ਜ਼ਿਲ੍ਹਾ ਚੋਣ ਅਫ਼ਸਰ ਗੁਰਦਾਸਪੁਰ ਵੱਲੋਂ ਮਾਨਤਾ ਪ੍ਰਾਪਤ ਰਾਜਸੀ ਪਾਰਟੀਆਂ ਨਾਲ ਮੀਟਿੰਗ
ਸਮੂਹ ਮਾਨਤਾ ਪ੍ਰਾਪਤ ਰਾਜਨੀਤਕ ਪਾਰਟੀਆਂ ਨੂੰ ਵੋਟਰ ਸੂਚੀ ਦੀ ਹਾਰਡ ਕਾਪੀ ਅਤੇ ਸਾਫਟ ਕਾਪੀ (ਬਿਨਾਂ ਫੋਟੋ) ਮੁਹੱਈਆ ਕਰਵਾਈ
ਰੋਹਿਤ ਗੁਪਤਾ
ਗੁਰਦਾਸਪੁਰ, 13 ਅਗਸਤ ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਗੁਰਦਾਸਪੁਰ ਸ੍ਰੀ ਆਦਿਤਿਆ ਉੱਪਲ ਵੱਲੋਂ ਅੱਜ ਜ਼ਿਲ੍ਹੇ ਦੀਆਂ ਮਾਨਤਾ ਪ੍ਰਾਪਤ ਰਾਜਸੀ ਪਾਰਟੀਆਂ ਨਾਲ ਮੀਟਿੰਗ ਕੀਤੀ ਗਈ।
ਮੀਟਿੰਗ ਵਿਚ ਭਾਰਤ ਚੋਣ ਕਮਿਸ਼ਨ ਦੀਆਂ ਹਦਾਇਤਾਂ ਤੋਂ ਜਾਣੂੰ ਕਰਵਾਉਂਦੇ ਹੋਏ ਦੱਸਿਆ ਗਿਆ ਕਿ ਵੋਟਰ ਸੂਚੀਆਂ ਦੀ ਵਿਸ਼ੇਸ਼ ਗਹਿਰੀ ਸੁਧਾਈ (ਐਸ.ਆਈ.ਆਰ.) ਦੀ ਜ਼ਿਲ੍ਹੇ ਵਿਚ ਪ੍ਰਕਿਰਿਆ ਮੁਕੰਮਲ ਹੋਣ ਉਪਰੰਤ 13 ਅਗਸਤ, 2026 ਨੂੰ ਫੋਟੋ ਵੋਟਰ ਸੂਚੀਆਂ ਅਤੇ ਸਰਵਿਸ ਵੋਟਰ ਸੂਚੀਆਂ ਦੀ ਮੁੱਢਲੀ ਪ੍ਰਕਾਸ਼ਨਾ ਕਰ ਦਿੱਤੀ ਗਈ ਹੈ। ਇਹ ਵੋਟਰ ਸੂਚੀਆਂ ਚੋਣਕਾਰ ਰਜਿਸਟ੍ਰੇਸ਼ਨ ਅਫਸਰਾਂ ਦੇ ਦਫਤਰਾਂ ਅਤੇ ਬੀ.ਐਲ.ਓਜ਼. ਪਾਸ ਦੇਖਣ ਲਈ ਉਪਲਭਧ ਹਨ।
ਮੀਟਿੰਗ ਵਿਚ ਸਮੂਹ ਮਾਨਤਾ ਪ੍ਰਾਪਤ ਰਾਜਨੀਤਕ ਪਾਰਟੀਆਂ ਨੂੰ ਵੋਟਰ ਸੂਚੀ ਦੀ ਹਾਰਡ ਕਾਪੀ ਅਤੇ ਸਾਫਟ ਕਾਪੀ (ਬਿਨਾਂ ਫੋਟੋ) ਮੁਹੱਈਆ ਕਰਵਾਈ ਗਈ ।
