ਜੀ.ਐਨ.ਐਮ. ਸਕੂਲ ਬਠਿੰਡਾ ਵਿਖੇ ਮਨਾਇਆ ਗਿਆ ਨੈਸ਼ਨਲ ਡੀ-ਵਾਰਮਿੰਗ ਦਿਵਸ
ਅਸ਼ੋਕ ਵਰਮਾ
ਬਠਿੰਡਾ, 10 ਅਗਸਤ 2026 :ਸਿਹਤ ਵਿਭਾਗ ਬਠਿੰਡਾ ਵੱਲੋਂ ਸਿਵਲ ਸਰਜਨ ਡਾ. ਤਪਿੰਦਰਜੋਤ ਦੇ ਦਿਸ਼ਾ-ਨਿਰਦੇਸ਼ਾਂ ਅਤੇ ਜਿਲ੍ਹਾ ਟੀਕਾਕਰਣ ਅਫ਼ਸਰ ਡਾਕਟਰ ਮੀਨਾਕਸ਼ੀ ਸਿੰਗਲਾ ਦੀ ਅਗਵਾਈ ਹੇਠ ਜੀ.ਐਨ.ਐਮ. ਸਕੂਲ ਵਿਖੇ ਨੈਸ਼ਨਲ ਡੀ-ਵਾਰਮਿੰਗ ਦਿਵਸ ਮਨਾਇਆ ਗਿਆ। ਇਸ ਮੌਕੇ ਵਿਦਿਆਰਥਣਾਂ ਨੂੰ ਪੇਟ ਦੇ ਕੀੜਿਆਂ ਤੋਂ ਬਚਾਅ, ਨਿੱਜੀ ਸਫ਼ਾਈ ਅਤੇ ਸਿਹਤਮੰਦ ਜੀਵਨਸ਼ੈਲੀ ਸਬੰਧੀ ਜਾਗਰੂਕ ਕੀਤਾ ਗਿਆ ਅਤੇ ਐਲਬੈਂਡਾਜ਼ੋਲ ਦੀ ਗੋਲੀ ਦਿੱਤੀ ਗਈ।
ਇਸ ਸਬੰਧੀ ਸਿਵਲ ਸਰਜਨ ਡਾ. ਤਪਿੰਦਰਜੋਤ ਨੇ ਕਿਹਾ ਕਿ ਬੱਚਿਆਂ ਅਤੇ ਨੌਜਵਾਨਾਂ ਨੂੰ ਪੇਟ ਦੇ ਕੀੜਿਆਂ ਤੋਂ ਮੁਕਤ ਰੱਖਣਾ ਉਨ੍ਹਾਂ ਦੀ ਚੰਗੀ ਸਿਹਤ ਅਤੇ ਸਹੀ ਵਿਕਾਸ ਲਈ ਬਹੁਤ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਸਿਹਤ ਵਿਭਾਗ ਵੱਲੋਂ ਨੈਸ਼ਨਲ ਡੀ-ਵਾਰਮਿੰਗ ਮੁਹਿੰਮ ਤਹਿਤ ਵਿਦਿਅਕ ਸੰਸਥਾਵਾਂ ਵਿੱਚ ਵਿਦਿਆਰਥੀਆਂ ਨੂੰ ਡੀ-ਵਾਰਮਿੰਗ ਦਵਾਈ ਦੇਣ ਦੇ ਨਾਲ-ਨਾਲ ਸਫ਼ਾਈ ਅਤੇ ਸਿਹਤ ਸਬੰਧੀ ਜਾਗਰੂਕ ਕੀਤਾ ਜਾ ਰਿਹਾ ਹੈ। ਉਨ੍ਹਾਂ ਵਿਦਿਆਰਥੀਆਂ, ਅਧਿਆਪਕਾਂ ਅਤੇ ਮਾਪਿਆਂ ਨੂੰ ਅਪੀਲ ਕੀਤੀ ਕਿ ਉਹ ਇਸ ਮੁਹਿੰਮ ਵਿੱਚ ਸਹਿਯੋਗ ਦੇਣ ਅਤੇ ਬੱਚਿਆਂ ਨੂੰ ਸਾਫ਼-ਸਫ਼ਾਈ ਪ੍ਰਤੀ ਜਾਗਰੂਕ ਕਰਨ।
ਜ਼ਿਲ੍ਹਾ ਟੀਕਾਕਰਣ ਕਮ ਨੋਡਲ ਅਫ਼ਸਰ ਆਰ.ਬੀ.ਐਸ.ਕੇ. ਡਾ. ਮੀਨਾਕਸ਼ੀ ਸਿੰਗਲਾ ਨੇ ਦੱਸਿਆ ਕਿ ਪੇਟ ਦੇ ਕੀੜਿਆਂ ਦੀ ਸਮੱਸਿਆ ਕਾਰਨ ਬੱਚਿਆਂ ਵਿੱਚ ਖੂਨ ਦੀ ਕਮੀ, ਕਮਜ਼ੋਰੀ, ਭੁੱਖ ਘੱਟ ਲੱਗਣਾ ਅਤੇ ਸਰੀਰਕ ਤੇ ਮਾਨਸਿਕ ਵਿਕਾਸ ਪ੍ਰਭਾਵਿਤ ਹੋ ਸਕਦਾ ਹੈ। ਉਨ੍ਹਾਂ ਕਿਹਾ ਕਿ ਨੈਸ਼ਨਲ ਡੀ-ਵਾਰਮਿੰਗ ਦਿਵਸ ਦਾ ਮੁੱਖ ਉਦੇਸ਼ ਬੱਚਿਆਂ ਅਤੇ ਨੌਜਵਾਨਾਂ ਨੂੰ ਪੇਟ ਦੇ ਕੀੜਿਆਂ ਤੋਂ ਮੁਕਤ ਕਰਨਾ ਅਤੇ ਉਨ੍ਹਾਂ ਦੀ ਸਿਹਤ ਤੇ ਪੋਸ਼ਣ ਪੱਧਰ ਵਿੱਚ ਸੁਧਾਰ ਲਿਆਉਣਾ ਹੈ।
ਓਹਨਾਂ ਵਿਦਿਆਰਥਣਾਂ ਨੂੰ ਅਪੀਲ ਕੀਤੀ ਕਿ ਉਹ ਖਾਣਾ ਖਾਣ ਤੋਂ ਪਹਿਲਾਂ ਅਤੇ ਪਖਾਨੇ ਤੋਂ ਬਾਅਦ ਹੱਥ ਸਾਬਣ ਨਾਲ ਚੰਗੀ ਤਰ੍ਹਾਂ ਧੋਣ, ਸਾਫ਼ ਪਾਣੀ ਦੀ ਵਰਤੋਂ ਕਰਨ, ਫਲਾਂ ਅਤੇ ਸਬਜ਼ੀਆਂ ਨੂੰ ਚੰਗੀ ਤਰ੍ਹਾਂ ਧੋ ਕੇ ਖਾਣ ਅਤੇ ਨੰਗੇ ਪੈਰ ਨਾ ਤੁਰਨ। ਉਨ੍ਹਾਂ ਕਿਹਾ ਕਿ ਨਿੱਜੀ ਸਫ਼ਾਈ ਨੂੰ ਆਪਣੀ ਰੋਜ਼ਾਨਾ ਜ਼ਿੰਦਗੀ ਦਾ ਹਿੱਸਾ ਬਣਾਉਣ ਨਾਲ ਕਈ ਬਿਮਾਰੀਆਂ ਤੋਂ ਬਚਿਆ ਜਾ ਸਕਦਾ ਹੈ।
ਡਿਪਟੀ ਮਾਸ ਮੀਡੀਆ ਅਫ਼ਸਰ ਕੇਵਲ ਸਿੰਘ, ਲਖਵਿੰਦਰ ਸਿੰਘ ਅਤੇ ਜਿਲ੍ਹਾ ਬੀ.ਸੀ.ਸੀ ਨਰਿੰਦਰ ਕੁਮਾਰ ਨੇ ਸਾਂਝੇ ਰੂਪ ਵਿੱਚ ਜਾਣਕਾਰੀ ਦਿੰਦਿਆਂ ਦੱਸਿਆ ਕਿ ਐਲਬੈਂਡਾਜ਼ੋਲ ਦੀ ਦਵਾਈ ਪੇਟ ਦੇ ਕੀੜਿਆਂ ਦੀ ਰੋਕਥਾਮ ਲਈ ਪ੍ਰਭਾਵਸ਼ਾਲੀ ਹੈ ਅਤੇ ਸਿਹਤ ਵਿਭਾਗ ਵੱਲੋਂ ਨਿਰਧਾਰਤ ਮੁਹਿੰਮ ਤਹਿਤ ਯੋਗ ਬੱਚਿਆਂ ਅਤੇ ਨੌਜਵਾਨਾਂ ਨੂੰ ਇਹ ਦਵਾਈ ਦਿੱਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਇਸ ਮੁਹਿੰਮ ਨੂੰ ਸਫ਼ਲ ਬਣਾਉਣ ਲਈ ਸਿਹਤ ਵਿਭਾਗ ਦੇ ਕਰਮਚਾਰੀਆਂ ਦੇ ਨਾਲ-ਨਾਲ ਸਕੂਲ ਅਧਿਆਪਕਾਂ ਅਤੇ ਮਾਪਿਆਂ ਦਾ ਸਹਿਯੋਗ ਵੀ ਬਹੁਤ ਮਹੱਤਵਪੂਰਨ ਹੈ।ਇਸ ਮੌਕੇ ਵਿਦਿਆਰਥਣਾਂ ਨੂੰ ਪੇਟ ਦੇ ਕੀੜਿਆਂ ਤੋਂ ਬਚਾਅ ਅਤੇ ਸਿਹਤਮੰਦ ਜੀਵਨਸ਼ੈਲੀ ਸਬੰਧੀ ਜਾਣਕਾਰੀ ਦਿੱਤੀ ਗਈ। ਇਸ ਮੋਕੇ ਜੀ.ਐਨ.ਐਮ. ਸਕੂਲ ਦਾ ਸਟਾਫ਼ ਅਤੇ ਸਿਹਤ ਵਿਭਾਗ ਦੇ ਅਧਿਕਾਰੀ ਤੇ ਕਰਮਚਾਰੀ ਵੀ ਹਾਜ਼ਰ ਸਨ।