ਨਬਾਲਿਗ ਲੜਕੀ ਦੇ ਅਗਵਾ ਮਾਮਲੇ 'ਚ ਖੇਤ ਮਜ਼ਦੂਰਾਂ ਵੱਲੋਂ ਕਿੱਲਿਆਂਵਾਲੀ ਥਾਣੇ ਅੱਗੇ ਧਰਨੇ ਦਾ ਐਲਾਨ
ਸਿਆਸੀ ਅਸਰ ਰਸੂਖ ਕਾਰਨ ਪੁਲੀਸ ਵੱਲੋਂ ਢੁਕਵੀਆਂ ਧਰਾਵਾਂ ਨਾਂ ਲਾਉਣ ਦੇ ਦੋਸ਼
ਅਸ਼ੋਕ ਵਰਮਾ
ਲੰਬੀ , 2 ਅਗਸਤ 2026: ਮੰਡੀ ਕਿੱਲਿਆਂਵਾਲੀ ਵਿਖੇ ਰਹਿੰਦੇ ਮਜ਼ਦੂਰ ਪਰਿਵਾਰ ਦੀ ਲਾਪਤਾ ਨਾਬਾਲਗ ਲੜਕੀ ਸਬੰਧੀ ਪੀੜਤ ਪਰਿਵਾਰ ਵੱਲੋਂ ਥਾਣਾ ਕਿੱਲਿਆਂਵਾਲੀ ਵਿਖੇ ਇੱਕ ਕਾਂਗਰਸੀ ਆਗੂ ਦੇ ਪੁੱਤਰ ਨਵਜੋਤ ਸਿੰਘ ਖਿਲਾਫ਼ ਸ਼ਿਕਾਇਤ ਦੇਣ ਦੇ ਬਾਵਜੂਦ ਪੁਲਿਸ ਵੱਲੋਂ ਸਿਆਸੀ ਦਬਾਅ ਕਾਰਨ ਢੁਕਵੀਂ ਕਾਰਵਾਈ ਨਾਂ ਕਰਨ ਦਾ ਦੋਸ਼ ਲਾਉਂਦਿਆਂ ਪੰਜਾਬ ਖੇਤ ਮਜ਼ਦੂਰ ਯੂਨੀਅਨ ਨੇ ਸੰਘਰਸ਼ ਵਿੱਢਣ ਦਾ ਐਲਾਨ ਕਰ ਦਿੱਤਾ । ਯੂਨੀਅਨ ਦੇ ਬਲਾਕ ਪ੍ਰਧਾਨ ਕਾਲ਼ਾ ਸਿੰਘ ਸਿੰਘੇਵਾਲਾ ਤੇ ਬਲਾਕ ਸਕੱਤਰ ਰਾਮਪਾਲ ਗੱਗੜ ਨੇ ਜ਼ਾਰੀ ਕੀਤੇ ਬਿਆਨ ਰਾਹੀਂ ਦੱਸਿਆ ਕਿ ਇਸ ਮਾਮਲੇ ਨੂੰ ਲੈ ਕੇ ਜਥੇਬੰਦੀ ਵੱਲੋਂ 3 ਅਗਸਤ ਨੂੰ ਪੁਲਿਸ ਥਾਣਾ ਮੰਡੀ ਕਿੱਲਿਆਂਵਾਲੀ ਵਿਖੇ ਧਰਨਾ ਦਿੱਤਾ ਜਾਵੇਗਾ।
ਮਜ਼ਦੂਰ ਆਗੂਆਂ ਨੇ ਦੋਸ਼ ਲਾਇਆ ਕਿ ਪੀੜਤ ਪਰਿਵਾਰ ਵੱਲੋਂ ਕੀਤੀ ਸ਼ਿਕਾਇਤ 'ਤੇ ਭਾਵੇਂ ਪੁਲਿਸ ਨੇ ਕਾਂਗਰਸੀ ਆਗੂ ਗੁਰਜੰਟ ਸਿੰਘ ਬਰਾੜ ਦੇ ਪੁੱਤਰ ਨਵਜੋਤ ਸਿੰਘ ਨਿੱਪੀ ਖਿਲਾਫ ਐਫ ਆਈ ਆਰ ਨੰਬਰ 241 ਤਾਂ ਦਰਜ਼ ਕਰ ਲਈ ਪਰ ਉਸਦੇ ਪਿਤਾ ਦੇ ਸਿਆਸੀ ਤੇ ਵਿੱਤੀ ਅਸਰ ਰਸੂਖ ਕਾਰਨ ਪੁਲੀਸ ਵੱਲੋਂ ਜਾਣਬੁੱਝ ਕੇ ਬਣਦੀਆਂ ਧਾਰਾਵਾਂ ਨਹੀਂ ਲਾਈਆਂ ਗਈਆਂ ਅਤੇ ਨਾਂ ਹੀ ਦਿੱਤੇ ਬਿਆਨਾਂ ਨੂੰ ਠੀਕ ਢੰਗ ਨਾਲ ਦਰਜ਼ ਕੀਤਾ ਗਿਆ। ਉਹਨਾਂ ਪੀੜਤ ਪਰਿਵਾਰ ਦੇ ਹਵਾਲੇ ਨਾਲ ਦੱਸਿਆ ਕਿ ਕਿ ਮਜ਼ਦੂਰ ਪਰਿਵਾਰ ਦੀ ਨਬਾਲਗ ਲੜਕੀ 28 ਜੁਲਾਈ ਨੂੰ ਕਾਂਗਰਸੀ ਆਗੂ ਗੁਰਜੰਟ ਸਿੰਘ ਦੇ ਘਰ ਕੰਮ ਕਰਨ ਗਈ ਪਰ ਵਾਪਸ ਨਹੀਂ ਆਈ ਸੀ।
ਖੇਤ ਮਜ਼ਦੂਰ ਆਗੂਆਂ ਨੇ ਵੀ ਇਹ ਦੋਸ਼ ਲਾਇਆ ਕਿ ਪੁਲਿਸ ਵੱਲੋਂ ਲਾਪਤਾ ਨਾਬਾਲਗ ਮਜ਼ਦੂਰ ਲੜਕੀ ