ਟਰੇਡ ਯੂਨੀਅਨਾਂ, ਕਿਸਾਨ ਮਜਦੂਰ ਮੁਲਾਜ਼ਮ ਜਥੇਬੰਦੀਆਂ ਦੇ ਸੈਂਕੜੇ ਵਰਕਰਾਂ ਨੇ ਆਪਣੇ ਆਪ ਨੂੰ ਗ੍ਰਿਫ਼ਤਾਰੀ ਲਈ ਕੀਤਾ ਪੇਸ਼
ਪਹਿਲਾਂ ਬੱਸ ਅੱਡਾ ਨਵਾਂਸ਼ਹਿਰ ਵਿਖੇ ਕੀਤੀ ਰੈਲੀ
ਪ੍ਰਮੋਦ ਭਾਰਤੀ
ਨਵਾਂਸ਼ਹਿਰ 10 ਅਗਸਤ, 2026
ਭਾਰਤ ਛੱਡੋ ਅੰਦੋਲਨ ਦੀ ਵਰ੍ਹੇ ਗੰਢ ਉੱਤੇ ' ਕਾਰਪੋਰੇਟਾਂ ਦੀ ਦਲਾਲ , ਮੋਦੀ ਸਰਕਾਰ ਗੱਦੀ ਛੱਡੋ ' ਦੀ ਮੰਗ ਕਰਦਿਆਂ ਅੱਜ ਟਰੇਡ ਯੂਨੀਅਨਾਂ, ਸੰਯੁਕਤ ਕਿਸਾਨ ਮੋਰਚਾ,ਮਜਦੂਰ, ਮੁਲਾਜ਼ਮ ਜਥੇਬੰਦੀਆਂ ਦੇ ਸੈਂਕੜੇ ਵਰਕਰਾਂ ਨੇ ਸਥਾਨਕ ਚੰਡੀਗੜ੍ਹ ਚੌਂਕ ਵਿਚ ਆਪਣੇ ਆਪ ਨੂੰ ਗ੍ਰਿਫ਼ਤਾਰੀ ਲਈ ਪੇਸ਼ ਕੀਤਾ।ਪਰ ਗ੍ਰਿਫ਼ਤਾਰੀ ਕੋਈ ਨਹੀਂ ਹੋਈ। ਇਸਤੋਂ ਪਹਿਲਾਂ ਸਥਾਨਕ ਬੱਸ ਅੱਡੇ ਤੇ ਰੈਲੀ ਕੀਤੀ ਗਈ ਜਿਸਨੂੰ ਸੰਬੋਧਨ ਕਰਦਿਆਂ ਕੁੱਲ ਹਿੰਦ ਕਿਸਾਨ ਸਭਾ ( 1936) ਦੇ ਕੌਮੀ ਪ੍ਰਧਾਨ ਰਾਜਨ ਖੇਰ ਸਾਗਰ, ਸੀਟੂ ਦੇ ਸੂਬਾ ਜਨਰਲ ਸਕੱਤਰ ਮਹਾਂ ਸਿੰਘ ਰੌੜੀ,ਕੁੱਲ ਹਿੰਦ ਖੇਤ ਮਜਦੂਰ ਸਭਾ ਦੇ ਸੂਬਾ ਪ੍ਰਧਾਨ ਰਾਮ ਸਿੰਘ ਨੂਰਪੁਰੀ,ਸੀ ਟੀ ਯੂ ਦੇ ਸੂਬਾ ਆਗੂ ਕੁਲਦੀਪ ਸਿੰਘ ਦੌੜਕਾ, ਏਟਕ ਦੇ ਆਗੂ ਜਸਵਿੰਦਰ ਸਿੰਘ ਭੰਗਲ ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਦੇਸ਼ੀ ਵਿਦੇਸ਼ੀ ਕਾਰਪੋਰੇਟਾਂ ਦੇ ਕਰਿੰਦੇ ਦਾ ਕਿਰਦਾਰ ਨਿਭਾਅ ਰਹੀ ਹੈ। ਸਾਨੂੰ ਭਾਰਤ ਛੱਡੋ ਅੰਦੋਲਨ ਨੂੰ ਯਾਦ ਕਰਦਿਆਂ ਅੱਜ ਮੋਦੀ ਸਰਕਾਰ ਗੱਦੀ ਛੱਡੋ ਦਾ ਨਾਹਰਾ ਬੁਲੰਦ ਕਰਨਾ ਚਾਹੀਦਾ ਹੈ।