ਗੁਰਦੇਵ ਖੋਖਰ ਨੇ ਇਸ ਮੌਕੇ ਕਿੱਸਾ ਕਾਵਿ ਗੁਰਮਤਿ ਕਾਵਿ ਅਤੇ ਸੂਫ਼ੀ ਕਾਵਿ ਦੇ ਹਵਾਲੇ ਨਾਲ ਸਮਾਗਮ ਵਿੱਚ ਹਾਜ਼ਰ ਬਹੁ ਗਿਣਤੀ ਨਵੇਂ ਕਵੀਆਂ ਨੂੰ ਸੁਝਾ ਦਿੱਤਾ ਕਿ ਉਹ ਇਸ ਕਾਵਿ ਦਾ ਅਧਿਐਨ ਕਰਦਿਆਂ ਇਸ ਦੇ ਵਿਸ਼ਾ ਵਸਤੂ ਅਤੇ ਤਕਨੀਕੀ ਪੱਖ ਨੂੰ ਸਮਝਣ ਦਾ ਯਤਨ ਕਰਨ ਤਾਂ ਕਿ ਉਹਨਾਂ ਦੀ ਕਵਿਤਾ ਵਿੱਚ ਹੋਰ ਵੀ ਨਿਖਾਰ ਅਤੇ ਪ੍ਰੋੜਤਾ ਆ ਸਕੇ। ਲਛਮਣ ਸਿੰਘ ਮਲੂਕਾ ਨੇ ਨਵੇਂ ਕਵੀਆਂ ਨੂੰ ਅਧਿਐਨ ਅਤੇ ਅਭਿਆਸ ਕਰਨ ਦੀ ਸਲਾਹ ਦਿੱਤੀ ।ਸਮਾਗਮ ਦੇ ਪ੍ਰਧਾਨ ਸੰਤੋਖ ਮਿਨਹਾਸ ਨੇ ਏ. ਆਈ. ਬਾਰੇ ਦਾਅਵੇ ਨਾਲ ਕਿਹਾ ਕਿ ਏ. ਆਈ. ਕਦੇ ਵੀ ਮਨੁੱਖੀ ਮਨ ਦੇ ਅਹਿਸਾਸਾਂ ਤੇ ਭਾਵਨਾਵਾਂ ਨੂੰ ਪੇਸ਼ ਕਰਨ ਦੇ ਸਮਰੱਥ ਨਹੀਂ ਹੋ ਸਕਦੀ। ਇਸ ਮੌਕੇ ਉਹਨਾਂ ਆਪਣੇ ਖਾਸ ਅੰਦਾਜ਼ ਵਿੱਚ ਆਪਣੀਆਂ ਦੋ ਰਚਨਾਵਾਂ ਵੀ ਸਾਂਝੀ ਕੀਤੀਆਂ। ਪ੍ਰਿੰਸੀਪਲ ਮੋਨਿਕਾ ਸਿੰਘ ਨੇ ਕਿਹਾ ਕਿ ਬੇਸ਼ੱਕ ਉਸਦਾ ਵਿਸ਼ਾ ਅੰਗਰੇਜ਼ੀ ਭਾਸ਼ਾ ਹੈ ਪਰ ਉਸਨੇ ਇੱਥੇ ਆ ਕੇ ਪੰਜਾਬੀ ਸ਼ਾਇਰੀ ਨੂੰ ਵੀ ਮਾਣਿਆ, ਜਾਣਿਆ ਅਤੇ ਸਮਝਿਆ ਹੈ। ਸਮਰੋਹ ਦੇ ਦੂਸਰੇ ਚਰਨ ਵਿੱਚ ਕਰਵਾਏ ਗਏ ਕਵੀ ਦਰਬਾਰ ਵਿੱਚ ਸੁਰਿੰਦਰਪ੍ਰੀਤ ਘਣੀਆਂ ਨੇ ਆਪਣੀਆਂ ਨਵੀਆਂ ਤੇ ਪਹਿਲਾਂ ਹੀ ਮਕਬੂਲ ਹੋ ਚੁੱਕੀਆਂ ਗ਼ਜ਼ਲਾਂ ਨੂੰ ਸਰੋਤਿਆਂ ਦੀ ਮੰਗ ਤੇ ਆਪਣੇ ਖਾਸ ਅੰਦਾਜ਼ ਵਿੱਚ ਪੇਸ਼ ਕੀਤਾ।
