ਰੂਪਨਗਰ : DC ਤੇ IIT ਦੀ ਟੀਮ ਨੇ ਬਿਭੌਰ ਸਾਹਿਬ ਤੇ ਖਿੰਗੜੀ ਪਿੰਡ ਦਾ ਕੀਤਾ ਨਿਰੀਖਣ
ਪ੍ਰਮੋਦ ਭਾਰਤੀ
ਰੂਪਨਗਰ 18 ਸਤੰਬਰ,2025 ਜ਼ਿਲ੍ਹਾ ਰੂਪਨਗਰ ਵਿੱਚ ਰਿਹਾਇਸ਼ੀ ਇਲਾਕਿਆਂ ਨੂੰ ਮਿੱਟੀ ਖਿਸਕਣ ਕਾਰਨ ਪੈ ਰਹੇ ਖਤਰੇ ਨੂੰ ਵੇਖਦੇ ਹੋਏ ਡਿਪਟੀ ਕਮਿਸ਼ਨਰ ਵਰਜੀਤ ਵਾਲੀਆ ਵੱਲੋਂ ਆਈ ਆਈ ਟੀ ਰੂਪਨਗਰ ਦੀ ਵਿਸ਼ੇਸ਼ ਟੀਮ ਸਮੇਤ ਪਿੰਡ ਬਿਭੌਰ ਸਾਹਿਬ ਅਤੇ ਪਿੰਡ ਖਿੰਗੜੀ ਦਾ ਦੌਰਾ ਕੀਤਾ ਗਿਆ। ਇਸ ਨਿਰੀਖਣ ਦਾ ਮਕਸਦ ਜ਼ਮੀਨ ਦੀ ਅਸਲੀ ਸਥਿਤੀ ਦੀ ਜਾਂਚ ਕਰਨਾ ਜਿਸ ਨਾਲ ਰਿਹਾਇਸ਼ੀ ਘਰਾਂ ਦੀ ਸੁਰੱਖਿਆ ਦਾ ਮੁਕੰਮਲ ਤੌਰ ਉੱਤੇ ਪੱਕਾ ਹੱਲ ਹੋ ਸਕੇ।
ਇਸ ਦੌਰਾਨ ਆਈ ਆਈ ਟੀ ਦੇ ਸਿਵਲ ਇੰਜੀਨੀਅਰਿੰਗ ਵਿਭਾਗ ਤੋਂ ਸਹਾਇਕ ਪ੍ਰੋਫੈਸਰ ਡਾ. ਨਵੀਨ ਜੇਮਸ ਅਤੇ ਡਾ. ਰੀਤਕੰਵਲ ਤਿਵਾੜੀ ਹਾਜ਼ਰ ਸਨ। ਨਾਲ ਹੀ ਡਰੇਨੇਜ, ਬੀ ਐਂਡ ਆਰ ਤੇ ਭੂਮੀ ਰੱਖਿਆ ਦੇ ਤਕਨੀਕੀ ਵਿੰਗ ਦੇ ਸੀਨੀਅਰ ਅਧਿਕਾਰੀ ਵੀ ਇਸ ਨਿਰਖਣ ਵਿੱਚ ਸ਼ਾਮਲ ਸਨ। ਮਾਹਰਾਂ ਦੀ ਟੀਮ ਵੱਲੋਂ ਸਾਈਟ ‘ਤੇ ਤਕਨੀਕੀ ਅਧਿਐਨ ਕੀਤਾ ਗਿਆ।
ਡਿਪਟੀ ਕਮਿਸ਼ਨਰ ਵਰਜੀਤ ਵਾਲੀਆ ਨੇ ਦੱਸਿਆ ਕਿ ਆਈ ਆਈ ਟੀ ਦੀ ਟੀਮ ਅਨੁਸਾਰ ਮਿੱਟੀ ਖਿਸਕਣ ਦੀ ਸੰਭਾਵਨਾ ਵਾਲੇ ਇਲਾਕਿਆਂ ਵਿੱਚ ਰਿਟੇਨਿੰਗ ਵਾਲਾਂ ਦੀ ਬਣਤਰ ਦਾ ਫ਼ੈਸਲਾ ਅਤੇ ਸ਼ੁਰੂਆਤ ਸਿਰਫ਼ ਗਹਿਰਾਈ ਵਾਲੀ ਜਾਂਚ ਅਤੇ ਮੁਕੰਮਲ ਸਰਵੇਖਣ ਤੋਂ ਬਾਅਦ ਕੀਤੀ ਜਾ ਸਕਦੀ ਹੈ। ਇਹ ਤਰੀਕਾ ਨਾ ਸਿਰਫ਼ ਘਰਾਂ ਅਤੇ ਇਮਾਰਤਾਂ ਨੂੰ ਸੁਰੱਖਿਅਤ ਕਰੇਗਾ, ਸਗੋਂ ਭਵਿੱਖ ਵਿੱਚ ਸੰਭਾਵੀ ਨੁਕਸਾਨ ਤੋਂ ਬਚਾਅ ਵੀ ਕਰੇਗਾ।
