ਟੈਕਸਾਸ: ਮੈਕਸੀਕੋ ਜਾਣ ਵਾਲੀ ਬੱਸ ਦੇ ਅੰਦਰ ਲੁਕੋ ਕੇ ਰੱਖੀ ਲੱਖਾਂ ਡਾਲਰ ਦੀ ਰਾਸ਼ੀ ਕੀਤੀ ਜ਼ਬਤ
ਗੁਰਿੰਦਰਜੀਤ ਨੀਟਾ ਮਾਛੀਕੇ
ਫਰਿਜ਼ਨੋ (ਕੈਲੀਫੋਰਨੀਆ), 23 ਜੁਲਾਈ 2021 - ਟੈਕਸਾਸ ਵਿੱਚ ਪੁਲਿਸ ਅਧਿਕਾਰੀਆਂ ਨੇ ਇਸ ਹਫਤੇ ਮੈਕਸੀਕੋ ਜਾਣ ਵਾਲੀ ਇੱਕ ਬੱਸ ਦੇ ਰੈਸਟਰੂਮ ਵਿੱਚ ਲੁਕੋ ਕੇ ਰੱਖੇ ਲੱਖਾਂ ਡਾਲਰ ਬਰਾਮਦ ਕੀਤੇ ਹਨ। ਅਧਿਕਾਰੀਆਂ ਅਨੁਸਾਰ ਬੱਸ ਦੀ ਤਲਾਸ਼ੀ ਦੌਰਾਨ 14 ਬੰਡਲਾਂ ਅੰਦਰ ਲਪੇਟ ਕੇ ਰੱਖੀ ਹੋਈ ਤਕਰੀਬਨ 500,000 ਡਾਲਰ ਦੀ ਨਕਦੀ ਜ਼ਬਤ ਕੀਤੀ ਗਈ ਹੈ। ਬਾਰਡਰ ਅਧਿਕਾਰੀਆਂ ਦੇ ਅਨੁਸਾਰ ਅਮਰੀਕੀ ਕਸਟਮਜ਼ ਅਤੇ ਬਾਰਡਰ ਪ੍ਰੋਟੈਕਸ਼ਨ ਦੁਆਰਾ ਵਿਸ਼ੇਸ਼ ਤੌਰ 'ਤੇ ਹਥਿਆਰ ਅਤੇ ਨਕਦੀ ਦੀ ਭਾਲ ਲਈ ਟਰੇਨਿੰਗ ਪ੍ਰਾਪਤ ਖੋਜੀ ਕੁੱਤੇ ਨੇ ਅਧਿਕਾਰੀਆਂ ਨੂੰ ਨਕਦੀ ਪ੍ਰਤੀ ਸੁਚੇਤ ਕੀਤਾ।
ਮੈਕਸੀਕੋ ਵੱਲ ਜਾਣ ਵਾਲੀ ਬੱਸ ਦਾ ਮੰਗਲਵਾਰ ਨੂੰ ਟੇਕਸਾਸ ਦੇ ਪ੍ਰੈਸੀਡਿਓ ਪੋਰਟ ਆਫ ਐਂਟਰੀ ਪਹੁੰਚਣ ਤੋਂ ਬਾਅਦ ਮੁਆਇਨਾ ਕੀਤਾ ਗਿਆ। ਪਹਿਲਾਂ ਖੋਜੀ ਕੁੱਤਾ ਬੱਸ ਵਿੱਚੋਂ ਲੰਘਿਆ ਅਤੇ ਫਿਰ ਤਫ਼ਤੀਸ਼ ਕਰਨ ਵਾਲਿਆਂ ਨੇ ਬੱਸ ਨੂੰ ਐਕਸ-ਰੇ ਸਿਸਟਮ ਰਾਹੀਂ ਚਲਾਇਆ। ਬੱਸ ਵਿਚਲੀ ਨਕਦੀ ਦਾ ਪਤਾ ਲੱਗਣ ਤੋਂ ਬਾਅਦ, ਹੋਮਲੈਂਡ ਸਿਕਿਓਰਟੀ ਇਨਵੈਸਟੀਗੇਸ਼ਨ ਏਜੰਟਾਂ ਨੇ ਦੋ ਡਰਾਈਵਰਾਂ, ਜਿਨ੍ਹਾਂ ਦੀ ਉਮਰ 47 ਅਤੇ 68 ਸਾਲ ਹੈ ਅਤੇ ਮੈਕਸੀਕਨ ਨਾਗਰਿਕ ਸਨ , ਨੂੰ ਹਿਰਾਸਤ ਵਿੱਚ ਲੈ ਲਿਆ ਸੀ।
ਇਸਦੇ ਇਲਾਵਾ ਛੇ ਯਾਤਰੀਆਂ ਨੂੰ ਪੁੱਛਗਿੱਛ ਤੋਂ ਬਾਅਦ ਛੱਡ ਦਿੱਤਾ ਗਿਆ ਸੀ। ਅਮਰੀਕਾ ਦੇ ਕਾਨੂੰਨ ਅਨੁਸਾਰ, ਕਿਸੇ ਵੀ ਤਰੀਕੇ ਭਾਵ ਜ਼ਮੀਨ, ਹਵਾ ਜਾਂ ਪਾਣੀ ਦੁਆਰਾ ਦੇਸ਼ ਦੀ ਸਰਹੱਦ ਪਾਰ ਕਰਦੇ ਸਮੇਂ ਯਾਤਰੀਆਂ ਨੂੰ 10,000 ਡਾਲਰ ਤੋਂ ਵੱਧ ਦੀ ਨਕਦੀ ਦੀ ਸੂਰਤ ਵਿੱਚ ਪੈਸਿਆਂ ਬਾਰੇ ਦੱਸਣਾ ਜਰੂਰੀ ਹੈ। ਜੇ ਨਕਦੀ ਲਈ ਕਿਸੇ ਜਾਇਜ਼ ਉਦੇਸ਼ ਦੀ ਪੁਸ਼ਟੀ ਨਹੀਂ ਕੀਤੀ ਜਾ ਸਕਦੀ ਤਾਂ ਜ਼ੁਰਮਾਨੇ ਵਿੱਚ ਨਕਦੀ ਨੂੰ ਜ਼ਬਤ ਕਰਨ ਦੇ ਨਾਲ-ਨਾਲ ਅਪਰਾਧਿਕ ਦੋਸ਼ ਵੀ ਸ਼ਾਮਲ ਹਨ।