ਇਸਤਰੀ ਜਾਗ੍ਰਿਤੀ ਮੰਚ ਨੇ ਔਰਤਾਂ ਖਿਲਾਫ ਮੰਦੀ ਭਾਸ਼ਾ ਨੂੰ ਲੈ ਕੇ ਰਾਸ਼ਟਰਪਤੀ ਦੇ ਨਾਂ ਸੌਂਪਿਆ ਮੰਗ ਪੱਤਰ
-ਦਿੱਲੀ ਮਹਿਲਾ ਪ੍ਰਦਰਸ਼ਨਕਾਰੀਆਂ ਖ਼ਿਲਾਫ਼ ਵਰਤੀ ਜਾ ਰਹੀ ਭੱਦੀ ਭਾਸ਼ਾ ਤੇ ਵਿਵਹਾਰ ਵਿਰੁੱਧ ਮੰਗੀ ਕਾਰਵਾਈ
ਅਸ਼ੋਕ ਵਰਮਾ
ਬਰਨਾਲਾ, 10 ਅਗਸਤ 2026:ਦਿੱਲੀ ਵਿਦਿਆਰਥੀ ਸੰਘਰਸ਼ 'ਚ ਸ਼ਾਮਲ ਮਹਿਲਾਵਾਂ ਖ਼ਿਲਾਫ਼ ਵਰਤੀ ਜਾ ਰਹੀ ਭੱਦੀ ਸ਼ਬਦਾਵਲੀ ਤੇ ਆਇਸਾ ਆਗੂ ਦੇ ਚਿਹਰੇ'ਤੇ ਸਿਆਹੀ ਸੁੱਟੇ ਜਾਣ ਆਦਿ ਮੁੱਦਿਆਂ ਨੂੰ ਲੈਕੇ ਅੱਜ ਇੱਥੇ ਇਸਤਰੀ ਜਾਗ੍ਰਿਤੀ ਮੰਚ ਦੀ ਸੂਬਾ ਮੀਤ ਪ੍ਰਧਾਨ ਚਰਨਜੀਤ ਕੌਰ ਦੀ ਅਗਵਾਈ ਹੇਠ ਰਾਸ਼ਟਰਪਤੀ ਦੇ ਨਾਂ ਮੰਗ ਪੱਤਰ ਸੌਂਪਿਆ ਗਿਆ।ਮੰਚ ਦੀ ਸੂਬਾ ਮੀਤ ਪ੍ਰਧਾਨ ਚਰਨਜੀਤ ਕੌਰ ਨੇ ਦੱਸਿਆ ਕਿ ਪਿਛਲੇ ਦਿਨਾਂ ਦੇ ਦੌਰਾਨ ਦਿੱਲੀ ਜੰਤਰ ਮੰਤਰ ਵਿਖੇ ਨੀਟਾ (NEET) ਪ੍ਰੀਖਿਆ ਲੀਕ ਹੋਣ ਦੇ ਖਿਲਾਫ਼ ਚੱਲੇ ਸੰਘਰਸ਼ ਦੇ ਦੌਰਾਨ ਪ੍ਰਦਰਸ਼ਨ ਕਰਨ ਵਾਲੀਆਂ ਮਹਿਲਾਵਾਂ ਨੂੰ ਨਿਸ਼ਾਨਾ ਬਣਾ ਕੇ ਉਹਨਾਂ ਬਾਰੇ ਭੱਦੀ ਸ਼ਬਦਾਵਲੀ ਵਰਤੀ ਗਈ ਬਲਕਿ ਹੁਣ ਵੀ ਯੋਜਨਾਬੱਧ ਢੰਗ ਨਾਲ ਵਰਤੀ ਜਾ ਰਹੀ ਹੈ। ਇਸ ਤੋਂ ਇਲਾਵਾ ਇੱਕ ਵਿਦਿਆਰਥੀ ਜਥੇਬੰਦੀ (ਆਇਸਾ) ਦੀ ਆਗੂ ਲੜਕੀ ਨੇਹਾ ਬੋਰਾ 'ਤੇ ਕੁਝ ਕੇਂਦਰੀ ਸੱਤਾ ਸ਼ਹਿ ਪ੍ਰਾਪਤ ਸ਼ਰਾਰਤੀ ਅਨਸਰਾਂ ਵੱਲੋਂ ਕਾਲੀ ਸਿਆਹੀ ਸੁੱਟੀ ਗਈ।
