ਆਕਸਫੋਰਡ ਸਕੂਲ ਭਗਤਾ ਭਾਈ ਵਿਖੇ ਵਿਦਿਆਰਥੀਆਂ ਦੀਆਂ ਅੱਖਾਂ ਦੀ ਜਾਂਚ ਸਬੰਧੀ ਕੈਂਪ ਲਾਇਆ
ਅਸ਼ੋਕ ਵਰਮਾ
ਭਗਤਾ ਭਾਈ, 10 ਅਗਸਤ 2026 :ਦ ਆਕਸਫੋਰਡ ਸਕੂਲ ਆਫ ਐਜੂਕੇਸ਼ਨ ਇੱਕ ਅਜਿਹੀ ਸੰਸਥਾ ਹੈ, ਜੋ ਵਿਦਿਆਰਥੀਆਂ ਦੀ ਸਿਹਤ ਪ੍ਰਤੀ ਵੀ ਜਾਗਰੂਕ ਰਹਿੰਦੀ ਹੈ। ਇਸ ਸੰਸਥਾ ਵਿੱਚ ਜਿੱਥੇ ਵਿਦਿਆਰਥੀਆਂ ਦੀ ਮਾਨਸਿਕ ਸਿਹਤ ਦੀ ਤੰਦਰੁਸਤੀ ਲਈ ਵੱਖ-ਵੱਖ ਬੁੱਧ ਕਿਰਿਆਵਾਂ ਕਰਵਾਈਆਂ ਜਾਂਦੀਆਂ ਹਨ, ਉਥੇ ਸਰੀਰਕ ਸਿਹਤ ਦੀ ਤੰਦਰੁਸਤੀ ਲਈ ਵੀ ਵੱਖ-ਵੱਖ ਸਮੇਂ ਤੇ ਮੈਡੀਕਲ ਕੈਂਪ ਲਗਾਏ ਜਾਂਦੇ ਹਨ। ਇਸੇ ਤਰ੍ਹਾਂ ਬੀਤੇ ਦਿਨੀਂ ਵੀ ਇਸ ਸੰਸਥਾ ਵਿੱਚ ਅੱਖਾਂ ਦਾ ਚੈੱਕ- ਅਪ ਕੈਂਪ ਲਾਇਆ ਗਿਆ। ਜਿਸ ਅਧੀਨ ਦੂਸਰੀ ਜਮਾਤ ਤੋਂ ਪੰਜਵੀਂ ਜਮਾਤ ਦੇ ਵਿਦਿਆਰਥੀਆਂ ਦੀਆਂ ਅੱਖਾਂ ਦੀ ਜਾਂਚ ਕੀਤੀ ਗਈ।ਇਸ ਕੈਂਪ ਵਿੱਚ ਲਗਭਗ 650 ਵਿਦਿਆਰਥੀਆਂ ਦਾ ਅੱਖਾਂ ਦਾ ਚੈੱਕ-ਅਪ ਕੀਤਾ ਗਿਆ, ਜਿਸ ਦੌਰਾਨ ਵਿਦਿਆਰਥੀਆਂ ਨੂੰ ਅੱਖਾਂ ਦੀ ਵਿਸ਼ੇਸ਼ ਸੰਭਾਲ ਕਰਨ ਦੀ ਸਲਾਹ ਦਿੱਤੀ ਗਈ। ਜ਼ਿਕਰ ਯੋਗ ਹੈ ਕਿ ਸਕੂਲ ਦੇ ਸਟਾਫ਼ ਮੈਂਬਰ ਦੀਆਂ ਅੱਖਾਂ ਦਾ ਵੀ ਚੈਕ-ਅਪ ਕੀਤਾ ਗਿਆ।
ਵਿਦਿਆਰਥੀਆਂ ਦੀਆਂ ਅੱਖਾਂ ਦਾ ਚੈੱਕ-ਅਪ ਕਰਨ ਪਹੁੰਚੀ ਰੋਟਰੀ ਕਲੱਬ ਦੇ ਮੈਂਬਰ ਕਲੱਬ ਪ੍ਰਧਾਨ ਦਵਿੰਦਰ ਸਿੰਘ (ਪੰਜਾਬ ਮੋਟਰਜ਼) , ਕੇ.