ਉਹਨਾਂ ਕਿਹਾ ਕਿ ਭਾਰਤ ਅਮਰੀਕਾ ਵਪਾਰ ਸਮਝੌਤਾ ਬਹੁਤ ਖ਼ਤਰਨਾਕ ਹੈ।ਸੰਸਦ ਵਿਚ ਇਸ ਬਾਰੇ ਚਰਚਾ ਨਹੀਂ ਹੋਈ। ਖੇਤੀਬਾੜੀ ਰਾਜਾਂ ਦਾ ਵਿਸ਼ਾ ਹੈ ਪਰ ਰਾਜਾਂ ਨਾਲ ਸਲਾਹ ਨਹੀਂ ਕੀਤੀ।ਇਹ ਸਮਝੌਤਾ ਨਵੀਂ ਕਿਸਮ ਦੀ ਗੁਲਾਮੀ ਵਾਲਾ ਹੈ। ਮੋਦੀ ਸਰਕਾਰ ਡੋਨਾਲਡ ਟਰੰਪ ਦੇ ਅੱਗੇ ਸਪਲ ਵਿਛ ਗਈ ਹੈ।ਇਸ ਸਮਝੌਤੇ ਨਾਲ ਸਾਡੀ ਖ਼ੇਤੀ ਤਬਾਹ ਹੋ ਜਾਵੇਗੀ। ਡੇਅਰੀ ਫਾਰਮਿੰਗ, ਪੋਲਟਰੀ ਫਾਰਮਿੰਗ ਦਾ ਕਾਰੋਬਾਰ ਚੌਪਟ ਹੋ ਜਾਵੇਗਾ।ਇਸ ਸਮੇਂ ਕਿਸਾਨ ਐਮ ਐਸ ਪੀ ਤੋਂ ਵੀ ਘੱਟ ਮੁੱਲ ਉੱਤੇ ਫ਼ਸਲ ਵੇਚਣ ਲਈ ਮਜਬੂਰ ਹਨ। ਐਫ ਸੀ ਆਈ ਫ਼ਸਲਾਂ ਦੀ ਖਰੀਦਦਾਰੀ ਕਰਦੀ ਹੈ ਉਹ ਵੀ ਹੱਥ ਪਿੱਛੇ ਖਿੱਚ ਰਹੀ ਹੈ।ਇਸ ਸਮਝੌਤੇ ਤੋਂ ਬਾਅਦ ਪੈਟਰੋਲ,ਡੀਜ਼ਲ,ਯੂਰੀਆ ਦੀਆਂ ਕੀਮਤਾਂ ਤੇਜੀ ਨਾਲ ਵਧੀਆਂ ਹਨ। ਇਥੋਨੌਲ ਬਨ੍ਹਾਉਣ ਉੱਤੇ ਖਰਚਾ ਬਹੁਤ ਆਵੇਗਾ।ਇਹ ਆਨਾਜ ਸੜ੍ਹਾਕੇ ਬਣਾਇਆ ਜਾਵੇਗਾ।