ਸੁਖਬੀਰ ਬਾਦਲ ’ਤੇ ਹਮਲਾ: ਜੋਸਨ ਨੇ ਕਿਹਾ—ਇਹ ਸਿਰਫ਼ ਸਿਆਸੀ ਆਗੂ ’ਤੇ ਨਹੀਂ, ਪੰਜਾਬ ਦੀ ਸ਼ਾਂਤੀ ’ਤੇ ਹਮਲਾ
ਬਲਵਿੰਦਰ ਸਿੰਘ ਧਾਲੀਵਾਲ
ਸੁਲਤਾਨਪੁਰ ਲੋਧੀ, 13 ਅਗਸਤ: 2026 ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ’ਤੇ ਹੋਏ ਹਮਲੇ ਨੂੰ ਲੈ ਕੇ ਹਲਕਾ ਸੁਲਤਾਨਪੁਰ ਲੋਧੀ ਤੋਂ ਅਕਾਲੀ ਦਲ ਦੇ ਨੌਜਵਾਨ ਆਗੂ ਇੰਦਰਜੀਤ ਸਿੰਘ ਜੋਸਨ ਨੇ ਤਿੱਖੀ ਪ੍ਰਤੀਕਿਰਿਆ ਦਿੰਦਿਆਂ ਇਸ ਘਟਨਾ ਦੀ ਸਖ਼ਤ ਸ਼ਬਦਾਂ ਵਿੱਚ ਨਿੰਦਾ ਕੀਤੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੀ ਧਰਤੀ ’ਤੇ, ਖ਼ਾਸ ਕਰਕੇ ਗੁਰੂ ਘਰ ਦੀ ਪਵਿੱਤਰਤਾ ਦਰਮਿਆਨ ਅਜਿਹੀ ਘਟਨਾ ਵਾਪਰਨਾ ਬੇਹੱਦ ਗੰਭੀਰ ਅਤੇ ਚਿੰਤਾਜਨਕ ਹੈ।
ਜੋਸਨ ਨੇ ਕਿਹਾ ਕਿ ਸੁਖਬੀਰ ਸਿੰਘ ਬਾਦਲ ’ਤੇ ਹੋਇਆ ਇਹ ਕਾਇਰਾਨਾ ਹਮਲਾ ਸਿਰਫ਼ ਇੱਕ ਸਿਆਸੀ ਆਗੂ ਨੂੰ ਨਿਸ਼ਾਨਾ ਬਣਾਉਣ ਦੀ ਘਟਨਾ ਨਹੀਂ, ਸਗੋਂ ਪੰਜਾਬ ਦੀ ਸ਼ਾਂਤੀ, ਭਾਈਚਾਰਕ ਸਾਂਝ ਅਤੇ ਕਾਨੂੰਨ-ਵਿਵਸਥਾ ਨੂੰ ਚੁਣੌਤੀ ਹੈ। ਉਨ੍ਹਾਂ ਕਿਹਾ ਕਿ ਜੇਕਰ ਪੰਜਾਬ ਵਿੱਚ ਧਾਰਮਿਕ ਅਸਥਾਨਾਂ ਦੇ ਅੰਦਰ ਵੀ ਸਿਆਸੀ ਰੰਜਿਸ਼ ਜਾਂ ਹਿੰਸਾ ਲਈ ਥਾਂ ਬਣਨ ਲੱਗ ਪਈ ਤਾਂ ਇਹ ਪੂਰੇ ਸਮਾਜ ਲਈ ਖ਼ਤਰੇ ਦੀ ਘੰਟੀ ਹੈ।
ਉਨ੍ਹਾਂ ਕਿਹਾ ਕਿ ਗੁਰੂ ਘਰ ਸਾਨੂੰ ਸ਼ਾਂਤੀ, ਸਹਿਣਸ਼ੀਲਤਾ, ਨਿਮਰਤਾ ਅਤੇ ਸਰਬੱਤ ਦੇ ਭਲੇ ਦਾ ਸੰਦੇਸ਼ ਦਿੰਦੇ ਹਨ। ਅਜਿਹੇ ਪਵਿੱਤਰ ਸਥਾਨਾਂ ਦੀ ਮਰਿਆਦਾ ਨੂੰ ਭੰਗ ਕਰਨ ਵਾਲੀ ਕਿਸੇ ਵੀ ਘਟਨਾ ਨੂੰ ਕਿਸੇ ਵੀ ਕੀਮਤ ’ਤੇ ਸਵੀਕਾਰ ਨਹੀਂ ਕੀਤਾ ਜਾ ਸਕਦਾ।