ਪੀ. ਸਿੰਘ ਸਰਾਂ ਅਤੇ ਉਨਾਂ ਦੀ ਸਮੁੱਚੀ ਡਾਕਟਰੀ ਟੀਮ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕੀ ਤੁਹਾਨੂੰ ਮੋਬਾਈਲ ਦੀ ਘੱਟ ਤੋਂ ਘੱਟ ਵਰਤੋਂ ਕਰਨੀ ਚਾਹੀਦੀ ਹੈ ਅਤੇ ਟੀਵੀ ਦੇਖਣ ਸਮੇਂ ਵੀ ਦੂਰੀ ਬਣਾਈ ਰੱਖਣਾ ਜਰੂਰੀ ਹੈ। ਉਹਨਾਂ ਨੇ ਕਿਹਾ ਕਿ ਅੱਖਾਂ ਦੀ ਤੰਦਰੁਸਤੀ ਲਈ ਹਰੀਆਂ ਸਬਜ਼ੀਆਂ ਦਾ ਸੇਵਨ ਕਰਨਾ ਚਾਹੀਦਾ ਹੈ ਅਤੇ ਘੱਟੋ-ਘੱਟ ਦਿਨ ਵਿੱਚ ਤਿੰਨ ਵਾਰ ਠੰਡੇ ਪਾਣੀ ਦੇ ਛਿੱਟੇ ਅੱਖਾਂ ਵਿੱਚ ਮਾਰਨੇ ਚਾਹੀਦੇ ਹਨ।
ਸਕੂਲ ਦੇ ਪ੍ਰਿੰਸੀਪਲ ਰੂਪ ਲਾਲ ਬਾਂਸਲ ਨੇ ਵੀ ਵਿਦਿਆਰਥੀਆਂ ਨੂੰ ਕਿਹਾ ਕਿ ਅੱਖਾਂ ਕੁਦਰਤ ਦੀ ਬੇਸ਼ਕੀਮਤੀ ਨਿਆਮਤ ਹਨ। ਇਹਨਾਂ ਦੀ ਸੰਭਾਲ ਕਰਨਾ ਸਾਡੀ ਜਿੰਮੇਵਾਰੀ ਹੈ। ਉਨਾਂ ਨੇ ਵੀ ਅੱਖਾਂ ਦੀ ਤੰਦਰੁਸਤੀ ਲਈ ਸਵੇਰੇ ਉੱਠ ਕੇ ਨੰਗੇ ਪੈਰੀ ਘਾਹ ਉੱਤੇ ਤੁਰਨ ਦਾ ਨੁਸਖਾ ਸਾਂਝਾ ਕੀਤਾ। ਅੰਤ ਵਿੱਚ ਪ੍ਰਿੰਸੀਪਲ ਜੀ ਨੇ ਬਾਹਰੋਂ ਆਈ ਸਮੁੱਚੀ ਟੀਮ ਦਾ ਧੰਨਵਾਦ ਕੀਤਾ ਜਿਨਾਂ ਨੇ ਆਪਣਾ ਕੀਮਤੀ ਸਮਾਂ ਇਹਨਾਂ ਵਿਦਿਆਰਥੀਆਂ ਨੂੰ ਦਿੱਤਾ।
ਇਸ ਸਮੇਂ ਪ੍ਰਬੰਧਕ ਕਮੇਟੀ ਦੇ ਸਰਪ੍ਰਸਤ ਸ. ਹਰਦੇਵ ਸਿੰਘ ਬਰਾੜ (ਸਾਬਕਾ ਚੇਅਰਮੈਨ), ਹਰਗੁਰਪ੍ਰੀਤ ਸਿੰਘ ਗਗਨ ਬਰਾੜ (ਚੇਅਰਮੈਨ), ਗੁਰਮੀਤ ਸਿੰਘ ਗਿੱਲ (ਪ੍ਰਧਾਨ), ਪਰਮਪਾਲ ਸਿੰਘ ‘ਸ਼ੈਰੀ ਢਿੱਲੋਂ’ (ਵਾਈਸ ਚੇਅਰਮੈਨ), ਰਾਜਵਿੰਦਰ ਸਿੰਘ ਸੋਢੀ (ਜਨਰਲ ਸਕੱਤਰ), ਗੁਰਮੀਤ ਸਿੰਘ ਗਿੱਲ (ਸਰਪੰਚ) , ਕੁਆਰਡੀਨੇਟਰ ਅਤੇ ਅਧਿਆਪਕ ਵੀ ਮੌਜੂਦ ਸਨ।