ਡੈਮੋਕਰੇਟਿਕ ਟੀਚਰਜ਼ ਫਰੰਟ ਵੱਲੋਂ ਰੀਕਾਸਟ ਸੂਚੀਆਂ ਵਾਲੇ ਅਧਿਆਪਕਾਂ ਦੇ ਕਾਰਨ ਦੱਸੋ ਨੋਟਿਸ ਰੱਦ ਕਰਨ ਦੀ ਮੰਗ
16 ਅਗਸਤ ਨੂੰ ਸੰਗਰੂਰ ਵਿਖੇ ਹੋਣ ਵਾਲੀ ਰੈਲੀ ਸਮਰਥਨ ਕਰੇਗੀ ਡੀ ਟੀ ਐਫ਼
ਅਸ਼ੋਕ ਵਰਮਾ
ਬਠਿੰਡਾ , 13 ਅਗਸਤ 2026: ਰੀਕਾਸਟ ਸੂਚੀਆਂ ਪ੍ਰਭਾਵਿਤ ਅਧਿਆਪਕ ਫਰੰਟ ਦੇ ਦਿੱਤੇ ਸੱਦੇ 'ਤੇ 16 ਅਗਸਤ ਨੂੰ ਮੁੱਖ ਮੰਤਰੀ ਦੇ ਸ਼ਹਿਰ ਸੰਗਰੂਰ ਵਿਖੇ ਹੋਣ ਵਾਲੀ ਰੈਲੀ ਦਾ ਡੈਮੋਕ੍ਰੇਟਿਕ ਟੀਚਰਜ਼ ਫ਼ਰੰਟ ਡੱਟਵਾਂ ਸਮਰਥਨ ਕਰੇਗਾ। ਅਧਿਆਪਕਾਂ ਦੀ ਨੁਮਾਇੰਦਾ ਜਥੇਬੰਦੀ ਡੈਮੋਕ੍ਰੇਟਿਕ ਟੀਚਰਜ਼ ਫ਼ਰੰਟ ਪੰਜਾਬ ਦੇ ਸੂਬਾ ਪ੍ਰਧਾਨ ਦਿਗਵਿਜੇਪਾਲ ਸ਼ਰਮਾ ਅਤੇ ਸੂਬਾ ਸਕੱਤਰ ਰੇਸ਼ਮ ਸਿੰਘ ਖੇਮੂਆਣਾ ਬਠਿੰਡਾ ਦੇ ਜ਼ਿਲ੍ਹਾ ਪ੍ਰਧਾਨ ਬਲਜਿੰਦਰ ਸਿੰਘ ਸਕੱਤਰ ਜਸਵਿੰਦਰ ਸਿੰਘ ਨੇ ਦੱਸਿਆ ਕਿ ਵਿਭਾਗੀ /ਦਫ਼ਤਰੀ ਗਲਤੀਆਂ ਕਾਰਨ ਪੰਜਾਬ ਸਕੂਲ ਸਿੱਖਿਆ ਵਿਭਾਗ, ਪੰਜਾਬ ਅਧੀਨ ਪਿਛਲੇ ਸਮੇਂ ਵਿੱਚ ਹੋਈਆਂ ਵੱਖ - ਵੱਖ ਭਰਤੀਆਂ (4161 ਮਾਸਟਰ ਕਾਡਰ, 2392 ਮਾਸਟਰ ਕਾਡਰ, 6635 ਈਟੀਟੀ ਕਾਡਰ, 3704 ਮਾਸਟਰ ਕਾਡਰ ) ਦੀਆਂ ਸਿਲੈਕਸ਼ਨ ਸੂਚੀਆਂ ਦਫ਼ਤਰੀ /ਵਿਭਾਗੀ ਗਲਤੀਆਂ ਕਾਰਨ ਵੱਖ - ਵੱਖ ਅਧਾਰ (EWS ਦੀ ਰਿਜਰਵੇਸ਼ਨ ਵੰਡ ਸਹੀ ਨਾ ਹੋਣ ਕਰਕੇ ਜਾਂ ਉੱਤਰਕੂੰਜੀਆਂ ਰਿਵਾਇਜ ਹੋਣ ਕਰਕੇ ਆਦਿ ) ਬਣਾ ਕੇ ਰੀਕਾਸਟ ਕੀਤੀਆਂ ਗਈਆਂ ਹਨ। ਜਿਸ ਦੇ ਤਹਿਤ ਲੰਮੇਂ ਸਮੇਂ ਤੋਂ ਆਪਣੇ - ਆਪਣੇ ਸਕੂਲਾਂ ਵਿੱਚ ਸੇਵਾਵਾਂ ਨਿਭਾਅ ਰਹੇ ਅਧਿਆਪਕਾਂ ਨੂੰ ਸਿਲੈਕਸ਼ਨ ਜੋਨ ਤੋਂ ਬਾਹਰ ਕਰ ਦਿੱਤਾ ਗਿਆ ਹੈ ਅਤੇ ਟਰਮੀਨੇਸ਼ਨ ਸੰਬੰਧੀ ਕਾਰਨ ਦੱਸੋ ਨੋਟਿਸ ਜਾਰੀ ਕੀਤੇ ਗਏ ਹਨ।
