ਵਿੱਦਿਅਕ ਮੁਕਾਬਲਿਆਂ ਦੌਰਾਨ ਕੋਠੇ ਇੰਦਰ ਸਿੰਘ ਪ੍ਰਾਈਮਰੀ ਸਕੂਲ ਨੇ ਹਾਸਿਲ ਕੀਤੀਆਂ 16 ਪੁਜੀਸ਼ਨਾਂ
ਅਸ਼ੋਕ ਵਰਮਾ
ਗੋਨਿਆਣਾ 15 ਨਵੰਬਰ 2026: ਸਿੱਖਿਆ ਵਿਭਾਗ ਪੰਜਾਬ ਵੱਲੋਂ ਕਰਵਾਏ ਗਏ ਪ੍ਰਾਈਮਰੀ ਪੱਧਰ ਦੇ ਵਿਦਿਅਕ ਮੁਕਾਬਲਿਆਂ ਵਿੱਚ ਸਮਾਰਟ ਸਰਕਾਰੀ ਪ੍ਰਾਇਮਰੀ ਸਕੂਲ ਕੋਠੇ ਇੰਦਰ ਸਿੰਘ ਦੇ ਵਿਦਿਆਰਥੀਆਂ ਨੇ ਪੁਜੀਸ਼ਨਾਂ ਦੇ ਢੇਰ ਲਾ ਦਿੱਤੇ ਹਨ। ਸੈਂਟਰ ਬਲਾਹੜ ਮਹਿਮਾ ਵਿਖੇ ਕਰਵਾਏ ਗਏ 9 ਵੱਖ ਵੱਖ ਸਕੂਲਾਂ ਦੇ ਇਹਨਾਂ ਵਿੱਦਿਅਕ ਮੁਕਾਬਲਿਆਂ ਵਿੱਚ ਇਕੱਲੇ ਕੋਠੇ ਇੰਦਰ ਸਿੰਘ ਸਕੂਲ ਦੇ ਵਿਦਿਆਰਥੀਆਂ ਨੇ 16 ਪੁਜੀਸ਼ਨਾਂ ਹਾਸਿਲ ਕਰਕੇ ਸੈਂਟਰ ਬਲਾਹੜ ਮਹਿਮਾ ਦੇ ਵਿੱਦਿਅਕ ਮੁਕਾਬਲੇ ਦਾ ਓਵਰਆਲ ਟਰਾਫੀ ਜਿੱਤ ਲਈ ਹੈ। ਸੀਐਚਟੀ ਵੀਰਪਾਲ ਕੌਰ ਦੀ ਅਗਵਾਈ ਵਿੱਚ ਨਰਸਰੀ ਤੋਂ ਪੰਜਵੀਂ ਤੱਕ ਦੇ ਵਿਦਿਆਰਥੀਆਂ ਦੇ ਬੋਲ ਲਿਖਤ, ਪੜ੍ਨ ਮੁਕਾਬਲਾ, ਪਹਾੜੇ, ਵੇਸਟ ਮੇਕਿੰਗ, ਚਿੱਤਰਕਲਾ, ਕਹਾਣੀ ਸੁਣਾਉਣ, ਆਮ ਗਿਆਨ ਅਤੇ ਲੋਕ ਗੀਤ ਵਰਗੇ ਮੁਕਾਬਲੇ ਸੈਂਟਰ ਬਲਾਹੜ ਮਹਿਮਾ ਵਿਖੇ ਕਰਵਾਏ ਗਏ।
ਸਰਕਾਰੀ ਪ੍ਰਾਇਮਰੀ ਸਕੂਲ ਕੋਠੇ ਇੰਦਰ ਸਿੰਘ ਵਾਲਾ ਦੇ ਨੈਸ਼ਨਲ ਅਵਾਰਡੀ ਅਧਿਆਪਕ ਰਾਜਿੰਦਰ ਸਿੰਘ ਅਤੇ ਸ਼੍ਰੀਮਤੀ ਸੁਮਨ ਲਤਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਬੋਲ ਲਿਖਤ ਦੇ ਪੰਜਾਬੀ ਅਤੇ ਅੰਗਰੇਜ਼ੀ ਮੁਕਾਬਲੇ ਵਿੱਚ ਤਨਵੀਰ ਕੌਰ ਦੂਸਰੀ ਨੇ ਦੋਹਾਂ ਮੁਕਾਬਲਿਆਂ ਵਿੱਚ ਪਹਿਲਾ ਸਥਾਨ ਹਾਸਿਲ ਕੀਤਾ। ਅੰਗਰੇਜ਼ੀ ਅਤੇ ਪੰਜਾਬੀ ਪੜ੍ਹਨ ਮੁਕਾਬਲੇ ਵਿੱਚ ਸਹਿਜਪ੍ਰੀਤ ਕੌਰ ਨੇ ਕਰਮਵਾਰ ਪਹਿਲਾ ਤੇ ਦੂਸਰਾ ਸਥਾਨ ਹਾਸਿਲ ਕੀਤਾ। ਪਹਾੜੇ ਸੁਣਾਉਣ ਵਿੱਚ ਗਰੁੱਪ 1 ਦੀ ਤਨਵੀਰ ਕੌਰ ਨੇ ਪਹਿਲਾ ਸਥਾਨ ਹਾਸਿਲ ਕੀਤਾ ਜਦੋਂ ਕਿ ਗਰੁੱਪ 2 ਦੀ ਅਰਸ਼ਪ੍ਰੀਤ ਕੌਰ ਨੇ 32 ਤੱਕ ਪਹਾੜੇ ਸੁਣਾ ਕੇ ਪਹਿਲਾ ਸਥਾਨ ਹਾਸਿਲ ਕੀਤਾ। ਫਾਲਤੂ ਦੇ ਵੇਸਟ ਤੋਂ ਆਕਰਸ਼ਿਤ ਸਮਾਨ ਤਿਆਰ ਕਰਨ ਦੇ ਮੁਕਾਬਲੇ ਵਿੱਚ ਗਰੁੱਪ 1 ਦੇ ਗੁਰਫਤਿਹ ਸਿੰਘ ਨੇ ਪਹਿਲਾ ਸਥਾਨ ਅਤੇ ਗਰੁੱਪ 2 ਦੀ ਖੁਸ਼ਵੀਰ ਕੌਰ ਨੇ ਦੂਸਰਾ ਸਥਾਨ ਹਾਸਿਲ ਕੀਤਾ। ਚਿੱਤਰਕਲਾ ਮੁਕਾਬਲੇ ਵਿੱਚ ਗਰੁੱਪ 1 ਦਾ ਨਵਦੀਪ ਸਿੰਘ ਦੂਸਰੇ ਅਤੇ ਗਰੁੱਪ 2 ਦੀ ਮਾਨਵੀਰ ਕੌਰ ਪਹਿਲੇ ਸਥਾਨ ਤੇ ਰਹੀ।
ਕਹਾਣੀ ਸੁਨਾਉਣ ਮੁਕਾਬਲੇ ਵਿੱਚ ਸਹਿਜਲਪ੍ਰੀਤ ਕੌਰ ਨੇ ਪਹਿਲਾ ਸਥਾਨ ਹਾਸਿਲ ਕੀਤਾ ਜਦੋਂ ਕਿ ਲੋਕ ਗੀਤ ਮੁਕਾਬਲੇ ਵਿੱਚ ਸ਼ਮਨਪ੍ਰੀਤ ਕੌਰ ਨੇ ਪਹਿਲਾ ਸਥਾਨ ਹਾਸਿਲ ਕੀਤਾ। ਭਾਸ਼ਣ ਮੁਕਾਬਲੇ ਵਿੱਚ ਬਿਕਰਮਜੀਤ ਸਿੰਘ, ਸੁੰਦਰ ਲਿਖਾਈ ਵਿੱਚ ਹਰਲੀਨ ਕੌਰ ਅਤੇ ਪਿਕਚਰ ਕੰਪਰੀਹੈਨਸ਼ਨ ਵਿੱਚ ਯੁਵਰਾਜ ਸਿੰਘ ਨੇ ਕ੍ਰਮਵਾਰ ਦੂਸਰੇ ਸਥਾਨ ਹਾਸਿਲ ਕੀਤੇ ਜਦੋਂ ਕਿ ਆਮ ਗਿਆਨ ਮੁਕਾਬਲੇ ਵਿੱਚ ਸਕੂਲ ਦੀ ਟੀਮ ਨੇ ਤੀਸਰਾ ਸਥਾਨ ਹਾਸਿਲ ਕਰਕੇ ਕੁੱਲ 16 ਪੁਜੀਸ਼ਨਾਂ ਆਪਣੇ ਸਕੂਲ ਦੇ ਨਾਮ ਕਰ ਲਈਆਂ। ਵਿਦਿਅਕ ਮੁਕਾਬਲਿਆਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਲਈ ਸੀਐਚਟੀ ਵੀਰਪਾਲ ਕੌਰ ਨੇ ਕੋਠੇ ਇੰਦਰ ਸਿੰਘ ਦੇ ਸਮੂਹ ਸਟਾਫ ਅਤੇ ਜੇਤੂ ਵਿਦਿਆਰਥੀਆਂ ਨੂੰ ਵਧਾਈ ਦਿੱਤੀ। ਸਕੂਲ ਮੁਖੀ ਸ਼੍ਰੀਮਤੀ ਅਨੁਪਮ ਨੇ ਵੀ ਵਿਦਿਆਰਥੀਆਂ ਦੇ ਸ਼ਲਾਘਾਯੋਗ ਪ੍ਰਦਰਸ਼ਨ ਲਈ ਉਹਨਾਂ ਦੀ ਭਰਪੂਰ ਹਾਂ ਹੌਸਲਾ ਅਫ਼ਜਾਈ ਕੀਤੀ ਗਈ ਇਸ ਮੌਕੇ ਅਰਵਿੰਦ ਕੁਮਾਰ ਅਤੇ ਮੈਡਮ ਹਰਦੀਪ ਕੌਰ ਵੀ ਹਾਜ਼ਰ ਸਨ।