ਜਗਰਾਉਂ 'ਚ 7 ਅਕਤੂਬਰ ਨੂੰ ਲੱਗੇਗਾ ਲਰਨਿੰਗ ਲਾਇਸੰਸ ਬਣਾਉਣ ਦਾ ਕੈਂਪ
LION ਭਵਨ ਕੱਚਾ ਕਿਲਾ ਵਿਖੇ ਲੱਗਣ ਵਾਲੇ ਕੈਂਪ ਦੀਆਂ ਤਿਆਰੀਆਂ ਨੂੰ ਅੰਤਿਮ ਛੋਹਾਂ
ਦੀਪਕ ਜੈਨ
ਜਗਰਾਉਂ, 4 ਅਕਤੂਬਰ 2026- ਪ੍ਰੈੱਸ ਕਲੱਬ (ਰਜਿ.) ਜਗਰਾਉਂ ਵੱਲੋਂ 7 ਅਕਤੂਬਰ, ਦਿਨ ਬੁੱਧਵਾਰ ਨੂੰ ਲਾਇਨ ਭਵਨ, ਕੱਚਾ ਕਿਲਾ ਜਗਰਾਉਂ ਵਿਖੇ ਲਰਨਿੰਗ ਡਰਾਈਵਿੰਗ ਲਾਇਸੰਸ ਕੈਂਪ ਲਗਾਇਆ ਜਾ ਰਿਹਾ ਹੈ। ਕੈਂਪ ਦੀਆਂ ਤਿਆਰੀਆਂ ਨੂੰ ਅੰਤਿਮ ਰੂਪ ਦੇਣ ਸਬੰਧੀ ਕਲੱਬ ਮੈਂਬਰਾਂ ਦੀ ਵਿਸ਼ੇਸ਼ ਬੈਠਕ ਪ੍ਰਧਾਨ ਹਰਿੰਦਰ ਸਿੰਘ ਚਾਹਲ ਦੀ ਅਗਵਾਈ ਹੇਠ ਖੰਨਾ ਸਟੂਡੀਓ ਵਿਖੇ ਹੋਈ, ਜਿਸ ਦੌਰਾਨ ਕੈਂਪ ਦੇ ਪ੍ਰਬੰਧਾਂ ਬਾਰੇ ਵਿਸਥਾਰ ਨਾਲ ਵਿਚਾਰ-ਵਟਾਂਦਰਾ ਕੀਤਾ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਕਲੱਬ ਪ੍ਰਧਾਨ ਹਰਿੰਦਰ ਸਿੰਘ ਚਾਹਲ ਨੇ ਦੱਸਿਆ ਕਿ ਇਹ ਕੈਂਪ ਸਵੇਰੇ 10:00 ਵਜੇ ਤੋਂ ਸ਼ਾਮ 3:00 ਵਜੇ ਤੱਕ ਲਾਇਨ ਭਵਨ, ਕੱਚਾ ਕਿਲਾ ਜਗਰਾਉਂ ਵਿਖੇ ਲਗਾਇਆ ਜਾਵੇਗਾ।
ਉਹਨਾਂ ਦੱਸਿਆ ਕਿ ਕੈਂਪ ਦਾ ਉਦਘਾਟਨ ਐਸ.ਡੀ.ਐਮ ਜਗਰਾਉਂ ਸ੍ਰੀ ਬਾਦਲ ਦੀਨ (PCS) ਵੱਲੋਂ ਕੀਤਾ ਜਾਵੇਗਾ, ਜਦਕਿ ਮੁੱਖ ਮਹਿਮਾਨ ਵਜੋਂ ਐਸ.ਐਸ.ਪੀ ਜਗਰਾਉਂ ਡਾ. ਅੰਕੁਰ ਗੁਪਤਾ (IPS) ਸ਼ਿਰਕਤ ਕਰਨਗੇ। ਲਰਨਿੰਗ ਲਾਇਸੰਸ ਬਣਵਾਉਣ ਦੇ ਚਾਹਵਾਨ 16 ਤੋਂ 18 ਸਾਲ ਦੇ ਬੱਚਿਆਂ ਨੂੰ ਆਪਣਾ ਆਧਾਰ ਕਾਰਡ, ਦੋ ਪਾਸਪੋਰਟ ਸਾਈਜ਼ ਫੋਟੋਆਂ, ਬਲੱਡ ਗਰੁੱਪ ਦੀ ਰਿਪੋਰਟ ਅਤੇ ਸਮਾਰਟ ਫੋਨ ਨਾਲ ਲਿਆਉਣਾ ਹੋਵੇਗਾ। ਇਸ ਤੋਂ ਇਲਾਵਾ ਉਨ੍ਹਾਂ ਨੂੰ ਆਪਣੇ ਮਾਤਾ-ਪਿਤਾ ਵਿੱਚੋਂ ਕਿਸੇ ਇੱਕ ਨੂੰ ਨਾਲ ਲਿਆਉਣਾ ਜ਼ਰੂਰੀ ਹੋਵੇਗਾ।
18 ਸਾਲ ਤੋਂ ਵੱਧ ਉਮਰ ਵਾਲੇ ਵਿਅਕਤੀਆਂ ਲਈ ਆਧਾਰ ਕਾਰਡ, ਦੋ ਪਾਸਪੋਰਟ ਸਾਈਜ਼ ਫੋਟੋਆਂ, ਬਲੱਡ ਗਰੁੱਪ ਦੀ ਰਿਪੋਰਟ ਅਤੇ ਸਮਾਰਟ ਫੋਨ ਨਾਲ ਲਿਆਉਣਾ ਜ਼ਰੂਰੀ ਹੈ। ਲਾਇਸੰਸ ਦੀ ਸਰਕਾਰੀ ਫੀਸ 16 ਤੋਂ 18 ਸਾਲ ਦੇ ਬੱਚਿਆਂ ਲਈ 370 ਰੁਪਏ ਅਤੇ 18 ਸਾਲ ਤੋਂ ਵੱਧ ਉਮਰ ਦੇ ਵਿਅਕਤੀਆਂ ਲਈ 520 ਰੁਪਏ ਹੋਵੇਗੀ, ਜਿਸ ਦਾ ਭੁਗਤਾਨ ਆਨਲਾਈਨ ਕੀਤਾ ਜਾਵੇਗਾ। ਕਲੱਬ ਅਹੁਦੇਦਾਰਾਂ ਅਤੇ ਮੈਂਬਰਾਂ ਨੇ ਲੋਕਾਂ ਨੂੰ ਇਸ ਕੈਂਪ ਵਿੱਚ ਵੱਧ ਤੋਂ ਵੱਧ ਪਹੁੰਚ ਕੇ ਇਸ ਸਹੂਲਤ ਦਾ ਲਾਭ ਲੈਣ ਦੀ ਅਪੀਲ ਕੀਤੀ ਹੈ।