ਕਾਵਿ ਸੰਗ੍ਰਹਿ 'ਕੱਚੀ ਨੀਂਦ ਦਾ ਸੁਪਨਾ' ਸਮੇਤ ਪੰਜ ਪੁਸਤਕਾਂ ਲੋਕ ਅਰਪਿਤ ਅਤੇ ਕਵੀ ਦਰਬਾਰ ਕਰਵਾਇਆ
ਅਸ਼ੋਕ ਵਰਮਾ
ਬਠਿੰਡਾ , 10 ਅਗਸਤ 2026 : ਬਹੁਤ ਥੋੜੇ ਸਮੇਂ ਵਿੱਚ ਪ੍ਰਕਾਸ਼ਨ ਦੇ ਖੇਤਰ ਵਿੱਚ ਆਪਣਾ ਵਿਸ਼ੇਸ਼ ਨਾਮ ਬਣਾਉਣ ਵਾਲੇ ਸਾਦਿਕ ਪਬਲਿਕਕੇਸ਼ਨ, ਜੋਧਪੁਰ ਪਾਖਰ, ਬਠਿੰਡਾ ਵੱਲੋਂ ਇੱਥੋਂ ਦੇ ਟੀਚਰਜ਼ ਹੋਮ ਵਿਖੇ ਸ਼ਾਇਰ ਮੀਤ ਬਠਿੰਡਾ ਦੇ ਕਾਵਿ ਸੰਗ੍ਰਹਿ 'ਕੱਚੀ ਨੀਂਦ ਦਾ ਸੁਪਨਾ' ਸਮੇਤ ਚਾਰ ਹੋਰ ਪੁਸਤਕਾਂ ਲੋਕ ਅਰਪਿਤ ਕਰਨ ਅਤੇ ਕਵੀ ਦਰਬਾਰ ਕਰਾਉਣ ਲਈ ਇਕ ਭਾਵਪੂਰਤ ਸਮਾਗਮ ਕਰਵਾਇਆ ਗਿਆ। ਇਸ ਸਮਾਗਮ ਦੀ ਪ੍ਰਧਾਨਗੀ ਪ ਸ਼ਾਇਰ ਸੁਰਿੰਦਰਪ੍ਰੀਤ ਘਣੀਆਂ ਨੇ ਕੀਤੀ ਅਤੇ ਮੁੱਖ ਮਹਿਮਾਨ ਦੇ ਤੌਰ ਤੇ ਉੱਘੀ ਸ਼ਾਇਰਾ ਅਤੇ ਵਾਰਤਕ ਲੇਖਿਕਾ ਸ੍ਰੀਮਤੀ ਪਰਮਜੀਤ ਕੌਰ ਸਰਹਿੰਦ ਸ਼ਾਮਲ ਹੋਏ। ਉਹਨਾਂ ਤੋਂ ਇਲਾਵਾ ਪ੍ਰਧਾਨਗੀ ਮੰਡਲ ਵਿੱਚ ਪ੍ਰਸਿੱਧ ਸ਼ਾਇਰ ਬਲਵੰਤ ਭਾਟੀਆ,ਨਾਵਲਕਾਰ ਪ੍ਰਿੰ. ਜਗਮੇਲ ਸਿੰਘ ਜਠੌਲ, ਪ੍ਰੋ. ਤਰਸੇਮ ਨਰੂਲਾ ਅਤੇ ਬਹੁਵਿਧਾਈ ਲੇਖਕ ਭੁਪਿੰਦਰ ਮਾਨ ਸ਼ਾਮਿਲ ਸਨ।
ਸਮਾਗਮ ਦੇ ਆਰੰਭ ਵਿੱਚ ਪ੍ਰਕਾਸ਼ਨ ਦੇ ਸੰਚਾਲਕ ਤੇ ਮਾਲਕ ਕੁਲਦੀਪ ਸਿੰਘ ਦੀਪ ਨੇ ਸਮੂਹ ਹਾਜ਼ਰੀਨ ਨੂੰ ਜੀ ਆਇਆਂ ਕਿਹਾ।
