ਮੋਦੀ ਹਕੂਮਤ ਖ਼ਿਲਾਫ਼ ਸਾਂਝੀ ਰੈਲੀ ਉਪਰੰਤ ਰੋਸ ਵਿਖਾਵਾ ਕਰਕੇ ਡੀਸੀ ਨੂੰ ਸੌਂਪਿਆ ਮੰਗ ਪੱਤਰ
ਅਸ਼ੋਕ ਵਰਮਾ
ਬਰਨਾਲਾ, 10 ਅਗਸਤ 2026 :ਭਾਰਤ ਛੱਡੋ ਦਿਵਸ ਦੀ 84ਵੀਂ ਵਰ੍ਹੇਗੰਢ ਨੂੰ ਸਮਰਪਿਤ ਸੰਯੁਕਤ ਕਿਸਾਨ ਮੋਰਚਾ ਅਤੇ ਕੇਂਦਰੀ ਟਰੇਡ ਯੂਨੀਅਨਾਂ ਸੱਦੇ 'ਤੇ ਬੀਕੇਯੂ ਉਗਰਾਹਾਂ ਸਮੇਤ ਬਾਕੀ ਕਿਸਾਨ , ਮਜ਼ਦੂਰ ਤੇ ਟਰੇਡ ਯੂਨੀਅਨਾਂ ਵੱਲੋਂ ਇੱਥੇ ਦਾਣਾ ਮੰਡੀ 'ਚ ਕਿਸਾਨਾਂ, ਮਜ਼ਦੂਰਾਂ ਤੇ ਸੰਘਰਸ਼ਸੀਲ ਔਰਤਾਂ ਦੀ ਵੱਡੀ ਸਾਂਝੀ ਰੈਲੀ ਕੀਤੀ ਗਈ। ਉਪਰੰਤ ਸ਼ਹਿਰ ਦੇ ਬਾਜ਼ਾਰਾਂ ਵਿੱਚੋਂ ਦੀ ਮਾਰਚ ਕੱਢਿਆ ਗਿਆ ਤੇ ਡੀਸੀ ਦਫ਼ਤਰ ਪੁੱਜ ਕੇ ਦੇਸ਼ ਦੇ ਸੰਵਿਧਾਨਕ ਮੁਖੀ ਦੇ ਨਾਂ ਮੰਗ ਪੱਤਰ ਸੌਂਪਿਆ ਗਿਆ। ਇਕੱਠ ਨੂੰ ਸੰਬੋਧਨ ਕਰਦਿਆਂ ਬੀਕੇਯੂ ਉਗਰਾਹਾਂ ਦੇ ਸੂਬਾ ਆਗੂ ਰੂਪ ਸਿੰਘ ਛੰਨਾਂ, ਜ਼ਿਲ੍ਹਾ ਪ੍ਰਧਾਨ ਚਮਕੌਰ ਸਿੰਘ ਨੈਣੇਵਾਲ, ਡਕੌਂਦਾ ਦੇ ਸੂਬਾ ਪ੍ਰਧਾਨ ਮਨਜੀਤ ਸਿੰਘ ਧਨੇਰ, ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੇ ਪਵਿੱਤਰ ਸਿੰਘ ਲਾਲੀ, ਟ੍ਰੇਡ ਯੂਨੀਅਨ ਆਗੂ ਲਾਭ ਸਿੰਘ ਅਕਲੀਆ ਤੇ ਖੁਸ਼ੀਆਂ ਸਿੰਘ ਨੇ ਸੰਬੋਧਨ ਕਰਦਿਆਂ ਕਿਹਾ ਕਿ ਕੇਂਦਰੀ ਮੋਦੀ ਤੇ ਪੰਜਾਬ ਦੀ ਮਾਨ ਸਰਕਾਰ ਦੇਸ਼ ਵਿਚ ਕਾਰਪੋਰੇਟ ਪੱਖੀ ਨੀਤੀਆਂ ਲਾਗੂ ਕਰ ਰਹੀਆਂ ਹਨ।