ਜ਼ਿਲ੍ਹਾ ਚੋਣ ਅਫਸਰ ਨੇ ਦੱਸਿਆ ਕਿ ਡਰਾਫ਼ਟ ਵੋਟਰ ਸੂਚੀ ਬਾਰੇ ਦਾਅਵੇ ਜਾਂ ਇਤਰਾਜ 12 ਸਤੰਬਰ 2026 ਤੱਕ ਜ਼ਿਲ੍ਹੇ ਦੇ ਸਮੂਹ ਚੋਣਕਾਰ ਰਜਿਸਟ੍ਰੇਸ਼ਨ ਅਫ਼ਸਰਾਂ ਨੂੰ ਦਿੱਤੇ ਜਾ ਸਕਦੇ ਹਨ। ਚੋਣਕਾਰ ਰਜਿਸਟ੍ਰੇਸ਼ਨ ਅਫ਼ਸਰਾਂ ਵਲੋਂ ਦਾਅਵੇ ਅਤੇ ਇਤਰਾਜਾਂ ਦਾ ਮਿਤੀ 8 ਅਕਤੂਬਰ 2026 ਤੱਕ ਇਨ੍ਹਾਂ ਦਾ ਨਿਪਟਾਰਾ ਕੀਤਾ ਜਾਵੇਗਾ ਅਤੇ 12 ਅਕਤੂਬਰ 2026 ਨੂੰ ਵੋਟਰ ਸੂਚੀ ਦੀ ਅੰਤਿਮ ਪ੍ਰਕਾਸ਼ਨਾ ਕੀਤੀ ਜਾਵੇਗੀ।
ਵੋਟਰ ਸੂਚੀਆਂ ਦੀ ਮੁੱਢਲੀ ਪ੍ਰਕਾਸ਼ਨਾ ਤੋਂ ਬਾਅਦ ਬੀ.ਐਲ.ਓਜ਼ ਵਲੋਂ 16 ਅਗਸਤ 2026 ਨੂੰ ਬੀ.ਐਲ.ਓਜ਼ ਸਵੇਰੇ 10.00 ਵਜੇ ਤੋਂ ਦੁਪਹਿਰ 01.00 ਵਜੇ ਤੱਕ ਆਪਣੇ ਬੂਥ ਤੇ ਮੌਜੂਦ ਰਹਿ ਕੇ ਵੋਟਰ ਸੂਚੀਆਂ ਸਬੰਧੀ ਵੋਟਰਾਂ ਤੋਂ ਫਾਰਮ ਨੰਬਰ 6, 7 ਅਤੇ 8 ਰਾਹੀਂ ਦਾਅਵੇ ਇਤਰਾਜ਼ ਵੀ ਪ੍ਰਾਪਤ ਕਰਨਗੇ।
ਉਨ੍ਹਾਂ ਨੇ ਵੋਟਰਾਂ ਨੂੰ ਅਪੀਲ ਕੀਤੀ ਕਿ ਉਹ ਕੈਂਪਾਂ ਵਿਚ ਜਾ ਕੇ ਬੀ.ਐਲ.ਓਜ਼ ਰਾਹੀਂ ਇਨ੍ਹਾਂ ਸੂਚੀਆਂ ਵਿਚ ਆਪਣੇ ਵੇਰਵੇ ਆਦਿ ਦੇਖ ਸਕਦੇ ਹਨ।
ਮੀਟਿੰਗ ਵਿਚ ਮਨਜਿੰਦਰ ਸਿੰਘ, ਚੋਣ ਤਹਿਸੀਲਦਾਰ, ਸੁਨੀਲ ਕੁਮਾਰ, ਚੋਣ ਕਾਨੂੰਗੋ ਤੋਂ ਇਲਾਵਾ ਰਾਜਸੀ ਪਾਰਟੀਆਂ ਦੇ ਨੁੰਮਾਇੰਦੇ ਸੁਖਦੇਵ ਸਿੰਘ (ਆਮ ਆਦਮੀ ਪਾਰਟੀ), ਗੁਰਵਿੰਦਰ ਲਾਲ (ਕਾਂਗਰਸ), ਤੇਜਬੀਰ ਸਿੰਘ (ਸ਼੍ਰੋਮਣੀ ਅਕਾਲੀ ਦਲ), ਰੂਪ ਸਿੰਘ ਪੱਡਾ (ਸੀ.ਪੀ.ਆਈ.), ਰਾਜਨ ਗੋਇਲ (ਬੀ.ਜੇ.ਪੀ.) ਅਤੇ ਸੁਰਿੰਦਰ ਚੌਧਰੀ (ਬਹੁਜਨ ਸਮਾਜ ਪਾਰਟੀ) ਦੇ ਨੁੰਮਾਇਦੇ ਹਾਜ਼ਰ ਸਨ ।