ਇੰਦਰਜੀਤ ਸਿੰਘ ਜੋਸਨ ਨੇ ਸਰਕਾਰ ਅਤੇ ਪੁਲਿਸ ਪ੍ਰਸ਼ਾਸਨ ਨੂੰ ਸਿੱਧੇ ਤੌਰ ’ਤੇ ਅਪੀਲ ਕੀਤੀ ਕਿ ਮਾਮਲੇ ਦੀ ਨਿਰਪੱਖ ਅਤੇ ਡੂੰਘਾਈ ਨਾਲ ਜਾਂਚ ਕਰਕੇ ਹਮਲੇ ਦੇ ਪਿੱਛੇ ਅਸਲ ਕਾਰਨਾਂ ਅਤੇ ਸਾਜ਼ਿਸ਼ ਦੀਆਂ ਸਾਰੀਆਂ ਕੜੀਆਂ ਸਾਹਮਣੇ ਲਿਆਂਦੀਆਂ ਜਾਣ। ਉਨ੍ਹਾਂ ਕਿਹਾ ਕਿ ਸਿਰਫ਼ ਕਾਰਵਾਈ ਦਾ ਦਿਖਾਵਾ ਕਰਨ ਦੀ ਬਜਾਏ ਜ਼ਿੰਮੇਵਾਰ ਲੋਕਾਂ ਦੀ ਪਛਾਣ ਕਰਕੇ ਕਾਨੂੰਨ ਅਨੁਸਾਰ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇ।
ਜੋਸਨ ਨੇ ਸੁਰੱਖਿਆ ਪ੍ਰਬੰਧਾਂ ’ਤੇ ਵੀ ਸਵਾਲ ਖੜ੍ਹੇ ਕਰਦਿਆਂ ਕਿਹਾ ਕਿ ਜੇਕਰ ਕਿਸੇ ਵੱਡੇ ਸਿਆਸੀ ਆਗੂ ’ਤੇ ਸੁਰੱਖਿਆ ਘੇਰੇ ਦੇ ਬਾਵਜੂਦ ਹਮਲਾ ਹੋ ਜਾਂਦਾ ਹੈ ਤਾਂ ਇਸ ਪੂਰੇ ਮਾਮਲੇ ਦੀ ਜਵਾਬਦੇਹੀ ਤੈਅ ਹੋਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਕਾਨੂੰਨ ਦਾ ਰਾਜ ਹਰ ਹਾਲ ਵਿੱਚ ਕਾਇਮ ਰਹਿਣਾ ਚਾਹੀਦਾ ਹੈ ਅਤੇ ਕਿਸੇ ਨੂੰ ਵੀ ਕਾਨੂੰਨ ਆਪਣੇ ਹੱਥ ਵਿੱਚ ਲੈਣ ਦੀ ਇਜਾਜ਼ਤ ਨਹੀਂ ਦਿੱਤੀ ਜਾ ਸਕਦੀ।
ਉਨ੍ਹਾਂ ਕਿਹਾ ਕਿ ਸਿਆਸੀ ਵਿਰੋਧ ਆਪਣੀ ਥਾਂ ਹੈ ਪਰ ਸਿਆਸੀ ਵਿਰੋਧ ਨੂੰ ਹਿੰਸਾ ਵਿੱਚ ਬਦਲਣਾ ਕਿਸੇ ਵੀ ਲੋਕਤੰਤਰ ਵਿੱਚ ਕਬੂਲਯੋਗ ਨਹੀਂ। ਪੰਜਾਬ ਦੀ ਸਿਆਸੀ ਪਰੰਪਰਾ ਬਹਿਸ, ਵਿਚਾਰ ਅਤੇ ਲੋਕਤੰਤਰਿਕ ਸੰਘਰਸ਼ ਦੀ ਰਹੀ ਹੈ, ਨਾ ਕਿ ਹਿੰਸਾ ਅਤੇ ਡਰ ਦੀ।
ਅੰਤ ਵਿੱਚ ਇੰਦਰਜੀਤ ਸਿੰਘ ਜੋਸਨ ਨੇ ਵਾਹਿਗੁਰੂ ਅੱਗੇ ਅਰਦਾਸ ਕੀਤੀ ਕਿ ਸਰਦਾਰ ਸੁਖਬੀਰ ਸਿੰਘ ਬਾਦਲ ਨੂੰ ਚੜ੍ਹਦੀ ਕਲਾ ਅਤੇ ਤੰਦਰੁਸਤੀ ਬਖ਼ਸ਼ਣ ਅਤੇ ਪੰਜਾਬ ਵਿੱਚ ਅਮਨ-ਸ਼ਾਂਤੀ, ਭਾਈਚਾਰਕ ਸਾਂਝ ਅਤੇ ਸਦਭਾਵਨਾ ਦਾ ਮਾਹੌਲ ਹੋਰ ਮਜ਼ਬੂਤ ਹੋਵੇ।
- Download Babushahi App
-
-