ਮੁੱਖ ਮੰਤਰੀ ਤੀਰਥ ਯਾਤਰਾ ਯੋਜ਼ਨਾ ਤਹਿਤ ਧਾਰਮਿਕ ਸਥਾਨਾਂ ਦੀ ਗਿਣਤੀ ਵਿੱਚ ਵਾਧਾ
ਅਸ਼ੋਕ ਵਰਮਾ
ਬਠਿੰਡਾ, 14 ਅਗਸਤ 2026 : ਪੰਜਾਬ ਸਰਕਾਰ ਵੱਲੋਂ ਪਿਛਲੇ ਸਮੇਂ ਦੌਰਾਨ ਸ਼ੁਰੂ ਕੀਤੀ ਗਈ ਮੁੱਖ ਮੰਤਰੀ ਤੀਰਥ ਯਾਤਰਾ ਯੋਜ਼ਨਾ ਦੌਰਾਨ ਆਮ ਲੋਕਾਂ ਨੂੰ ਧਾਰਮਿਕ ਸਥਾਨਾਂ ਦੇ ਦਰਸ਼ਨ ਕਰਵਾਉਣ ਲਈ ਪਹਿਲਾਂ ਕਰਵਾਏ ਜਾ ਰਹੇ ਧਾਰਮਿਕ ਅਸਥਾਨਾਂ ਦੇ ਨਾਲ-ਨਾਲ 3 ਹੋਰ ਤੀਰਥ ਸਥਾਨਾਂ ਦਾ ਵਿਸਥਾਰ ਕੀਤਾ ਗਿਆ ਹੈ। ਇਹ ਜਾਣਕਾਰੀ ਨਗਰ ਨਿਗਮ ਦੇ ਮੇਅਰ ਸ੍ਰੀ ਪਦਮਜੀਤ ਸਿੰਘ ਮਹਿਤਾ ਨੇ ਸਾਂਝੀ ਕੀਤੀ।ਮੇਅਰ ਨਗਰ ਨਿਗਮ ਸ੍ਰੀ ਪਦਮਜੀਤ ਸਿੰਘ ਮਹਿਤ ਨੇ ਦੱਸਿਆ ਕਿ ਜਿਹੜੇ 3 ਤੀਰਥ ਸਥਾਨਾਂ ਦਾ ਵਿਸਥਾਰ ਕੀਤਾ ਗਿਆ ਹੈ, ਉਨ੍ਹਾਂ ਵਿੱਚ ਸ੍ਰੀ ਸਾਲਾਸਰ ਬਾਲਾਜੀ ਧਾਮ ਤੇ ਖਾਟੂ ਸ਼ਾਮ ਜੀ, ਦੂਜਾ ਹਰਿਦੁਆਰ ਤੇ ਰਿਸ਼ੀਕੇਸ ਜੀ ਅਤੇ ਵਰਿੰਦਾਵਨ ਤੇ ਮਥੁਰਾ ਜੀ ਨੂੰ ਸ਼ਾਮਲ ਕੀਤਾ ਗਿਆ ਹੈ।
ਸ੍ਰੀ ਮਹਿਤਾ ਨੇ ਦੱਸਿਆ ਕਿ ਬਠਿੰਡਾ ਵਾਸੀਆਂ ਨੂੰ ਇਨ੍ਹਾਂ ਤੀਰਥ ਸਥਾਨਾਂ ਦੇ ਦਰਸ਼ਨ ਕਰਵਾਉਣ ਲਈ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਦੇ ਜ਼ੋਨ ਇੰਚਾਰਜ ਸ੍ਰੀ ਰਾਕੇਸ਼ ਪੁਰੀ ਤੇ ਜ਼ਿਲ੍ਹਾ ਇੰਚਾਰਜ ਸ੍ਰੀ ਅਮਰਦੀਪ ਸਿੰਘ ਰਾਜਨ ਦੀ ਦੇਖਰੇਖ ਹੇਠ 17 ਅਗਸਤ ਸ਼ਾਮ 6 ਵਜੇ ਫਾਇਰ ਬਿਗ੍ਰੇਡ ਚੌਂਕ ਤੋਂ 2-2 ਬੱਸਾਂ ਰਵਾਨਾ ਕੀਤੀਆਂ ਜਾਣਗੀਆਂ। ਉਸ ਤੋਂ ਬਾਅਦ 23 ਅਗਸਤ ਤੇ 29 ਅਗਸਤ ਨੂੰ ਹੋਰ ਬੱਸਾਂ ਵੀ ਇਨ੍ਹਾਂ ਤਿੰਨਾਂ ਧਾਰਮਿਕ ਸਥਾਨਾਂ ਲਈ ਰਵਾਨਾ ਕੀਤੀਆਂ ਜਾਣਗੀਆਂ।ਮੇਅਰ ਸ੍ਰੀ ਮਹਿਤਾ ਨੇ 9 ਅਗਸਤ ਨੂੰ ਬਠਿੰਡਾ ਵਿਖੇ ਕਰਵਾਏ ਗਏ ਪ੍ਰੋਗਰਾਮ “ਹਮਾਰੇ ਰਾਮ” ਪਲੇਅ ਬਾਰੇ ਕਿਹਾ ਕਿ ਬਠਿੰਡਾ ਵਾਸੀਆਂ ਨੇ ਇਸ ਪ੍ਰੋਗਰਾਮ ਨੂੰ ਬਹੁਤ ਹੀ ਭਰਵਾਂ ਹੁੰਗਾਰਾ ਦਿੱਤਾ ਹੈ ਅਤੇ ਇਸ ਪ੍ਰੋਗਰਾਮ ਨੂੰ ਬਹੁਤ ਹੀ ਸਲਾਹਿਆ ਗਿਆ ਹੈ। ਬਠਿੰਡਾ ਵਾਸੀਆਂ ਦੇ ਇਸ ਪ੍ਰੋਗਰਾਮ ਨੂੰ ਦਿੱਤੇ ਗਏ ਇੰਨੇ ਭਰਵੇਂ ਹੁੰਗਾਰੇ ਨੂੰ ਦੇਖਦਿਆਂ 24 ਅਗਸਤ ਨੂੰ ਬਲਵੰਤ ਗਾਰਗੀ ਆਡੋਟੋਰੀਅਮ ਬਠਿੰਡਾ ਵਿਖੇ “ਹਮਾਰੇ ਰਾਮ” ਪ੍ਰੋਗਰਾਮ ਦੇ 2 ਸ਼ੋਅ ਦਿਖਾਏ ਜਾਣਗੇ।ਇਸ ਮੌਕੇ ਚੇਅਰਮੈਨ ਜੰਗਲਾਤ ਵਿਭਾਗ ਸ੍ਰੀ ਰਾਕੇਸ਼ ਪੁਰੀ ਅਤੇ ਕੋਆਪਰੇਟਿਵ ਬੈਂਕ ਦੇ ਚੇਅਰਮੈਨ ਸ੍ਰੀ ਅਮਰਜੀਤ ਸਿੰਘ ਰਾਜਨ ਵੀ ਹਾਜ਼ਰ ਸਨ।