ਉਨ੍ਹਾਂ ਕਿਹਾ ਕਿ ਦੇਸ਼ ਦੇ ਮਿਹਨਤਕਸ਼ ਲੋਕਾਂ ਨੂੰ ਡੂੰਘੇ ਆਰਥਿਕ ਸੰਕਟ ਵੱਲ ਧੱਕਿਆ ਜਾ ਰਿਹਾ ਹੈ ਤੇ ਸਰਕਾਰੀ ਅਦਾਰਿਆਂ ਨੂੰ ਚਹੇਤੇ ਕਾਰਪੋਰੇਟਸ ਨੂੰ ਕੌਡੀਆਂ ਦੇ ਭਾਅ ਵੇਚਿਆ ਜਾ ਰਿਹਾ ਹੈ। ਬੁਲਾਰਿਆਂ ਕਿਹਾ ਕਿ
ਦਿੱਲੀ ਬਾਰਡਰਾਂ 'ਤੇ ਕਿਸਾਨੀ ਸੰਘਰਸ਼ ਮੌਕੇ ਕੀਤੇ ਮੰਨੀਆਂ ਮੰਗਾਂ ਤੇ ਵਾਅਦਿਆਂ ਨੂੰ ਅਜੇ ਤੱਕ ਪੂਰਾ ਨਹੀਂ ਕੀਤਾ ਗਿਆ। ਮੰਗ ਕੀਤੀ ਕਿ ਉਹਨਾਂ ਸਭ ਦੀ ਫੌਰੀ ਪੂਰਤੀ ਕੀਤੀ ਜਾਵੇ। ਸੰਸਦ ਵਿੱਚ ਬਿਨਾਂ ਬਹਿਸ ਕਰਵਾਏ ਭਾਰਤ-ਅਮਰੀਕਾ ਮੁਕਤ ਵਪਾਰ ਸਮਝੌਤਾ ਤੁਰੰਤ ਰੱਦ ਕੀਤਾ ਜਾਵੇ। ਸਾਰੀਆਂ ਫਸਲਾਂ ਲਈ C2+50% ਫਾਰਮੂਲੇ ਅਨੁਸਾਰ ਘੱਟੋ-ਘੱਟ ਸਮਰਥਨ ਮੁੱਲ (MSP) ਦੀ ਗਾਰੰਟੀ ਦੇਣ ਵਾਲਾ ਕਾਨੂੰਨ ਬਣਾਇਆ ਜਾਵੇ ਅਤੇ ਸਰਕਾਰੀ ਖ਼ਰੀਦ ਯਕੀਨੀ ਬਣਾਈ ਜਾਵੇ। ਕਿਸਾਨਾਂ ਤੇ ਦਿਹਾੜੀਦਾਰ ਮਜ਼ਦੂਰਾਂ ਦੀਆਂ ਖੁਦਕੁਸ਼ੀਆਂ ਨੂੰ ਰੋਕਣ ਲਈ ਕਰਜ਼ਾ ਮੁਆਫ਼ੀ ਦੀ ਵਿਆਪਕ ਯੋਜਨਾ ਲਾਗੂ ਕੀਤੀ ਜਾਵੇ।
ਖੁਦਕੁਸ਼ੀ ਕਰਨ ਵਾਲੇ ਹਰੇਕ ਕਿਸ਼ਾਨਾਂ-ਮਜ਼ਦੂਰਾਂ ਦੇ ਪਰਿਵਾਰਾਂ ਨੂੰ 25 ਲੱਖ ਰੁਪਏ ਦਾ ਮੁਆਵਜ਼ਾ ਦਿੱਤਾ ਜਾਵੇ ਅਤੇ ਉਨ੍ਹਾਂ ਦੇ ਮੁਕੰਮਲ ਮੁੜ-ਵਸੇਬੇ ਦੀ ਜ਼ਿੰਮੇਵਾਰੀ ਲਈ ਜਾਵੇ। ਚਾਰ ਲੇਬਰ ਕੋਡਾਂ ਨੂੰ ਤੁਰੰਤ ਰੱਦ ਕੀਤਾ ਜਾਵੇ, 44 ਕਿਰਤ ਕਾਨੂੰਨ ਬਹਾਲ ਕੀਤੇ ਜਾਣ। ਜੀ ਰਾਮ ਜੀ ਨੂੰ ਖ਼ਤਮ ਕਰਕੇ ਮਨਰੇਗਾ ਕਾਨੂੰਨ ਮੁੜ ਬਹਾਲ ਅਤੇ ਮਜ਼ਬੂਤ ਕੀਤਾ ਜਾਵੇ। ਇਸ ਤਹਿਤ ਸਾਲ ਵਿੱਚ 200 ਦਿਨਾਂ ਦਾ ਰੁਜ਼ਗਾਰ ਅਤੇ 700 ਰੁਪਏ ਦਿਹਾੜੀ ਦੀ ਗਾਰੰਟੀ ਦਿੱਤੀ ਜਾਵੇ। ਨਵਾਂ ਬਿਜਲੀ ਐਕਟ -2025, ਬੀਜ ਐਕਟ-2025 ਅਤੇ ਰਾਸ਼ਟਰੀ ਖੁਰਾਕ ਸੁਰੱਖਿਆ ਐਕਟ (NFSA) ਵਿੱਚ ਪ੍ਰਸਤਾਵਿਤ ਸੋਧਾਂ ਨੂੰ ਵਾਪਸ ਲਿਆ ਜਾਵੇ ਆਦਿ।
ਇਹ ਵੀ ਮੰਗ ਕੀਤੀ ਕਿ 60 ਸਾਲ ਤੋਂ ਵੱਧ ਉਮਰ ਦੇ ਕਿਸਾਨਾਂ , ਮਜ਼ਦੂਰਾਂ ਅਤੇ ਤਮਾਮ ਮਿਹਨਤਕਸ਼ ਵਰਗਾਂ ਨੂੰ ਸਮਾਜਿਕ ਸੁਰੱਖਿਆ ਐਕਟ ਤਹਿਤ ਦਸ ਹਜ਼ਾਰ ਰੁਪਏ ਮਹੀਨਾ ਪੈਨਸ਼ਨ ਦਿੱਤੀ ਜਾਵੇ।
ਇਸ ਮੌਕੇ ਕੇਂਦਰੀ ਮੋਦੀ ਸਰਕਾਰ ਦੇ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਗਈ।
ਇਕੱਠ ਨੇ ਲੋਕ ਕਵੀ ਪਾਸ਼ ਦੀ ਯਾਦਗਾਰ ਦੇ ਜ਼ਿੰਦਰੇ ਤੋੜਕੇ ਕਬਜ਼ਾ ਕਰਨ ਖ਼ਿਲਾਫ਼ ਨਿੰਦਾ ਮਤਾ ਵੀ ਪਾਸ ਕੀਤਾ। ਹੱਕੀ ਸੰਘਰਸ਼ਾਂ 'ਤੇ ਜ਼ਬਰ ਦੀ ਨਿਖੇਧੀ ਵੀ ਕੀਤੀ ਗਈ।
ਇਸ ਮੌਕੇ ਉਗਰਾਹਾਂ ਦੀ ਮਹਿਲਾ ਵਿੰਗ ਜ਼ਿਲ੍ਹਾ ਕਨਵੀਨਰ ਕਮਲਜੀਤ ਕੌਰ ਬਰਨਾਲਾ, ਬੀਕੇਯੂ ਡਕੌਂਦਾ ਬੁਰਜਗਿੱਲ ਦੇ ਦਰਸ਼ਨ ਸਿੰਘ ਉੱਗੋਕੇ, ਬੀਕੇਯੂ ਡਕੌਂਦਾ ਧਨੇਰ ਦੇ ਬਾਬੂ ਸਿੰਘ ਖੁੱਡੀ ਕਲਾਂ, ਗੁਰਮੇਲ ਸਿੰਘ ਜਵੰਧਾ, ਕੇ ਕ ਯੂ ਦੇ ਮੋਹਨ ਸਿੰਘ ਰੂੜੇਕੇ ਕਲਾਂ, ਰਣਜੀਤ ਸਿੰਘ ਲੱਖੋਵਾਲ, ਸੀਟੂ ਦੇ ਸੂਬਾ ਸਕੱਤਰ ਸ਼ੇਰ ਸਿੰਘ ਫ਼ਰਵਾਹੀ, ਜਮਹੂਰੀ ਅਧਿਕਾਰ ਸਭਾ ਦੇ ਜ਼ਿਲ੍ਹਾ ਆਗੂ ਗੁਰਮੀਤ ਸਿੰਘ ਸੁਖਪੁਰਾ, ਪ੍ਰੀਤਮ ਸਿੰਘ ਸਹਿਜੜਾ, ਉਗਰਾਹਾਂ ਮਹਿਲਾ ਵਿੰਗ ਦੇ ਲਖਬੀਰ ਕੌਰ ਧਨੌਲਾ ਤੇ ਬਿੰਦਰ ਪਾਲ ਭਦੌੜ ਆਦਿ ਆਗੂਆਂ ਸੰਬੋਧਨ ਕੀਤਾ।