ਇਸ ਉਪਰੰਤ ਜਗਜੀਤ ਸਿੰਘ ਕਾਉਣੀ, ਸੁਭਾਸ਼ ਸੋਲੰਕੀ, ਸ਼ਾਯਰ ਅਲੀ, ਮੀਤ ਬਠਿੰਡਾ, ਜਸਵੀਰ ਭਾਈਰੂਪਾ, ਕੁਲਦੀਪ ਮਨੂ, ਰਾਜਿੰਦਰ ਸਰਾਵਾਂ, ਜਸਕਰਨ ਜੱਸ, ਮਨਪ੍ਰੀਤ ਕੌਰ ਠੀਕਰੀਵਾਲਾ, ਕੁਲਦੀਪ ਸਿੰਘ ਦੀਪ, ਜਸਵਿੰਦਰ ਸਿੰਘ ਸੰਗਤ, ਐਡਵੋਕੇਟ ਅਮਨਦੀਪ ਕੌਰ, ਰਾਮ ਸਿੰਘ ਪਾਠਕ, ਜੱਸੀ ਧਰੌੜ ਸਾਹਨੇਵਾਲ, ਰਣਬੀਰ ਸਿੰਘ ਪ੍ਰਿੰਸ, ਮਨਪ੍ਰੀਤ ਕੌਰ ਜੱਸਲ, ਜੱਸੀ ਜੱਸਲ, ਸਿਕੰਦਰ ਮਾਨਵ,ਆਸਿਫ਼ ਅਲੀ ਮਹਿੰਦਰੂ, ਗੁਰਦੀਪ ਭਾਵਾ, ਕਾਲਾ ਸਰਾਵਾਂ ਅਤੇ ਰੁਪਿੰਦਰ ਸਿੰਘ ਨਿਵਾਹੂ ਨੇ ਆਪਣੀ ਨਵੇਂ ਭਾਵ ਬੋਧ ਦੀ ਸ਼ਾਇਰੀ ਨਾਲ ਸਰੋਤਿਆਂ ਦੇ ਮਨਾਂ ਨੂੰ ਸਰਸ਼ਾਰ ਕੀਤਾ। ਸਮਾਰੋਹ ਦੇ ਤੀਸਰੇ ਪੜਾਅ ਵਿੱਚ ਪ੍ਰਬੰਧਕਾਂ ਵੱਲੋਂ ਸਾਰੇ ਮਹਿਮਾਨ ਸ਼ਾਇਰਾਂ ਅਤੇ ਵਿਦਵਾਨਾਂ ਦਾ ਸਨਮਾਨ ਕੀਤਾ ਗਿਆ। ਸਾਦਿਕ ਪਬਲੀਕੇਸ਼ਨਜ਼ ਅਤੇ ਸਾਹਿਤ ਸਿਰਜਣਾ ਮੰਚ(ਰਜਿ. )ਬਠਿੰਡਾ ਵੱਲੋਂ ਸਾਂਝੇ ਤੌਰ ਤੇ ਪ੍ਰਵਾਸੀ ਕਵੀ ਸੰਤੋਖ ਮਿਨਹਾਸ ਦਾ ਸ਼ਾਲ ਅਤੇ ਯਾਦਗਾਰੀ ਚਿੰਨ ਭੇਂਟ ਕਰਕੇ ਵਿਸ਼ੇਸ਼ ਸਨਮਾਨ ਕੀਤਾ। ਸਮਰੋਹ ਦਾ ਮੰਚ ਸੰਚਾਲਨ ਨੌਜਵਾਨ ਸ਼ਾਇਰ ਮੀਤ ਬਠਿੰਡਾ ਨੇ ਕੀਤਾ। ਅਖ਼ੀਰ ਵਿੱਚ ਸਾਦਿਕ ਪਬਲੀਕੇਸ਼ਨਜ਼ ਦੇ ਸਰਪ੍ਰਸਤ ਕੁਲਦੀਪ ਸਿੰਘ ਦੀਪ ਅਤੇ ਰਣਬੀਰ ਸਿੰਘ ਪ੍ਰਿੰਸ ਵੱਲੋਂ ਆਏ ਹੋਏ ਸਾਰੇ ਲੇਖਕਾਂ ਅਤੇ ਮਹਿਮਾਨਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਗਿਆ।