ਪੰਜਾਬ ਕੇਂਦਰੀ ਯੂਨੀਵਰਸਿਟੀ ਵਿਖੇ ਸਾਈਬਰ ਸੁਰੱਖਿਆ ਬਾਰੇ ਇੱਕ ਰੋਜ਼ਾ ਵਰਕਸ਼ਾਪ ਕਰਵਾਈ
ਬਠਿੰਡਾ, 10 ਅਗਸਤ: ਡਿਜੀਟਲ ਤਕਨਾਲੋਜੀ ਦੀ ਵਧ ਰਹੀ ਵਰਤੋਂ ਦੇ ਨਾਲ ਸਾਈਬਰ ਸੁਰੱਖਿਆ ਅੱਜ ਹਰ ਵਿਅਕਤੀ ਲਈ ਬੇਹੱਦ ਮਹੱਤਵਪੂਰਨ ਹੋ ਗਈ ਹੈ। ਇਸੇ ਨੂੰ ਧਿਆਨ ਵਿੱਚ ਰੱਖਦਿਆਂ ਪੰਜਾਬ ਕੇਂਦਰੀ ਯੂਨੀਵਰਸਿਟੀ (ਸੀਯੂ ਪੰਜਾਬ), ਬਠਿੰਡਾ ਵਿਖੇ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਸਾਈਬਰ ਖਤਰਿਆਂ, ਸੁਰੱਖਿਅਤ ਡਿਜੀਟਲ ਵਿਹਾਰ ਅਤੇ ਸਾਈਬਰ ਸੁਰੱਖਿਆ ਦੇ ਖੇਤਰ ਵਿੱਚ ਉੱਭਰ ਰਹੇ ਮੌਕਿਆਂ ਬਾਰੇ ਜਾਗਰੂਕ ਕਰਨ ਲਈ ‘ਸਾਈਬਰ ਸੁਰੱਖਿਆ’ ਵਿਸ਼ੇ ’ਤੇ ਇੱਕ ਰੋਜ਼ਾ ਸਕੂਲ ਆਫ਼ ਇੰਜੀਨੀਅਰਿੰਗ ਐਂਡ ਟੈਕਨਾਲੋਜੀ ਅਤੇ ਕੰਪਿਊਟਰ ਸੈਂਟਰ ਵੱਲੋਂ ਇੰਸਟੀਚਿਊਸ਼ਨਜ਼ ਇਨੋਵੇਸ਼ਨ ਕੌਂਸਲ ਅਤੇ ਆਇਡਿਯਾ ਲੈਬ ਦੇ ਸਹਿਯੋਗ ਨਾਲ ਯੂਨੀਵਰਸਿਟੀ ਆਡੀਟੋਰੀਅਮ ਵਿਖੇ ਨਹੀਂ ਕਰਵਾਈ ਗਈ।
ਕਾਰਜਕਾਰੀ ਵਾਈਸ-ਚਾਂਸਲਰ ਪ੍ਰੋ. ਰਾਮਕ੍ਰਿਸ਼ਨ ਵੁਸਿਰਿਕਾ ਦੀ ਸਰਪ੍ਰਸਤੀ ਹੇਠ ਕਰਵਾਈ ਇਸ ਵਰਕਸ਼ਾਪ ਵਿੱਚ ਡਾ. ਰਾਜ ਸਿੰਘ ਨੇਹਰਾ, ਡਾਇਰੈਕਟਰ, ਇੰਸਟੀਚਿਊਟ ਆਫ਼ ਸਾਈਬਰ ਸਕਿਉਰਿਟੀ ਸਟੱਡੀਜ਼ (ਆਈ.ਸੀ.ਐਸ.ਐਸ.), ਨਵੀਂ ਦਿੱਲੀ ਅਤੇ ਸ਼੍ਰੀ ਨਾਬਾ ਕੁਮਾਰ ਪੌਲ, ਸਹਾਇਕ ਡਾਇਰੈਕਟਰ, ਨੈਸ਼ਨਲ ਕ੍ਰਾਈਮ ਰਿਕਾਰਡਜ਼ ਬਿਊਰੋ (ਐਨਸੀਆਰਬੀ), ਗ੍ਰਹਿ ਮੰਤਰਾਲਾ, ਨੇ ਮਾਹਿਰ ਬੁਲਾਰਿਆਂ ਵਜੋਂ ਭਾਗ ਲੈਂਦਿਆਂ ਆਪਣੇ ਤਜਰਬੇ ਅਤੇ ਵਿਹਾਰਕ ਜਾਣਕਾਰੀ ਸਾਂਝੀ ਕੀਤੀ।
ਵਰਕਸ਼ਾਪ ਨੂੰ ਸੰਬੋਧਨ ਕਰਦਿਆਂ ਕਾਰਜਕਾਰੀ ਵਾਈਸ ਚਾਂਸਲਰ ਪ੍ਰੋ. ਰਾਮਕ੍ਰਿਸ਼ਨ ਵੁਸਿਰਿਕਾ ਨੇ ਕਿਹਾ ਕਿ ਡਿਜੀਟਲ ਦੁਨੀਆ ਦੇ ਤੇਜ਼ੀ ਨਾਲ ਹੋ ਰਹੇ ਵਿਸਥਾਰ ਦੇ ਨਾਲ ਸਾਈਬਰ ਖਤਰਿਆਂ ਦਾ ਰੂਪ ਵੀ ਲਗਾਤਾਰ ਬਦਲ ਰਿਹਾ ਹੈ। ਅਜਿਹੇ ਸਮੇਂ ਵਿੱਚ ਸਾਈਬਰ ਸੁਰੱਖਿਆ ਸਿਰਫ਼ ਤਕਨੀਕੀ ਖੇਤਰ ਤੱਕ ਸੀਮਿਤ ਨਹੀਂ ਰਹੀ, ਸਗੋਂ ਇਹ ਖੋਜ ਅਤੇ ਨਵੀਨਤਾ ਦਾ ਵੀ ਇੱਕ ਮਹੱਤਵਪੂਰਨ ਖੇਤਰ ਬਣ ਚੁੱਕੀ ਹੈ।
ਮੁੱਖ ਬੁਲਾਰੇ ਅਤੇ ਆਈ.ਸੀ.ਐਸ.ਐਸ.ਦੇ ਡਾਇਰੈਕਟਰ ਡਾ. ਰਾਜ ਸਿੰਘ ਨੇਹਰਾ ਨੇ ਸਾਈਬਰ ਸੁਰੱਖਿਆ ਦੇ ਤੇਜ਼ੀ ਨਾਲ ਬਦਲ ਰਹੇ ਦ੍ਰਿਸ਼ ’ਤੇ ਚਰਚਾ ਕੀਤੀ। ਉਨ੍ਹਾਂ ਕਿਹਾ ਕਿ ਸਾਈਬਰ ਸੁਰੱਖਿਆ ਦੇ ਖੇਤਰ ਵਿੱਚ ਵਧ ਰਹੀਆਂ ਲੋੜਾਂ ਨੂੰ ਪੂਰਾ ਕਰਨ ਲਈ ਸਿੱਖਿਆ, ਹੁਨਰ ਵਿਕਾਸ ਅਤੇ ਉਦਯੋਗ ਦੀਆਂ ਲੋੜਾਂ ਵਿਚਕਾਰ ਬਿਹਤਰ ਤਾਲਮੇਲ ਜ਼ਰੂਰੀ ਹੈ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਲਗਾਤਾਰ ਸਿੱਖਦੇ ਰਹਿਣ, ਆਪਣੇ ਹੁਨਰਾਂ ਨੂੰ ਸਮੇਂ ਦੇ ਅਨੁਸਾਰ ਅਪਡੇਟ ਕਰਨ ਅਤੇ ਸਾਈਬਰ ਸੁਰੱਖਿਆ ਨੂੰ ਵੱਖ-ਵੱਖ ਵਿਸ਼ਿਆਂ ਨੂੰ ਜੋੜ ਕੇ ਸਮਝਣ ਦੀ ਸਲਾਹ ਦਿੱਤੀ।
ਇਸੇ ਦੌਰਾਨ ਵਿਸ਼ੇਸ਼ ਮਹਿਮਾਨ ਅਤੇ ਐਨਸੀਆਰਬੀ ਦੇ ਸਹਾਇਕ ਡਾਇਰੈਕਟਰ ਸ਼੍ਰੀ ਨਾਬਾ ਕੁਮਾਰ ਪੌਲ ਨੇ ਸਾਈਬਰ ਸੁਰੱਖਿਆ ਦੇ ਵਿਹਾਰਕ ਪੱਖਾਂ ਬਾਰੇ ਜਾਣਕਾਰੀ ਸਾਂਝੀ ਕੀਤੀ। ਉਨ੍ਹਾਂ ਨੇ ਉੱਭਰ ਰਹੇ ਸਾਈਬਰ ਖਤਰਿਆਂ, ਸਾਈਬਰ ਹਮਲਿਆਂ ਦੇ ਆਮ ਤਰੀਕਿਆਂ ਅਤੇ ਵਿਅਕਤੀਗਤ ਜਾਗਰੂਕਤਾ ਦੀ ਮਹੱਤਤਾ ’ਤੇ ਚਾਨਣਾ ਪਾਇਆ। ਉਨ੍ਹਾਂ ਨੇ ਫਿਸ਼ਿੰਗ, ਮਾਲਵੇਅਰ ਅਤੇ ਐਸ.ਕਿਉ.ਐਲ. ਇੰਜੈਕਸ਼ਨ ਸਾਈਬਰ ਹਮਲੇ ਵਰਗੇ ਸਾਈਬਰ ਹਮਲਿਆਂ ਦੀਆਂ ਉਦਾਹਰਣਾਂ ਰਾਹੀਂ ਸਮਝਾਇਆ ਕਿ ਸਾਈਬਰ ਅਪਰਾਧੀ ਤਕਨੀਕੀ ਕਮਜ਼ੋਰੀਆਂ ਦੇ ਨਾਲ-ਨਾਲ ਮਨੁੱਖੀ ਲਾਪਰਵਾਹੀ ਦਾ ਵੀ ਫਾਇਦਾ ਚੁੱਕ ਸਕਦੇ ਹਨ। ਉਨ੍ਹਾਂ ਨੇ ਮਜ਼ਬੂਤ ਪਾਸਵਰਡ ਰੱਖਣ, ਮਲਟੀ-ਫੈਕਟਰ ਆਥੈਂਟੀਕੇਸ਼ਨ ਦੀ ਵਰਤੋਂ ਕਰਨ, ਸਾਫਟਵੇਅਰ ਨੂੰ ਅਪਡੇਟ ਰੱਖਣ ਅਤੇ ਅਣਜਾਣ ਈ-ਮੇਲ, ਲਿੰਕ ਜਾਂ ਫਾਈਲ ਖੋਲ੍ਹਣ ਤੋਂ ਪਹਿਲਾਂ ਸਾਵਧਾਨੀ ਵਰਤਣ ਦੀ ਸਲਾਹ ਦਿੱਤੀ। ਉਨ੍ਹਾਂ ਕਿਹਾ ਕਿ ਸਾਈਬਰ ਸੁਰੱਖਿਆ ਸਿਰਫ਼ ਕਿਸੇ ਇੱਕ ਵਿਅਕਤੀ ਜਾਂ ਸੰਸਥਾ ਦੀ ਜ਼ਿੰਮੇਵਾਰੀ ਨਹੀਂ, ਸਗੋਂ ਸਾਰਿਆਂ ਦੀ ਸਾਂਝੀ ਜ਼ਿੰਮੇਵਾਰੀ ਹੈ।
ਪ੍ਰੋਗਰਾਮ ਦੀ ਸ਼ੁਰੂਆਤ ਪ੍ਰੋ. ਅਮਨਦੀਪ ਕੌਰ, ਪ੍ਰੋਗਰਾਮ ਕੋਆਰਡੀਨੇਟਰ ਅਤੇ ਡੀਨ, ਸਕੂਲ ਆਫ਼ ਇੰਜੀਨੀਅਰਿੰਗ ਐਂਡ ਟੈਕਨਾਲੋਜੀ, ਦੇ ਸਵਾਗਤੀ ਸੰਬੋਧਨ ਨਾਲ ਹੋਈ। ਉਨ੍ਹਾਂ ਨੇ ਮਾਹਿਰ ਬੁਲਾਰਿਆਂ ਨਾਲ ਜਾਣ-ਪਛਾਣ ਕਰਵਾਉਂਦਿਆਂ ਕੰਪਿਊਟਰ ਸਾਇੰਸ ਐਂਡ ਟੈਕਨਾਲੋਜੀ ਵਿਭਾਗ ਅਤੇ ਆਰਟੀਫੀਸ਼ੀਅਲ ਇੰਟੈਲੀਜੈਂਸ ਐਂਡ ਮਸ਼ੀਨ ਲਰਨਿੰਗ ਵਿਭਾਗ ਦੀਆਂ ਪ੍ਰਾਪਤੀਆਂ ਅਤੇ ਗਤੀਵਿਧੀਆਂ ਬਾਰੇ ਜਾਣਕਾਰੀ ਦਿੱਤੀ।
ਵਰਕਸ਼ਾਪ ਵਿੱਚ ਬੀ.ਟੈਕ., ਐਮ.ਟੈਕ. ਅਤੇ ਪੀਐਚ.ਡੀ. ਦੇ ਵਿਦਿਆਰਥੀਆਂ ਨੇ ਸਾਈਬਰ ਸੁਰੱਖਿਆ ਦੇ ਵਿਹਾਰਕ ਪੱਖਾਂ ਨੂੰ ਸਮਝਣ ਦਾ ਮੌਕਾ ਪ੍ਰਾਪਤ ਕੀਤਾ। ਵਰਕਸ਼ਾਪ ਦਾ ਤਾਲਮੇਲ ਪ੍ਰੋਗਰਾਮ ਕੋ-ਕੋਆਰਡੀਨੇਟਰ ਡਾ. ਮੀਨਾਕਸ਼ੀ ਅਤੇ ਡਾ. ਅਨੰਦਿਕਾ ਸ਼ਰਮਾ ਨੇ ਕੀਤਾ।