ਚੈਕਿੰਗ ਕੀਤੇ ਜਾਣ ਦਾ ਦ੍ਰਿਸ਼
ਖਮਾਣੋਂ/ਫਤਹਿਗੜ ਸਾਹਿਬ 14 ਅਗਸਤ 2026 : ਕਿਸਾਨਾਂ ਨੂੰ ਖਾਦਾਂ ਦੀ ਨਿਰਵਿਘਨ ਸਪਲਾਈ ਯਕੀਨੀ ਬਨਾਉਣ ਦੇ ਮੰਤਵ ਨਾਲ ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਵੱਲੋਂ ਬਲਾਕ ਖਮਾਣੋ ਦੇ ਖਾਦ ਵਿਕਰੇਤਾਵਾਂ ਦੀਆਂ ਦੁਕਾਨਾਂ ਦੀ ਚੈਕਿੰਗ ਕੀਤੀ ਗਈ ਅਤੇ 4 -5 ਸੈਂਪਲ ਭਰੇ ਗਏ , ਇਹ ਜਾਣਕਾਰੀ ਦਿੰਦਿਆ ਮੁੱਖ ਖੇਤੀਬਾੜੀ ਅਫਸਰ ਡਾਕਟਰ ਜਗਦੇਵ ਸਿੰਘ ਨੇ ਦੱਸਿਆ ਕਿ ਸਮੂਹ ਖਾਦ ਵਿਕਰੇਤਾਵਾਂ ਨੂੰ ਖਾਦ (ਕੰਟਰੋਲ) ਆਰਡਰ 1985 ਦੀਆਂ ਸਾਰੀਆਂ ਸ਼ਰਤਾਂ ਦੀ ਪਾਲਣਾ ਕਰਨ ਅਤੇ ਕਿਸਾਨਾਂ ਨੂੰ ਬਿਨਾਂ ਕਿਸੇ ਸ਼ਰਤ ਦੇ ਖਾਦਾਂ ਦੀ ਸਪਲਾਈ ਯਕੀਨੀ ਬਣਾਉਣ ਲਈ ਹਦਾਇਤ ਕੀਤੀ ਗਈ
ਮੁੱਖ ਖੇਤੀਬਾੜੀ ਅਫਸਰ ਨੇ ਕਿਹਾ ਕਿ ਕਿਸਾਨ ਨੂੰ ਆਪਣੀ ਲੋੜ ਅਨੁਸਾਰ ਸਿਰਫ ਖਾਦ ਖ੍ਰੀਦਣ ਦਾ ਪੂਰਾ ਅਧਿਕਾਰ ਹੈ ਅਤੇ ਕਿਸੇ ਵੀ ਡੀਲਰ ਜਾਂ ਹੋਲਸੇਲ ਵਿਕਰੇਤਾ ਵੱਲੋਂ ਹੋਰ ਸਮਾਨ ਖ੍ਰੀਦਣ ਲਈ ਮਜਬੂਰ ਕਰਨਾ ਕਾਨੂੰਨੀ ਨਿਯਮਾਂ ਦੀ ਉਲੰਘਣਾ ਹੈ , ਚੈਕਿੰਗ ਦੌਰਾਨ ਸਮੂਹ ਖਾਦਾਂ ਦੇ ਹੋਲਸੇਲ ਅਤੇ ਰਿਟੇਲ ਵਿਕਰੇਤਾਵਾਂ ਦੇ ਸਟਾਕ ਰਜਿਸਟਰ, ਵਿਕਰੀ ਰਿਕਾਰਡ, ਬਿਲਾਂ, ਆਵਾਜਈ ਸਬੰਧੀ ਦਸਤਾਵੇਜਾਂ ਅਤੇ ਭੰਡਾਰਨ ਪ੍ਰਬੰਧਾਂ ਦੀ ਬਰੀਕੀ ਨਾਲ ਪੜਤਾਲ ਕਰਨ ਲਈ ਕਿਹਾ ਗਿਆ
ਮੁੱਖ ਖੇਤੀਬਾੜੀ ਅਫਸਰ ਨੇ ਚਿਤਾਵਨੀ ਦਿੱਤੀ ਕਿ ਜੇਕਰ ਕਿਸੇ ਵੀ ਡੀਲਰ ਜਾਂ ਵਿਕਰੇਤਾ ਵੱਲੋਂ ਖਾਦਾਂ ਦੀ ਟੈਗਿੰਗ ਜਾਂ ਹੋਰ ਕਿਸੇ ਤਰ੍ਹਾਂ ਦੀ ਬੇਨਿਯਮੀ ਕੀਤੀ ਪਾਈ ਜਾਂਦੀ ਹੈ ਤਾਂ ਉਸ ਖਿਲਾਫ ਖਾਦ (ਕੰਟਰੋਲ) ਆਰਡਰ 1985 ਅਤੇ ਜ਼ਰੂਰੀ ਵਸਤਾਂ ਐਕਟ 1955 ਅਧੀਨ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ
ਉਨ੍ਹਾਂ ਨੇ ਜਿਲ੍ਹੇ ਦੇ ਹੋਲਸੇਲ ਖਾਦ ਵਿਕਰੇਤਾਵਾਂ ਨੂੰ ਸਪੱਸ਼ਟ ਕੀਤਾ ਕਿ ਕਿਸੇ ਵੀ ਹਾਲਤ ਵਿੱਚ ਸਬਸਿਡਾਈਜਡ ਖਾਦਾਂ (ਯੂਰੀਆ ਅਤੇ ਡੀ.ਏ.ਪੀ) ਦੇ ਨਾਲ ਕੀਟਨਾਸ਼ਕ, ਨਦੀਨਨਾਸ਼ਕ, ਬੀਜ, ਮਾਈਕਰੋ ਨਿਊਟ੍ਰੀਐਂਟਸ, ਬਾਇਓ ਫਰਟੀਲਾਈਜਰ ਜਾਂ ਕਿਸੇ ਹੋਰ ਖੇਤੀ ਇਨਪੁੱਟਸ ਦੀ ਟੈਗਿੰਗ ਨਾ ਕੀਤੀ ਜਾਵੇ