ਭਗਤ ਸਿੰਘ ਅਤੇ ਬੀ ਕੇ ਦੱਤ ਨੇ ਟਰੇਡ ਯੂਨੀਅਨ ਡਿਸਪਿਊਟ ਬਿੱਲ ਦੇ ਵਿਰੋਧ ਵਿੱਚ ਅਸੈਂਬਲੀ ਵਿੱਚ ਬੰਬ ਸੁਟਿਆ ਸੀ ਪਰ ਹੁਣ ਮੋਦੀ ਸਰਕਾਰ ਚਾਰ ਕਿਰਤ ਕੋਡ ਲਾਗੂ ਕਰਕੇ ਮਜਦੂਰਾਂ ਉੱਤੇ ਉਹੋ ਜਿਹਾ ਹਮਲਾ ਹੀ ਕਰ ਰਹੀ ਹੈ ਜਿਹੋ ਜਿਹਾ ਹਮਲਾ ਅੰਗਰੇਜ਼ ਹਕੂਮਤ ਕਰਨਾ ਚਾਹੁੰਦੀ ਸੀ। ਉਹਨਾਂ ਕਿਹਾ ਕਿ ਜੰਤਰ ਮੰਤਰ ਉੱਤੇ ਵਿਦਿਆਰਥੀਆਂ ਉੱਤੇ ਜਿਹੋ ਜਿਹਾ ਜਬਰ ਮੋਦੀ ਹਕੂਮਤ ਨੇ ਢਾਹਿਆ ਹੈ ਉਹ ਅੰਗਰੇਜ਼ ਹਕੂਮਤ ਦੇ ਜ਼ੁਲਮ ਨਾਲੋਂ ਕਿਸੇ ਤਰ੍ਹਾਂ ਵੀ ਘੱਟ ਨਹੀਂ। ਅੱਜ ਮਜਦੂਰਾਂ ਕਿਸਾਨਾਂ ਦੇ ਏਕੀਕਰਨ ਦੇ ਸੰਘਰਸ਼ਾਂ ਦੀ ਅਹਿਮ ਲੋੜ ਹੈ।ਕਿਸਾਨ ਆਗੂਆਂ ਨੂੰ ਗ੍ਰਿਫ਼ਤਾਰ ਕੀਤਾ ਜਾ ਰਿਹਾ ਹੈ,ਘਰਾਂ ਵਿੱਚ ਨਜ਼ਰਬੰਦ ਕੀਤਾ ਜਾ ਰਿਹਾ ਹੈ। ਮੋਦੀ ਸਰਕਾਰ ਦੀ ਹਕੂਮਤ ਨਫ਼ਰਤ ਫੈਲਾ ਰਹੀ ਹੈ ਅਸੀਂ ਫਿਰਕੂ ਸਦਭਾਵਨਾ ਦਾ ਸੁਨੇਹਾ ਦੇ ਰਹੇ ਹਨ।
ਕੁੱਲ ਹਿੰਦ ਕਿਸਾਨ ਸਭਾ ਦੇ ਆਗੂ ਬਲਵੀਰ ਸਿੰਘ ਜਾਡਲਾ, ਚਰਨਜੀਤ ਸਿੰਘ ਦੌਲਤ ਪੁਰ, ਮਾਸਟਰ ਪ੍ਰੇਮ ਕੁਮਾਰ ਰੱਕੜ ਨੇ ਸੰਬੋਧਨ ਕਰਦਿਆਂ ਕਿਹਾ ਕਿ ਸਾਡਾ ਜਿਲ੍ਹਾ ਸ਼ਹੀਦ ਭਗਤ ਸਿੰਘ ਦਾ ਜੱਦੀ ਜਿਲਾ ਹੈ ਜਿਸਦੇ ਚਾਚਾ ਅਜੀਤ ਸਿੰਘ ਨੇ ਪੱਗੜੀ ਸੰਭਾਲ ਜੱਟਾ ਦਾ ਨਾਹਰਾ ਲਾ ਕੇ ਕਿਸਾਨੀ ਘੋਲ ਨੂੰ ਬੁਲੰਦੀਆਂ ਤੱਕ ਪਹੁੰਚਾਇਆ ਸੀ।ਸਾਡਾ ਸਾਰਿਆਂ ਦਾ ਫਰਜ਼ ਬਣਦਾ ਕਿ ਅਸੀਂ ਸੰਘਰਸ਼ਾਂ ਰਾਹੀਂ ਉਹਨਾਂ ਦੀ ਰਵਾਇਤ ਨੂੰ ਅੱਗੇ ਤੋਰੀਏ ਅਸੀਂ ਇਹ ਸੁਨੇਹਾ ਦੇ ਰਹੇ ਹਾਂ।