ਉਪਰੋਕਤ ਭਰਤੀਆਂ ਦੇ ਪ੍ਰਭਾਵਿਤ ਅਧਿਆਪਕਾਂ ਦੀ ਗਿਣਤੀ 4161 ਮਾਸਟਰ ਕਾਡਰ ਭਰਤੀ ਦੇ ਪ੍ਰਭਾਵਿਤ ਅਧਿਆਪਕ 253 ਤੇ 2392 ਮਾਸਟਰ ਕਾਡਰ ਭਰਤੀ ਦੇ ਪ੍ਰਭਾਵਿਤ ਅਧਿਆਪਕ 40 ਅਤੇ 6635 ਈਟੀਟੀ ਦੇ ਪ੍ਰਭਾਵਿਤ ਅਧਿਆਪਕ - 108 ਅਤੇ 3704 ਅਧਿਆਪਕ ਭਰਤੀ ਦੇ ਪ੍ਰਭਾਵਿਤ ਅਧਿਆਪਕ - 117 ਅਤੇ ਉਪਰੋਕਤ 4161 ਮਾਸਟਰ ਕਾਡਰ ਭਰਤੀ ਅਤੇ 6635 ਈ.ਟੀ.ਟੀ. ਕਾਡਰ ਭਰਤੀ ਦੇ ਪ੍ਰਭਾਵਿਤ ਅਧਿਆਪਕਾਂ ਦਾ ਪਰੋਬੇਸ਼ਨ ਪੀਰੀਅਡ ਵੀ ਕਲੀਅਰ ਨਹੀਂ ਕੀਤਾ ਗਿਆ । ਜਦੋਂ ਕਿ ਉਹਨਾਂ ਦੇ ਪਰਖਕਾਲ ਦੇ 3 ਸਾਲ ਪੂਰੇ ਹੋ ਚੁੱਕੇ ਹਨ ਅਤੇ ਨਾ ਹੀ ਕੋਈ ਬਦਲੀਆਂ ਵਿੱਚ ਮੌਕਾ ਦਿੱਤਾ ਗਿਆ ਹੈ।
ਜਥੇਬੰਦੀ ਦੇ ਮੀਤ ਪ੍ਰਧਾਨ ਵਿਕਾਸ ਗਰਗ, ਸਹਿ ਸਕੱਤਰ ਕੁਲਵਿੰਦਰ ਵਿਰਕ ਵਿੱਤ ਸਕੱਤਰ ਅਨਿਲ ਭੱਟ ਬਲਾਕ ਪ੍ਰਧਾਨ ਭੁਪਿੰਦਰ ਸਿੰਘ ਮਾਈਸਰਖਾਨਾ, ਭੋਲਾ ਰਾਮ, ਬਲਕਰਨ ਕੋਟਸ਼ਮੀਰ, ਰਾਜਵਿੰਦਰ ਸਿੰਘ ਜਲਾਲ ਨੇ ਮੰਗ ਕੀਤੀ ਕਿ ਟਰਮੀਨੇਸ਼ਨ ਸੰਬੰਧੀ ਭੇਜੇ ਕਾਰਨ ਦੱਸੋ ਨੋਟਿਸ ਤੁਰੰਤ ਵਾਪਿਸ ਲੈ ਕੇ ਇਹਨਾਂ ਅਧਿਆਪਕਾਂ ਦਾ ਭਵਿੱਖ ਪੂਰਨਰੂਪ ਵਿੱਚ ਸੁਰੱਖਿਅਤ ਕੀਤਾ ਜਾਵੇ। ਤੁਰੰਤ ਪਰਖਕਾਲ ਸਮਾਂ ਕਲੀਅਰ ਕਰਕੇ ਬਣਦੇ ਭੱਤੇ ਪੰਜਾਬ ਪੇਅ ਸਕੇਲ ਅਨੁਸਾਰ ਲਾਗੂ ਕੀਤੇ ਜਾਣ। ਆਗੂਆਂ ਨੇ ਕਿਹਾ ਕਿ 16 ਅਗਸਤ ਨੂੰ ਸੰਗਰੂਰ ਵਿਖੇ ਹੋਣ ਵਾਲੀ ਰੈਲੀ ਵਿੱਚ ਡੈਮੋਕ੍ਰੇਟਿਕ ਟੀਚਰਜ਼ ਫ਼ਰੰਟ ਪੰਜਾਬ ਭਰਵੀ ਸ਼ਮੂਲੀਅਤ ਕਰੇਗਾ |ਆਗੂਆਂ ਨੇ ਕਿਹਾ ਕਿ ਰੀਕਾਸਟ ਸੂਚੀਆਂ ਕਰਕੇ ਅਧਿਆਪਕਾਂ ਤੋਂ ਰੁਜਗਾਰ ਖੋਹਣ ਨੀਤੀ ਬੰਦ ਕੀਤੀ ਜਾਵੇ। ਸਕੂਲਾਂ ਵਿੱਚ ਪਹਿਲਾਂ ਹੀ ਅਧਿਆਪਕਾਂ ਦੀ ਵੱਡੀ ਘਾਟ ਨੂੰ ਦੇਖਦੇ ਹੋਏ, ਤੁਰੰਤ ਇਸ ਸੰਵੇਦਨਸ਼ੀਲ ਮਸਲੇ ਵੱਲ ਧਿਆਨ ਦੇ ਕੇ ਜਲਦੀ ਤੋਂ ਜਲਦੀ ਇਸ ਸਮੱਸਿਆ ਨੂੰ ਹੱਲ ਕੀਤਾ ਜਾਵੇ।