ਉਨ੍ਹਾਂ ਕਿਹਾ ਕਿ ਇਹ ਸਭ ਔਰਤ ਵਿਰੋਧੀ ਮਾਨਸਿਕਤਾ ਦਾ ਪ੍ਰਗਟਾਵਾ ਹੈ ਜਿਸ ਦੇ ਤਹਿਤ ਔਰਤ ਨੂੰ ਵਿਰੋਧ ਪ੍ਰਦਰਸ਼ਨ ਜਾਂ ਕਿਸੇ ਹੱਕੀ ਸੰਘਰਸ਼ ਦੀ ਅਗਵਾਈ ਕਰਨ ਵਾਲੀ ਨਹੀਂ ਸਗੋਂ ਦੂਜੇ ਦਰਜੇ ਦੀ ਨਾਗਰਿਕ ਜਾਂ ਪੈਰ ਦੀ ਜੁੱਤੀ ਸਮਝਣ ਵਾਲੀ ਕੇਂਦਰੀ ਸੱਤਾ'ਤੇ ਕਾਬਜ਼ ਧਿਰ ਸਮਰਥਿਤ "ਮਨੂੰਵਾਦੀ" ਵਿਚਾਰਧਾਰਾ ਦੀ ਸਪਸ਼ਟ ਝਲਕ ਮਿਲਦੀ ਹੈ। ਇਸ ਅਭੱਦਰ ਤੇ ਗੈਰ ਸੱਭਿਅਕ ਵਰਤਾਰੇ ਦੇ ਖ਼ਿਲਾਫ ਅੱਜ ਇਸਤਰੀ ਜਾਗਰਤੀ ਮੰਚ ਵੱਲੋਂ ਬਰਨਾਲਾ ਪ੍ਰਸ਼ਾਸਨ ਦੇ ਰਾਹੀਂ ਦੇਸ਼ ਦੀ ਰਾਸ਼ਟਰਪਤੀ ਨੂੰ ਮੰਗ ਪੱਤਰ ਭੇਜਿਆ ਗਿਆ। ਜਿਸ ਰਾਹੀਂ ਉਹਨਾਂ ਨੇ ਮੰਗ ਕੀਤੀ ਕਿ ਔਰਤਾਂ ਦੇ ਖ਼ਿਲਾਫ਼ ਭੱਦੀ ਸ਼ਬਦਾਵਲੀ ਵਰਤਣ ਵਾਲੇ ਗ਼ੈਰ ਸਮਾਜੀ ਅਨਸਰਾਂ ਅਤੇ ਕਾਲੀ ਸਿਆਹੀ ਸੁੱਟਣ ਵਾਲੇ ਦੋਸ਼ੀਆਂ ਖ਼ਿਲਾਫ਼ ਪਰਚਾ ਦਰਜ ਕਰਕੇ ਫੌਰੀ ਸਲਾਖਾਂ ਪਿੱਛੇ ਡੱਕਿਆ ਜਾਵੇ। ਇਸਤਰੀ ਜਾਗ੍ਰਿਤੀ ਮੰਚ ਦੇ ਇਸ ਵਫ਼ਦ ਵਿੱਚ ਇਕਬਾਲ ਕੌਰ ਉਦਾਸੀ, ਗੁਰਪ੍ਰੀਤ ਕੌਰ ਤੇ ਪਰਮਜੀਤ ਕੌਰ ਆਦਿ ਆਗੂ ਵੀ ਸ਼ਾਮਲ ਸਨ।