ਆਂਗਣਵਾੜੀ ਵਰਕਰ ਯੂਨੀਅਨ ਦੇ ਬਲਜੀਤ ਕੌਰ,ਜ਼ਿਲ੍ਹਾ ਸਕੱਤਰ ਲਖਵਿੰਦਰ ਕੌਰ, ਏਟਕ ਦੇ ਆਗੂ ਪਰਮਿੰਦਰ ਮੇਨਕਾ,ਰਾਮ ਆਸਰਾ, ਦਸੌਂਦਾ ਸਿੰਘ,ਗੁਰਦੀਪ ਸਿੰਘ ਪਾਵਰਕੌਮ,ਪਰਮਜੀਤ ਸਿੰਘ ਰੌੜੀ,ਕੁੱਲ ਹਿੰਦ ਖੇਤ ਮਜਦੂਰ ਸਭਾ ਦੇ ਆਗੂ ਸੁਨੀਤਾ ਤਲਵੰਡੀ, ਸਤਨਾਮ ਸਿੰਘ ਗੁਲਾਟੀ, ਸਤਨਾਮ ਸਿੰਘ ਸੁੱਜੋਂ,ਸੁਰਿੰਦਰ ਸਿੰਘ ਭੱਟੀ ਰਾਹੋਂ ਗੁਰਮੁਖ ਸਿੰਘ ਨੇ ਕਿਹਾ ਕਿ ਅੱਜ ਦਾ ਸਮਾਂ ਏਕਤਾ ਦੇ ਨਾਲ ਤਿੱਖੇ ਸੰਘਰਸ਼ ਲੜਨ ਦਾ ਹੈ।ਜੰਤਰ ਮੰਤਰ ਦਿੱਲੀ ਵਿਖੇ ਕੀਤੇ ਗਏ ਜਬਰ ਵਿਚ ਮੋਦੀ ਸਰਕਾਰ ਨੇ ਅੰਗਰੇਜ਼ ਹਕੂਮਤ ਨੂੰ ਵੀ ਪਿੱਛੇ ਛੱਡ ਦਿੱਤਾ ਹੈ। ਉਹਨਾਂ ਕਿਹਾ ਕਿ ਮੋਦੀ ਸਰਕਾਰ ਫਾਸ਼ੀਵਾਦੀ ਹੱਥਕੰਡਿਆਂ ਉੱਤੇ ਉੱਤਰ ਆਈ ਹੈ ਜਿਸਦਾ ਮੁਕਾਬਲਾ ਕਰਨ ਲਈ ਜਥੇਬੰਦਕ ਏਕਤਾ ਅਤੇ ਤਿੱਖੇ ਸੰਘਰਸ਼ਾਂ ਦੀ ਲੋੜ ਹੈ।ਇਸ ਮੌਕੇ ,ਗਰੀਬ ਦਾਸ ਸੋਹਣ ਸਿੰਘ ਭੱਟੀ, ਪਰਮਜੀਤ ਸਿੰਘ, ਸੂਬੇਦਾਰ ਮੇਜਰ ਸਿੰਘ, ਅਰਜਨ ਸਨਾਵਾ,ਅੱਛਰ ਸਿੰਘ ਰਾਮਾ ਆਸਰਾ, ਗੁਰਦੀਪ ਸਿੰਘ ਪਾਵਰਕਾਮ, ਬਲਵਿੰਦਰ ਹਿਓਂ,ਜਰਨੈਲ ਸਿੰਘ ਰਾਣੇਵਾਲ ਸ਼ਿੰਗਾਰਾ ਰਾਮ ਬੜਵਾ, ਪਾਲ ਚੰਦ ਭਾਨ ਮਜਾਰਾ, ਰਣਜੀਤ ਸਿੰਘ ਰਾਣਾ ਤਾਜੋਵਾਲ, ਦਿਲਬਾਗ ਸਿੰਘ ਕੰਗਣਾ ,ਭੁਪਿੰਦਰ ਸਿੰਘ ਕੌਲਗੜ ,ਜਸਬੀਰ ਕੌਰ ਸੂਰਾਪੁਰ, ਕੁਲਦੀਪ ਝਿੰਗੜ ਆਗੂ ਵੀ ਮੌਜੂਦ ਸਨ।