ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਜ਼ਿਲ੍ਹਾ ਬਠਿੰਡਾ ਦੀ ਚੋਣ ਸਰਬਸੰਮਤੀ ਨਾਲ ਸੰਪੰਨ
ਅਸ਼ੋਕ ਵਰਮਾ
ਬਠਿੰਡਾ, 17 ਨਵੰਬਰ 2026 : ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਵਿੱਢੀ ਗਈ ਸੂਬਾ ਇਜਲਾਸ ਦੀ ਚੋਣ ਮੁਹਿੰਮ ਤਹਿਤ ਅੱਜ ਜ਼ਿਲ੍ਹਾ ਬਠਿੰਡਾ ਦੀ ਚੋਣ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਤੇ ਸੂਬਾ ਮੀਤ ਪ੍ਰਧਾਨ ਰੂਪ ਸਿੰਘ ਛੰਨਾ ਦੀ ਨਿਗਰਾਨੀ ਹੇਠ ਕੀਤੀ ਗਈ। ਅੱਜ ਜ਼ਿਲ੍ਹਾ ਪੱਧਰੇ ਇਜਲਾਸ ਦੌਰਾਨ ਸਾਬਕਾ ਜ਼ਿਲ੍ਹਾ ਪ੍ਰਧਾਨ ਸ਼ਿੰਗਾਰਾ ਸਿੰਘ ਮਾਨ ਵੱਲੋਂ ਜ਼ਿਲ੍ਹਾ ਪੱਧਰੇ ਲੜੇ ਘੋਲਾਂ ਦੀ ਕਾਰਜਕਾਰੀ ਰਿਪੋਰਟ ਪੇਸ਼ ਕੀਤੀ ਗਈ , ਤਾਂ ਜ਼ੋ ਪਿਛਲੇ ਲੜੇ ਘੋਲਾਂ ਦਾ ਲੇਖਾ ਜੋਖਾ ਕੀਤਾ ਜਾਵੇ ਤੇ ਉਹਨਾਂ ਦੇ ਚੰਗੇ ਸਬਕਾਂ ਨੂੰ ਪੱਲੇ ਬੰਨ ਕੇ ਅੱਗੇ ਵਧਿਆ ਜਾ ਸਕੇ ਤੇ ਘਾਟਾ ਕਮਜ਼ੋਰੀਆਂ ਨੂੰ ਟਿਕ ਕੇ ਉਹਨਾਂ ਨੂੰ ਦੂਰ ਕਰਨ ਦੇ ਯਤਨ ਕੀਤੇ ਜਾਣ। ਸੂਬਾ ਸੀਨੀਅਰ ਮੀਤ ਪ੍ਰਧਾਨ ਝੰਡਾ ਸਿੰਘ ਜੇਠੂਕੇ ਨੇ ਆਪਾ ਪੜਚੋਲ ਤੇ ਸਵੈ ਪੜਚੋਲ ਸਬੰਧੀ ਆਗੂਆਂ ਦੀ ਕਾਰ ਵਿਹਾਰ ਦੀ ਰਿਪੋਰਟ ਪੇਸ਼ ਕੀਤੀ।
ਪ੍ਰੈਸ ਨੂੰ ਜਾਣਕਾਰੀ ਸਾਂਝੀ ਕਰਦਿਆਂ ਉਹਨਾਂ ਦੱਸਿਆ ਕਿ ਬਠਿੰਡਾ ਜ਼ਿਲ੍ਹੇ ਦੇ 105ਪਿੰਡਾਂ ਵਿੱਚੋਂ ਮੈਂਬਰਸ਼ਿਪ ਕੱਟ ਕੇ ਚੁਣ ਕੇ ਆਏ 92 ਡੈਲੀਗੇਟਾਂ ਨੇ ਅੱਜ ਭਾਗ ਲੈ ਕੇ ਸਰਬ ਸੰਮਤੀ ਨਾਲ ਜ਼ਿਲ੍ਹਾ ਬਠਿੰਡਾ ਦੀ ਕਮੇਟੀ ਦੀ ਚੋਣ ਕੀਤੀ ਗਈ। ਅੱਜ ਦੀ ਚੋਣ ਦੌਰਾਨ ਜ਼ਿਲ੍ਹਾ ਪ੍ਰਧਾਨ ਗੁਲਾਬ ਸਿੰਘ ਜਿਉਂਦ,ਜਰਨਲ ਸਕੱਤਰ ਜਗਦੇਵ ਸਿੰਘ ਜੋਗੇਵਾਲਾ, ਸੀਨੀਅਰ ਮੀਤ ਪ੍ਰਧਾਨ ਜਗਸੀਰ ਸਿੰਘ ਝੁੰਬਾ ਅਤੇ ਕਰਮਜੀਤ ਕੌਰ ਲਹਿਰਾ ਖਾਨਾ ਮੀਤ ਪ੍ਰਧਾਨ ਮਾਲਣ ਕੌਰ ਕੋਠਾ ਗੁਰੂ ਅਤੇ ਹਰਪ੍ਰੀਤ ਕੌਰ ਜੇਠੂਕੇ, ਖਜਾਨਚੀ ਦਰਸ਼ਨ ਸਿੰਘ ਜੰਡਾਵਾਲਾ ,ਸੰਗਠਨ ਸਕੱਤਰ ਹਰਿੰਦਰ ਬਿੰਦੂ, ਪ੍ਰਚਾਰ ਸਕੱਤਰ ਜਸਵੀਰ ਸਿੰਘ ਬੁਰਜਸੇਮਾ ਅਤੇ ਪ੍ਰਚਾਰ ਸਕੱਤਰ ਸੁਖਜੀਤ ਕੌਰ ਚੱਕ ਫਤਿਹ ਸਿੰਘ ਵਾਲਾ ਨੂੰ ਚੁਣਿਆ ਗਿਆ।