ਇਸ ਉਪਰੰਤ ਸਮੁੱਚੇ ਪ੍ਰਧਾਨਗੀ ਮੰਡਲ ਵੱਲੋਂ ਮੀਤ ਬਠਿੰਡਾ ਦਾ ਕਾਵਿ ਸੰਗ੍ਰਹਿ 'ਕੱਚੀ ਨੀਂਦ ਦਾ ਸੁਪਨਾ' ਹਰਮਨ ਹਬੀਬ ਦਾ ਕਾਵਿ ਸੰਗ੍ਰਹਿ 'ਸਫ਼ਰ-ਏ-ਰਜ਼ਾ' ਰਾਮ ਸਿੰਘ ਪਾਠਕ ਦਾ ਬਾਲ ਕਾਵਿ ਸੰਗ੍ਰਹਿ 'ਮੁੜ ਆਈਆਂ ਰੌਣਕਾਂ', ਜਗਜੀਤ ਸਿੰਘ ਦੀ ਖੋਜ ਪੁਸਤਕ 'ਡਾ. ਦਰਸ਼ਨ ਗਿੱਲ ਦੀ ਕਾਵਿ- ਸੰਵੇਦਨਾ ਅਤੇ ਸਾਦਿਕ ਤਖਤੂਪੁਰੀਆ ਤੇ ਕੁਲਦੀਪ ਸਿੰਘ ਦੀਪ ਵੱਲੋਂ ਸੰਪਾਦਿਤ ਕਾਵਿ ਸੰਗ੍ਰਹਿ 'ਸਾਂਝੇ ਅਹਿਸਾਸ' ਲੋਕ ਅਰਪਿਤ ਕੀਤਾ ਗਿਆ।ਲੋਕ ਅਰਪਿਤ ਕੀਤੀਆਂ ਗਈਆਂ ਪੁਸਤਕਾਂ ਚੋਂ 'ਕੱਚੀ ਨੀਂਦ ਦਾ ਸੁਪਨਾ' ਦੀ ਜਾਣ ਪਛਾਣ ਬਲਵੰਤ ਭਾਟੀਆ ਨੇ ,ਮੁੜ ਆਈਆਂ ਰੌਣਕਾਂ ਦੀ ਜਾਣ ਪਛਾਣ ਪ੍ਰਿੰ. ਜਗਮੇਲ ਸਿੰਘ ਜਠੌਲ ਨੇ, ਸਾਂਝੇ ਅਹਿਸਾਸ ਕਾਵਿ- ਸੰਗ੍ਰਹਿ ਦੀ ਡਾ. ਜਸਪਾਲਜੀਤ ਨੇ, ਸਫ਼ਰ -ਏ-ਰਜ਼ਾ ਅਤੇ ਡਾਕਟਰ ਦਰਸ਼ਨ ਗਿੱਲ ਦੀ ਕਾਵਿ- ਸੰਵੇਦਨਾ ਉੱਪਰ ਕ੍ਰਮਵਾਰ ਮੀਤ ਬਠਿੰਡਾ ਅਤੇ ਭੁਪਿੰਦਰ ਸਿੰਘ ਮਾਨ ਨੇ ਜਾਣ ਪਛਾਣ ਕਰਾਉਂਦਿਆਂ ਕਿਹਾ ਕਿ ਇਹਨਾਂ ਨਵੇਂ ਸ਼ਾਇਰਾਂ ਨੇ ਆਪਣੀਆਂ ਕਵਿਤਾਵਾਂ ਵਿੱਚ ਚੰਨ ਤਾਰਿਆਂ ਦੀਆਂ ਬਾਤਾਂ ਪਾਉਣ ਦੀ ਬਜਾਏ ਮਨੁੱਖੀ ਜ਼ਿੰਦਗੀ ਨਾਲ ਜੁੜੇ ਸਰੋਕਾਰਾਂ ਦੀ ਗੱਲ ਕੀਤੀ ਹੈ।
ਸਮਾਗਮ ਦੇ ਮੁੱਖ ਮਹਿਮਾਨ ਸ੍ਰੀਮਤੀ ਪਰਮਜੀਤ ਕੌਰ ਸਰਹਿੰਦ ਨੇ ਵੀ ਮੀਤ ਬਠਿੰਡਾ ਦੀ ਪੁਸਤਕ 'ਕੱਚੀ ਨੀਂਦ ਦਾ ਸੁਪਨਾ' ਉੱਪਰ ਆਪਣਾ ਪੇਪਰ ਪੜੵਦਿਆਂ ਕਿਹਾ ਕਿ ਮੀਤ ਬਠਿੰਡਾ ਇੱਕ ਹੋਣਹਾਰ ਸ਼ਾਇਰ ਹੈ ਜਿਸ ਤੋਂ ਪੰਜਾਬੀ ਸ਼ਾਇਰੀ ਨੂੰ ਭਰਪੂਰ ਆਸਾਂ ਉਮੀਦਾਂ ਹਨ। ਆਪਣੇ ਪ੍ਰਧਾਨਗੀ ਭਾਸ਼ਣ ਵਿੱਚ ਸੁਰਿੰਦਰਪ੍ਰੀਤ ਘਣੀਆਂ ਨੇ ਪ੍ਰਸਿੱਧ ਨਾਵਲਕਾਰ ਪ੍ਰੋ.