Babushahi Special ਬਠਿੰਡਾ: ‘ਬਾਰਸ਼ਾਂ ਦੌਰਾਨ ਪਾਣੀ ’ਚ ਲੱਗਦੇ ਗੋਤਿਆਂ’ ਨੂੰ ਠੱਲ੍ਹਣਾ ਮੁੱਛ ਦਾ ਸਵਾਲ ਬਣਾਇਆ
ਅਸ਼ੋਕ ਵਰਮਾ
ਬਠਿੰਡਾ, 24 ਜੂਨ 2025: ਪਿਛਲੇ ਸਾਲਾਂ ਦੀ ਤਰਾਂ ਇਸ ਵਾਰ ਦੀਆਂ ਬਾਰਸ਼ਾਂ ਦੌਰਾਨ ਬਠਿੰਡਾ ਵਾਸੀਆਂ ਨੂੰ ਬਰਸਾਤੀ ਪਾਣੀ ਦੇ ਕਹਿਰ ਤੋਂ ਬਚਾਉਣ ਲਈ ਮੇਅਰ ਪਦਮਜੀਤ ਸਿੰਘ ਮਹਿਤਾ ਅਤੇ ਪੰਜਾਬ ਕ੍ਰਿਕਟ ਐਸੋਸੀਏਸ਼ਨ ਦੇ ਪ੍ਰਧਾਨ ਅਮਰਜੀਤ ਮਹਿਤਾ ਨੇ ਕਮਾਨ ਸਾਂਭੀ ਹੈ। ਪਦਮਜੀਤ ਮਹਿਤਾ ਦੇ ਮੇਅਰ ਬਣਨ ਮਗਰੋਂ ਇਹ ਪਲੇਠੀ ਬਾਰਸ਼ ਹੈ ਜਿਸ ਦੇ ਪਾਣੀ ਨੂੰ ਸੜਕਾਂ ਤੇ ਵਹਿਣ ਤੋਂ ਰੋਕਣਾ ਮਹਿਤਾ ਪ੍ਰੀਵਾਰ ਨੇ ਆਪਣੀ ਮੁੱਛ ਦਾ ਸਵਾਲ ਬਣਾ ਲਿਆ ਹੈ। ਹਾਲਾਂਕਿ ਜਲਭਰਾਵ ਰੋਕਣ ’ਚ ਸੌ ਫੀਸਦੀ ਸਫਲਤਾ ਮਿਲਣ ਪ੍ਰਤੀ ਸ਼ੰਕੇ ਬਰਕਰਾਰ ਹਨ ਪਰ ਇਸ ਮਾਨਸੂਨ ਦੌਰਾਨ ਮੇਅਰ ਪਦਮਜੀਤ ਮਹਿਤਾ ਨੂੰ ਸਮੱਸਿਆ ਦੀ ਜੜ ਸਬੰਧੀ ਮੁਕੰਮਲ ਜਾਣਕਾਰੀ ਮਿਲਣ ’ਚ ਸਹਾਇਤਾ ਮਿਲ ਸਕੇਗੀ। ਮੌਨਸੂਨ ਦੀ ਆਮਦ ਤੋਂ ਪਹਿਲਾਂ ਸ਼ਹਿਰ ਵਾਸੀਆਂ ਦੇ ਦਿਲਾਂ ’ਚ ਇਹੋ ਸਵਾਲ ਹੈ ਕਿ ਕੀ ਇਸ ਵਾਰ ਵੀ ਬਠਿੰਡਾ ਨੂੰ ਪਾਣੀ ਦੀ ਮਾਰ ਝੱਲਣੀ ਪਵੇਗੀ ਜਾਂ ਫਿਰ ਰਾਹਤ ਦਾ ਕੋਈ ਪੈਗਾਮ ਮਿਲਣ ਜਾ ਰਿਹਾ ਹੈ।
ਖਾਸ ਤੌਰ ਤੇ ਲਾਈਨੋਪਾਰ ਅਤੇ ਸਿਰਕੀ ਬਜ਼ਾਰ ਸਮੇਤ ਅੱਧੀ ਦਰਜਨ ਤੋਂ ਵੱਧ ਥਾਵਾਂ ਅਜਿਹੀਆਂ ਹਨ ਜਿੱਥੇ ਹਰ ਸਾਲ ਪਾਣੀ ਦੀਆਂ ਬੇਲਗਾਮ ਹੋਈਆਂ ਛੱਲਾਂ ਕਾਰਨ ਆਮ ਲੋਕਾਂ ਨੂੰ ਆਰਥਿਕ ਅਤੇ ਮਾਨਸਿਕ ਤੌਰ ਤੇ ਸੰਤਾਪ ਹੰਢਾਉਣਾ ਪੈਂਦਾ ਹੈ। ਵੱਡੀ ਗੱਲ ਇਹ ਵੀ ਹੈ ਕਿ ਇਸ ਤਰਾਂ ਨਗਰ ਨਿਗਮ ਵਿਚਲੇ ਸਿਆਸੀ ਪ੍ਰਬੰਧਾਂ ਨੂੰ ਤਿੱਖੀ ਅਲੋਚਨਾ ਦਾ ਸ਼ਿਕਾਰ ਹੋਣਾ ਪੈਂਦਾ ਹੈ। ਇਸ ਤਰਾਂ ਦੀ ਸਥਿਤੀ ਮੁੜ ਬਣਨ ਤੋਂ ਰੋਕਣ ਲਈ ਹਾਲ ਹੀ ਵਿੱਚ ਅਮਰਜੀਤ ਮਹਿਤਾ ਨੇ ਵਾਰਡ ਨੰਬਰ 18 ਦੇ ਕੌਂਸਲਰ ਵਿਕਰਮ ਕ੍ਰਾਂਤੀ, ਲਾਈਨੋਪਾਰ ਦੇ ਆਗੂ ਅਸ਼ਵਨੀ ਬੰਟੀ, ਸੀਵਰੇਜ ਬੋਰਡ ਦੇ ਐਸਡੀਓ ਸੁਰਿੰਦਰ ਸਿੰਘ ਅਤੇ ਜੇਈ ਕੁਲਦੀਪ ਸਿੰਘ ਨਾਲ ਬਾਬਾ ਦੀਪ ਸਿੰਘ ਨਗਰ ਡਿਸਪੋਜ਼ਲ ਦਾ ਦੌਰਾ ਕਰਕੇ ਸਥਿਤੀ ਦਾ ਜਾਇਜਾ ਲਿਆ ਅਤੇ ਦਿੱਕਤਾਂ ਨੂੰ ਦੂਰ ਕਰਨ ਦੇ ਨਿਰਦੇਸ਼ ਦਿੱਤੇ। ਸ੍ਰੀ ਮਹਿਤਾ ਨੇ ਆਪਣੀ ਟੀਮ ਨਾਲ ਇੱਕ ਕਿੱਲੋਮੀਟਰ ਪੈਦਲ ਚੱਲਕੇ ਰਾਈਜ਼ਿਗ ਮੇਨ ਦੇ ਹਾਲਾਤਾਂ ਬਾਰੇ ਜਾਣਕਾਰੀ ਲਈ।
ਉਨ੍ਹਾਂ ਅਧਿਕਾਰੀਆਂ ਨੂੰ ਰਾਈਜ਼ਿਗ ਮੇਨ ਦੀਆਂ ਪਾਈਪਾਂ ਦੀ ਸਾਰ ਲੈਣ ਅਤੇ ਖਰਾਬ ਪਾਈਪ ਬਦਲਣ ਲਈ ਵੀ ਕਿਹਾ ਤਾਂ ਜੋ ਇਲਾਕਾ ਵਾਸੀਆਂ ਨੂੰ ਪਾਣੀ ਖਲੋਣ ਦੇ ਸੰਕਟ ਤੋਂ ਛੁਟਕਾਰਾ ਮਿਲ ਸਕੇ। ਇਸ ਮੌਕੇ ਕੌਂਸਲਰ ਵਿਕਰਮ ਕ੍ਰਾਂਤੀ ਨੇ ਕਿਹਾ ਕਿ ਉਹ ਲਗਭਗ ਚਾਰ ਸਾਲਾਂ ਤੋਂ ਨਗਰ ਨਿਗਮ ਦੀ ਹਰ ਹਾਊਸ ਮੀਟਿੰਗ ਵਿੱਚ ਇਸ ਸਮੱਸਿਆ ਦੇ ਹੱਲ ਲਈ ਆਵਾਜ਼ ਬੁਲੰਦ ਕਰ ਰਹੇ ਹਨ ਪਰ ਕੋਈ ਸੁਣਵਾਈ ਨਹੀਂ ਹੋਈ ਹੈ। ਉਨ੍ਹਾਂ ਕਿਹਾ ਕਿ ਮੇਅਰ ਪਦਮਜੀਤ ਮਹਿਤਾ ਵੱਲੋਂ ਮੌਕੇ ਤੇ ਪੁੱਜਕੇ ਕਾਰਵਾਈ ਕਰਨ ਕਾਰਨ ਉਨ੍ਹਾਂ ਨੂੰ ਯਕੀਨ ਹੋ ਗਿਆ ਹੈ ਕਿ ਹੁਣ ਇਸ ਸਮੱਸਿਆ ਦਾ ਲਾਜਮੀ ਹੱਲ ਨਿਕਲ ਆਏਗਾ। ਉਨ੍ਹਾਂ ਬਠਿੰਡਾ ਵਾਸੀਆਂ ਨੂੰ ਮੁਸੀਬਤ ਮੁਕਤ ਕਰਨ ਲਈ ਮੇਅਰ ਵੱਲੋਂ ਜੰਗੀ ਪੱਧਰ ’ਤੇ ਮੁਹਿੰਮ ਚਲਾਉਣ ਦੀ ਸ਼ਲਾਘਾ ਵੀ ਕੀਤੀ। ਐਸਡੀਓ ਸੁਰਿੰਦਰ ਸਿੰਘ ਦਾ ਕਹਿਣਾ ਸੀ ਕਿ ਨਿਕਾਸੀ ਲਈ ਰਾਈਜਿੰਗ ਮੇਨ ਨੂੰ ਬਾਰਸ਼ ਤੋਂ ਪਹਿਲਾਂ ਸਹੀ ਕਰ ਲਿਆ ਜਾਏਗਾ।
.jpg)
ਬਠਿੰਡਾ ਲਈ ਆਫਤ ਬਣੇ ਬਾਰਸ਼
ਬੇਸ਼ੱਕ ਮੀਂਹ ਨੂੰ ਕੁਦਰਤ ਦਾ ਅਨਮੋਲ ਤੋਹਫਾ ਅਤੇ ਖੇਤੀ ਖੇਤਰ ਲਈ ਵਰਦਾਨ ਕਿਹਾ ਜਾਂਦਾ ਹੈ ਪ੍ਰੰਤੂ ਬਠਿੰਡਾ ਵਾਸੀ ਬੱਦਲਾਂ ਦੀ ਗੜਗੜਾਹਟ ਸੁਣਦਿਆਂ ਹੀ ਫਿਕਰਾਂ ’ਚ ਡੁੱਬ ਜਾਂਦੇ ਹਨ। ਲੰਘੇ ਤਿੰਨ ਦਹਾਕਿਆਂ ਤੋਂ ਮੀਂਹ ਦਾ ਪਾਣੀ ਸ਼ਹਿਰ ’ਚ ਕਹਿਰ ਵਰਤਾਉਂਦਾ ਆ ਰਿਹਾ ਹੈ । ਨਗਰ ਨਿਗਮ ਵੱਲੋਂ ਕੀਤੇ ਜਾਂਦੇ ਦਾਅਵਿਆਂ ਦੇ ਬਾਵਜੂਦ ਬਰਸਾਤੀ ਪਾਣੀ ਦੇ ਨਿਕਾਸ ਲਈ ਅਧਵਾਟੇ ਲਟਕੇ ਪ੍ਰਜੈਕਟ ਪੂਰੇ ਕਰਨ ਚੁਣੌਤੀ ਬਣੇ ਹੋਏ ਹਨ ਜਿੰਨ੍ਹਾਂ ’ਚ ਸਭ ਤੋਂ ਅਹਿਮ ਰਾਈਜ਼ਿਗ ਮੇਨ ਦੀ ਉਸਾਰੀ ਹੈ ਜਿਸ ਦਾ ਕਾਫੀ ਭਾਗ ਅਧੂਰਾ ਪਿਆ ਹੈ। ਤਕਨੀਕੀ ਮਾਹਿਰਾਂ ਦਾ ਕਹਿਣਾ ਹੈ ਕਿ ਰਾਈਜ਼ਿੰਗ ਮੇਨ ਦੀ ਉਸਾਰੀ ਮੁਕੰਮਲ ਹੋਣ ਪਿੱਛੋਂ ਸ਼ਹਿਰ ਨੂੰ ਵੱਡੀ ਰਾਹਤ ਮਿਲ ਸਕਦੀ ਹੈ।
ਗੰਦਾ ਨਾਲ ਵੀ ਚੁਣੌਤੀ ਬਣਿਆ
ਸ਼ਹਿਰ ਦਾ ਗੰਦਾ ਪਾਣੀ ਕੱਢਣ ਲਈ ਬਣਿਆ ਗੰਦਾ ਨਾਲ ਵੀ ਖਸਤਾ ਹਾਲ ਹੈ ਜੋ 1991 ’ਚ ਬਣਾਇਆ ਸੀ ਤਾਂ ਉਦੋਂ ਸ਼ਹਿਰ ਦੀ ਅਬਾਦੀ ਬੇਹੱਦ ਘੱਟ ਸੀ। ਮਗਰੋਂ ਬਦਲੇ ਹਾਲਾਤਾਂ ਦੇ ਮੱਦੇਨਜ਼ਰ ਪ੍ਰਬੰਧ ਨਹੀਂ ਵਧਾਏ ਗਏ ਜਿਸ ਕਰਕੇ ਇਹ ਹਾਲਤ ਬਣੀ ਹੈ। ਗੰਦੇ ਨਾਲੇ ਦੀ ਕਦੇ ਵੀ ਢੰਗ ਸਿਰ ਮੁਰੰਮਤ ਨਹੀਂ ਹੋਈ ਅਤੇ ਲਾਈਨਿੰਗ ਦਾ ਮੰਦਾ ਹਾਲ ਹੈ ਜੋ ਪਾਣੀ ਦਾ ਬਹੁਤਾ ਦਬਾਅ ਨਹੀਂ ਝੱਲ ਸਕਦੀ ਹੈ। ਅੱਧੀ ਦਰਜਨ ਤੋਂ ਵੱਧ ਵਾਰ ਟੁੱਟੇ ਗੰਘਦੇ ਨਾਲੇ ਦਾ ਕਰੀਬ ਤਿੰਨ ਕਿੱਲੋਮੀਟਰ ਭਾਗ ਖਤਰੇ ਦੇ ਜੋਨ ’ਚ ਹੈ। ਅਧਿਕਾਰੀਆਂ ਮੁਤਾਬਕ ਕਿ ਸਲੈਜ ਕੈਰੀਅਰ ’ਚ ਰੁਕਾਵਟ ਪੈਣ ਸਾਰ ਮੋਟਰਾਂ ਬੰਦ ਕਰਨੀਆਂ ਪੈਂਦੀਆਂ ਹਨ ਜਾਂ ਗਿਣਤੀ ਘਟਾਉਣੀ ਪੈਂਦੀ ਹੈ ਜਿਸ ਕਰਕੇ ਸ਼ਹਿਰ ’ਚ ਸਮੁੰਦਰ ਵਰਗੇ ਹਾਲਾਤ ਬਣ ਜਾਂਦੇ ਹਨ।
ਨਗਰ ਨਿਗਮ ਪੂਰੀ ਤਰਾਂ ਅਸਫਲ
ਸਿਦਕ ਫੋਰਮ ਦੇ ਪ੍ਰਧਾਨ ਸਾਧੂ ਰਾਮ ਕੁਸਲਾ ਦਾ ਕਹਿਣਾ ਸੀ ਕਿ ਨਗਰ ਨਿਗਮ ਹੁਣ ਤੱਕ ਅਸਫਲ ਰਿਹਾ ਹੈ ਤਾਂ ਸਰਕਾਰਾਂ ਵੀ ਕੱੁਝ ਨਹੀਂ ਸੰਵਾਰ ਸਕੀਆਂ ਹਨ। ਉਨ੍ਹਾਂ ਮੇਅਰ ਪਦਮਜੀਤ ਮਹਿਤਾ ਤੋਂ ਸ਼ਹਿਰ ਨੂੰ ਰਾਹਤ ਦਿਵਾਉਣ ਲਈ ਢੁੱਕਵੇਂ ਕਦਮ ਚੁੱਕਣ ਦੀ ਮੰਗ ਕੀਤੀ ਹੈ।
ਜਲਭਰਾਵ ਰੋਕਣਾ ਤਰਜੀਹੀ ਏਜੰਡਾ
ਮੇਅਰ ਪਦਮਜੀਤ ਸਿੰਘ ਮਹਿਤਾ ਦਾ ਕਹਿਣਾ ਸੀ ਕਿ ਸ਼ਹਿਰ ਦੀਆਂ ਵੱਖ ਵੱਖ ਥਾਵਾਂ ਤੇ ਹੁੰਦਾ ਜਲਭਰਾਵ ਰੋਕਣਾ ਉਨ੍ਹਾਂ ਦਾ ਤਰਜੀਹੀ ਏਜੰਡਾ ਹੈ ਅਤੇ ਇਸ ਕੰਮ ਲਈ ਲੁੜੀਂਦੇ ਕਦਮ ਚੁੱਕੇ ਜਾ ਰਹੇ ਹਨ। ਉਨ੍ਹਾਂ ਕਿਹਾ ਸ਼ਹਿਰ ਨੂੰ 15 ਸੈਕਟਰਾਂ ’ਚ ਵੰਡਿਆ ਗਿਆ ਹੈ ਅਤੇ ਹਰ ਸੈਕਟਰ ’ਚ ਅਫਸਰਾਂ ਦੀ ਤਾਇਨਾਤੀ ਕਰ ਦਿੱਤੀ ਗਈ ਹੈ ਜੋ 24 ਘੰਟੇ ਸਥਿਤੀ ਤੇ ਨਜ਼ਰ ਰੱਖਣਗੇ।
Click to Follow Babushahi Facebook Page →