ਇਸ ਮੌਕੇ ਚੁਣੇ ਹੋਏ ਜ਼ਿਲ੍ਹਾ ਬਠਿੰਡਾ ਦੀ ਕਮੇਟੀ ਦੇ ਆਹੁਦੇਦਾਰਾਂ ਵੱਲੋਂ ਯਕੀਨ ਦਿਵਾਇਆ ਗਿਆ ਕਿ ਜਥੇਬੰਦੀ ਵੱਲੋਂ ਜੋ ਵੀ ਜ਼ਿੰਮੇਵਾਰੀ ਦਿੱਤੀ ਜਾਵੇਗੀ ਉਹ ਤਨਦੇਹੀ ਨਾਲ ਨਿਭਾਈ ਜਾਵੇਗੀ, ਕਿਸਾਨ ਮਜ਼ਦੂਰਾਂ ਦੇ ਹੱਕਾਂ ਲਈ ਸਦਾ ਵੱਧ ਚੜਕੇ ਹਿੱਸਾ ਪਾਇਆ ਜਾਵੇਗਾ ਤੇ ਕਿਸਾਨ ਮਜ਼ਦੂਰਾਂ ਨੂੰ ਸੰਘਰਸ਼ ਲਈ ਲਾਮਬੰਦ ਕਰਾਂਗੇ। ਅਗਲੇ ਐਕਸ਼ਨ 22 ਨਵੰਬਰ ਨੂੰ ਨਕੋਦਰ ਵਿਖੇ ਡੀਐਸਪੀ ਦਫਤਰ ਅੱਗੇ ਐਕਸ਼ਨ ਵਿੱਚ ਜੋਰ ਨਾਲ ਸ਼ਾਮਿਲ ਹੋ ਕੇ ਮੰਨੀਆਂ ਮੰਗਾਂ ਜਿਨ੍ਹਾਂ ਵਿੱਚ ਅਵਤਾਰ ਪਾਸ ਹੰਸ ਰਾਜ ਯਾਦਗਾਰ ਦੀ ਸਾਂਭ ਸੰਭਾਲ ਕਮੇਟੀ ਹਵਾਲੇ ਕਰਨਾ ਅਤੇ ਆਗੂਆਂ ਤੇ ਹਮਲਾ ਕਰਨ ਅਤੇ ਜਾਤੀ ਸੂਚਕ ਸ਼ਬਦ ਬੋਲਣ ਵਜੋਂ ਮੁਕੱਦਮਾ ਦਰਜ ਹੋਣ ਦੇ ਬਾਵਜੂਦ ਦੋਸ਼ੀਆਂ ਨੂੰ ਤੁਰੰਤ ਗ੍ਰਿਫ਼ਤਾਰ ਕਰਨ ਦੀ ਮੰਗ ਕੀਤੀ ਜਾਵੇਗੀ ।
ਇਸ ਤੋਂ ਇਲਾਵਾ ਸੰਯੁਕਤ ਕਿਸਾਨ ਮੋਰਚੇ ਵੱਲੋਂ ਦਿੱਤੇ ਭਾਰਤ ਪੱਧਰੀ ਸੱਦੇ ਤਹਿਤ ਜਥੇਬੰਦੀ ਵੱਲੋਂ 26 ਨਵੰਬਰ ਨੂੰ ਬਰਨਾਲਾ ਵਿਖੇ ਕੀਤੇ ਜਾ ਰਹੇ ਇਕੱਠ ਵਿੱਚ ਵੱਡੀ ਗਿਣਤੀ ਵਿਚ ਹਿੱਸਾ ਲਿਆ ਜਾਵੇਗਾ। ਚੋਣ ਕਰਨ ਤੋਂ ਪਹਿਲਾਂ ਚੋਣ ਨਿਗਰਾਨ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਨੇ ਕਿਹਾ ਕਿ ਸਰਕਾਰਾਂ ਵੱਲੋਂ ਸਾਮਰਾਜੀ ਨੀਤੀਆਂ ਤੇ ਚਲਦਿਆਂ ਜਮੀਨਾਂ, ਰੁਜ਼ਗਾਰ ਅਤੇ ਜਨਤਕ ਅਦਾਰੇ ਖੋਹਣ ਲਈ ਤਿੱਖੇ ਹਮਲੇ ਲਿਆਂਦੇ ਜਾ ਰਹੇ ਹਨ ਜਿਨਾਂ ਨੂੰ ਠੱਲਣ ਲਈ ਮਜਬੂਤ ਕਿਸਾਨ ਲਹਿਰ ਦੀ ਲੋੜ ਹੈ ਜਿਸ ਦੀ ਅਗਵਾਈ ਲਈ ਦ੍ਰਿੜ ਅਤੇ ਪ੍ਰਪੱਕ ਇਰਾਦਿਆਂ ਵਾਲੇ ਆਗੂ ਕਰ ਸਕਦੇ ਹਨ। ਉਹਨਾਂ ਸਾਰੇ ਜ਼ਿਲਾ ਬਲਾਕ ਅਤੇ ਪਿੰਡ ਆਗੂਆਂ ਨੂੰ ਇਸ ਕੰਮ ਲਈ ਲੱਕ ਬੰਨ੍ਹਕੇ ਜੁੱਟਣ ਦੀ ਅਪੀਲ ਕੀਤੀ।