ਗੁਰਦਿਆਲ ਸਿੰਘ ਅਤੇ ਮਹਾਨ ਸ਼ਾਇਰ ਪਾਬਲੋ ਨੈਰੂਦਾ ਦੇ ਹਵਾਲੇ ਨਾਲ ਆਪਣੇ ਵਿਚਾਰ ਪੇਸ਼ ਕਰਦਿਆਂ ਕਿਹਾ ਕਿ ਸਾਹਿਤ ਦਾ ਉਦੇਸ਼ ਮਨੁੱਖ ਨਾਲ ਦੁੱਖ- ਸੁੱਖ ਦੀ ਸਾਂਝ ਪੈਦਾ ਕਰਨਾ ਹੁੰਦਾ ਹੈ। ਉਹਨਾਂ ਕਿਹਾ ਕਿ ਇੱਕ ਲੇਖਕ ਲਈ ਸਮੁੱਚਾ ਬ੍ਰਹਿਮੰਡ ਹੀ ਉਸ ਦਾ ਘਰ ਹੁੰਦਾ ਹੈ। ਕਿਤੇ ਵੀ ਕੋਈ ਮਾਨਵ ਵਿਰੋਧੀ ਘਟਨਾ ਵਾਪਰਦੀ ਹੈ ਤਾਂ ਇਕ ਲੇਖਕ ਨੂੰ ਉਸ ਦਾ ਨੋਟਿਸ ਲੈਂਦਿਆਂ ਉਸ ਨੂੰ ਆਪਣੀ ਕਵਿਤਾ ਦੇ ਸਰੋਕਾਰਾਂ ਵਿੱਚ ਸ਼ਾਮਿਲ ਕਰਨਾ ਚਾਹੀਦਾ ਹੈ।
ਕਵੀ ਦਰਬਾਰ ਵਿੱਚ ਸ਼ਾਮਿਲ ਕਵੀਆਂ ਵੱਲੋਂ ਪੜੀਆਂ ਗਈਆਂ ਕਵਿਤਾਵਾਂ 'ਤੇ ਸੰਖੇਪ ਟਿੱਪਣੀ ਕਰਦਿਆਂ ਉਹਨਾਂ ਕਿਹਾ ਕਿ ਨਵੇਂ ਕਵੀ ਅਕਸਰ ਪਿਆਰ ਕਵਿਤਾ ਤੋਂ ਸ਼ੁਰੂ ਕਰਦੇ ਹਨ ਪਰ ਅੱਜ ਦੇ ਡੇਢ ਦਰਜਨ ਤੋਂ ਵੱਧ ਸ਼ਾਇਰਾਂ ਵੱਲੋਂ ਪੇਸ਼ ਕੀਤੀਆਂ ਗਈਆਂ ਕਵਿਤਾਵਾਂ ਵਿੱਚ ਕਿਸੇ ਸ਼ਾਇਰ ਨੇ ਆਪਣੀ ਮਹਿਬੂਬ ਦੀਆਂ ਜੁਲਫ਼ਾਂ, ਨੈਣਾਂ ਅਤੇ ਨਾਜ -ਨਖ਼ਰਿਆਂ ਦੀ ਗੱਲ ਕਰਨ ਦੀ ਬਜਾਏ ਆਪਣੇ ਪ੍ਰਾਪਤ ਅਨੁਭਵ ਅਤੇ ਯਥਾਰਥ ਵਿੱਚੋਂ ਕਸ਼ੀਦ ਕੇ ਲਿਖੀਆਂ ਕਵਿਤਾਵਾਂ ਵਿੱਚ ਬੇਰੁਜ਼ਗਾਰੀ, ਨਸ਼ਾਖੋਰੀ, ਮਾਨਸਿਕ ਤਣਾਅ, ਆਰਥਿਕ ਕਾਣੀ ਵੰਡ ਤੇ ਹੋਰ ਅਨੇਕਾਂ ਵਿਸ਼ਿਆਂ ਨੂੰ ਆਪਣੀ ਕਵਿਤਾ ਦੇ ਸਰੋਕਾਰ ਬਣਾਇਆ ਹੈ। ਉਹਨਾਂ ਇਸ ਮੌਕੇ ਲੋਕ ਅਰਪਿਤ ਹੋਈਆਂ ਪੁਸਤਕਾਂ ਦੇ ਲੇਖਕਾਂ ਨੂੰ ਵਧਾਈ ਵੀ ਦਿੱਤੀ। ਇਸ ਮੌਕੇ ਟੀਚਰਜ਼ ਹੋਮ ਟਰੱਸਟ ਦੇ ਸਕੱਤਰ ਲਛਮਣ ਮਲੂਕਾ ਨੇ ਵੀ ਨਵੇਂ ਕਵੀਆਂ ਨੂੰ ਸਲਾਹ ਦਿੱਤੀ ਕਿ ਉਹ ਸਮਕਾਲ ਵਿੱਚ ਵਾਪਰ ਰਹੀਆਂ ਮਾਨਵ ਵਿਰੋਧੀ ਘਟਨਾਵਾਂ ਨੂੰ ਆਪਣੀਆਂ ਕਵਿਤਾਵਾਂ ਦਾ ਵਿਸ਼ਾ ਬਣਾਉਣ। ਇਸ ਮੌਕੇ ਬਲਵੰਤ ਭਾਟੀਆ, ਗੁਰਚੇਤ ਫੱਤੇਵਾਲੀਆ, ਰਣਵੀਰ ਰਾਣਾ, ਸੁਰਿੰਦਰਪ੍ਰੀਤ ਘਣੀਆਂ, ਡਾ. ਜਸਪਾਲਜੀਤ, ਪ੍ਰੋ. ਤਰਸੇਮ ਨਰੂਲਾ, ਅਮਨਦੀਪ ਕੌਰ ਮਾਨ, ਸੁੱਖਾ ਗਿੱਲ ਤੋਂ ਇਲਾਵਾ ਨਵੇਂ ਕਵੀਆਂ ਸੁਭਾਸ਼ ਸੋਲੰਕੀ, ਸੁਖਨੂਰ ਖ਼ਿਆਲੀ, ਜਗਜੀਤ ਕਾਉਣੀ, ਰਾਮ ਸਿੰਘ ਪਾਠਕ, ਹਰਮਨ ਹਬੀਬ, ਅਮਨਦੀਪ ਬੀਰੋਕੇ, ਸੁਖਦੇਵ ਭੱਟੀ, ਜਗਸੀਰ ਤਾਜੀ, ਪ੍ਰਿੰ. ਮੱਖਣ ਸਿੰਘ, ਸਿਕੰਦਰ ਮਾਨਵ, ਅਮਨਦੀਪ ਕੌਰ, ਕਵਿੱਤਰੀ ਹਰਨਫ਼ਸ, ਅਮਰਬੀਰ ਸਿੰਘ, ਗਗਨਦੀਪ ਸੰਧੂ, ਪਠਾਣਕੋਟ ਤੋੰ ਆਈਆਂ ਕਵਿੱਤਰੀਆਂ ਰੇਨੂੰ ਦੇਵੀ ਤੇ ਰੇਖਾ ਦੇਵੀ, ਜਲੰਧਰ ਤੋਂ ਪਹੁੰਚੇ ਸ਼ਾਇਰ ਅਲੀ ਤੇ ਦਵਿੰਦਰ ਸਿੰਘ, ਜਗਸੀਰ ਤਾਜੀ, ਗੁਰਪ੍ਰੀਤ ਕੌਰ ਪ੍ਰੀਤ, ਰਜਿੰਦਰ ਸਰਾਵਾਂ ਆਦਿ ਨੇ ਕਵਿਤਾਵਾਂ ਪੇਸ਼ ਕੀਤੀਆਂ । ਇਸ ਮੌਕੇ ਸਾਦਿਕ ਪਬਲੀਕੇਸ਼ਨ ਵੱਲੋਂ ਪ੍ਰਧਾਨਗੀ ਮੰਡਲ ਸਮੇਤ ਵੱਖ-ਵੱਖ ਸ਼ਖਸ਼ੀਅਤਾਂ ਦਾ ਸਨਮਾਨ ਕੀਤਾ ਗਿਆਇਸ ਮੌਕੇ ਵਾਰਤਿਕ ਲੇਖਕ ਜਸਵਿੰਦਰ ਸੁਰਗੀਤ, ਨਾਟਕਕਾਰ ਰਮੇਸ਼ ਕੁਮਾਰ ਗਰਗ, ਜਮਹੂਰੀ ਅਧਿਕਾਰ ਸਭਾ , ਬਠਿੰਡਾ ਦੇ ਸਕੱਤਰ ਪ੍ਰਿਤਪਾਲ ਸਿੰਘ ਤੋਂ ਇਲਾਵਾ ਹੋਰ ਵੀ ਅਨੇਕਾ ਸਾਹਿਤ ਪ੍ਰੇਮੀ ਹਾਜ਼ਰ ਸਨ।