ਡਾ.ਓਬਰਾਏ ਵੱਲੋਂ ਹੜ੍ਹ ਪੀੜਤ ਪਸ਼ੂ ਪਾਲਕਾਂ ਲਈ ਚਾਰੇ ਦੀ ਸੇਵਾ ਨਿਰੰਤਰ ਜਾਰੀ
ਰਾਜਾਸਾਂਸੀ ਹਲਕੇ ਦੇ ਪਿੰਡਾਂ 'ਚ ਵੰਡਿਆ 20 ਟਨ ਪਸ਼ੂ-ਚਾਰਾ
ਰਾਕੇਸ਼ ਨਈਅਰ ਚੋਹਲਾ
ਲੋਪੋਕੇ/ਰਾਜਾਸਾਂਸੀ/ਅੰਮ੍ਰਿਤਸਰ,18 ਸਤੰਬਰ 2025- ਹੜ੍ਹਾਂ ਦੀ ਮਾਰ ਝੱਲ ਰਹੇ ਲੋਕਾਂ ਲਈ ਨਿਰੰਤਰ ਸੇਵਾ ਕਾਰਜ ਨਿਭਾ ਰਹੇ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਬਾਨੀ ਅਤੇ ਦੁਬਈ ਦੇ ਉੱਘੇ ਕਾਰੋਬਾਰੀ ਡਾ.ਐਸ.ਪੀ.ਸਿੰਘ ਓਬਰਾਏ ਵੱਲੋਂ ਆਪਣੇ ਸੇਵਾ ਕਾਰਜਾਂ ਨੂੰ ਨਿਰੰਤਰ ਜਾਰੀ ਰੱਖਦਿਆਂ ਹੋਇਆਂ ਵੀਰਵਾਰ ਨੂੰ ਰਾਜਾਸਾਂਸੀ ਹਲਕੇ ਨਾਲ ਸਬੰਧਿਤ ਪਿੰਡਾਂ ਦੇ ਹੜ੍ਹ ਪੀੜਤ ਪਸ਼ੂ ਪਾਲਕਾਂ ਨੂੰ 20 ਟਨ ਸੁੱਕਾ ਚਾਰਾ ਵੰਡਿਆ ਗਿਆ। ਇਸ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਡਾ.ਐਸ.ਪੀ. ਓਬਰਾਏ ਨੇ ਦੱਸਿਆ ਕਿ ਇਸ ਔਖੀ ਘੜੀ ਵੇਲੇ ਪੰਜਾਬ ਦੇ ਸਮੁੱਚੇ ਪ੍ਰਭਾਵਿਤ ਖੇਤਰਾਂ ਵਿੱਚ ਉਨ੍ਹਾਂ ਦੀਆਂ ਟੀਮਾਂ ਦਿਨ-ਰਾਤ ਸੇਵਾ ਕਾਰਜ ਨਿਭਾ ਰਹੀਆਂ ਹਨ ਅਤੇ ਇਹ ਸੇਵਾ ਪੂਰੀ ਤਰ੍ਹਾਂ ਨਾਲ ਹਾਲਾਤ ਠੀਕ ਹੋਣ ਤੱਕ ਨਿਰੰਤਰ ਜਾਰੀ ਰਹੇਗੀ।ਉਨ੍ਹਾਂ ਦੱਸਿਆ ਕਿ ਇਸੇ ਤਹਿਤ ਹੀ ਅੱਜ ਟਰੱਸਟ ਦੇ ਪੰਜਾਬ ਪ੍ਰਧਾਨ ਸੁਖਜਿੰਦਰ ਸਿੰਘ ਹੇਰ ਤੇ ਹਰਜਿੰਦਰ ਸਿੰਘ ਮੁੱਧ ਦੀ ਮੌਜੂਦਗੀ ਵਿਚ ਰਾਜਾਸਾਂਸੀ ਹਲਕੇ ਦੇ ਪਿੰਡ ਵਰ੍ਹਿਆਂ,ਮੋਹਲੇਕੇ ਡੇਰੇ,ਭੱਗੂਪੁਰ ਬੇਟ,ਭੱਗੂਪੁਰ,ਉਤਾਰ,ਮੁੱਧ,ਤਲਵੰਡੀ ਰਾਏਦਾਦੂ,ਕੜਿਆਲ ਤੇ ਛੰਨਾ ਆਦਿ ਦੇ ਪ੍ਰਭਾਵਿਤ ਪਸ਼ੂ ਪਾਲਕਾਂ ਨੂੰ 20 ਟਨ ਸੁੱਕਾ ਚਾਰਾ ਵੰਡਿਆ ਗਿਆ ਹੈ।ਇਸ ਦੌਰਾਨ ਪਸ਼ੂਆਂ ਦਾ ਚਾਰਾ ਪ੍ਰਾਪਤ ਕਰਨ ਵਾਲੇ ਕਿਸਾਨਾਂ ਵੱਲੋਂ ਡਾ.ਓਬਰਾਏ ਦਾ ਇਸ ਔਖੀ ਘੜੀ ਵੇਲੇ ਮਦਦ ਕਰਨ ਲਈ ਵਿਸ਼ੇਸ਼ ਤੌਰ 'ਤੇ ਧੰਨਵਾਦ ਵੀ ਕੀਤਾ ਗਿਆ।