ਉਨ੍ਹਾਂ ਕਿਹਾ ਕਿ ਰਿਹਾਇਸ਼ੀ ਇਲਾਕਿਆਂ ਦੀ ਸੁਰੱਖਿਆ ਲਈ ਵਿਸਥਾਰਪੂਰਵਕ ਤਕਨੀਕੀ ਰਿਪੋਰਟ ਤਿਆਰ ਕੀਤੀ ਜਾਵੇਗੀ। ਇਸ ਰਿਪੋਰਟ ਵਿੱਚ ਮਿੱਟੀ ਦੇ ਟੈਸਟ, ਜ਼ਮੀਨ ਦੀ ਢਲਾਨ, ਡਰੇਨੇਜ ਸਿਸਟਮ ਅਤੇ ਭੂਮੀ ਦੇ ਪ੍ਰਾਕ੍ਰਿਤਿਕ ਰੁਝਾਨਾਂ ਬਾਰੇ ਵਿਸਤ੍ਰਿਤ ਜਾਣਕਾਰੀ ਸ਼ਾਮਲ ਕੀਤੀ ਜਾਵੇਗੀ। ਇਨ੍ਹਾਂ ਨਤੀਜਿਆਂ ਦੇ ਆਧਾਰ ‘ਤੇ ਹੀ ਅਗਲੇ ਕਦਮ ਚੁੱਕੇ ਜਾਣਗੇ।
ਡਿਪਟੀ ਕਮਿਸ਼ਨਰ ਨੇ ਸਥਾਨਕ ਨਿਵਾਸੀਆਂ ਨੂੰ ਭਰੋਸਾ ਦਵਾਇਆ ਕਿ ਪ੍ਰਸ਼ਾਸਨ ਵੱਲੋਂ ਉਨ੍ਹਾਂ ਦੀ ਸੁਰੱਖਿਆ ਸਭ ਤੋਂ ਪਹਿਲੀ ਤਰਜੀਹ ਹੈ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ, ਆਈ ਆਈ ਟੀ ਅਤੇ ਤਕਨੀਕੀ ਵਿਭਾਗਾਂ ਦੇ ਸਾਂਝੇ ਯਤਨਾਂ ਨਾਲ ਇੱਕ ਸਥਾਈ ਹੱਲ ਲੱਭਿਆ ਜਾਵੇਗਾ।
ਉਨ੍ਹਾਂ ਨੇ ਪਿੰਡ ਵਾਸੀਆਂ ਨੂੰ ਅਪੀਲ ਕੀਤੀ ਕਿ ਜਦ ਤੱਕ ਸਰਵੇਖਣ ਤੇ ਰਿਪੋਰਟ ਪੂਰੀ ਨਹੀਂ ਹੁੰਦੀ, ਉਹ ਆਪਣੇ ਘਰਾਂ ਦੇ ਆਲੇ ਦੁਆਲੇ ਗੈਰ-ਜ਼ਰੂਰੀ ਖੁਦਾਈ ਜਾਂ ਮਕਾਨੀ ਤਬਦੀਲੀਆਂ ਨਾ ਕਰਨ, ਤਾਂ ਜੋ ਮਿੱਟੀ ਖਿਸਕਣ ਦੀ ਸੰਭਾਵਨਾ ਨੂੰ ਘਟਾਇਆ ਜਾ ਸਕੇ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਜਲਦੀ ਹੀ ਆਈ ਆਈ ਟੀ ਰਿਪੋਰਟ ਦੇ ਆਧਾਰ ‘ਤੇ ਕਾਰਵਾਈ ਸ਼ੁਰੂ ਕੀਤੀ ਜਾਵੇਗੀ ਅਤੇ ਰਿਹਾਇਸ਼ੀ ਇਲਾਕਿਆਂ ਨੂੰ ਮਾਹਰਾਂ ਦੀ ਨਿਗਰਾਨੀ ਹੇਠ ਤਕਨੀਕੀ ਢੰਗ ਨਾਲ ਪੂਰੀ ਤਰ੍ਹਾਂ ਸੁਰੱਖਿਅਤ ਬਣਾਇਆ ਜਾਵੇਗਾ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਚੰਦਰਜਯੋਤੀ ਸਿੰਘ, ਆਈਏਐਸ (ਅੰਡਰ ਟ੍ਰੇਨਿੰਗ) ਅਭਿਮਨਿਊ ਮਲਿਕ, ਬੀਡੀਪੀਓ ਇਸ਼ਾਨ ਚੌਧਰੀ, ਤਹਿਸੀਲਦਾਰ ਨੰਗਲ ਜਸਵੀਰ ਸਿੰਘ, ਐਸਡੀਓ ਹਰਿੰਦਰ ਸਿੰਘ ਗਿੱਲ, ਐਸਡੀਓ ਖੁਸ਼ਦੀਪ ਸਿੰਘ ਅਤੇ ਹੋਰ ਉੱਚ ਅਧਿਕਾਰੀ ਹਾਜ਼ਰ ਸਨ।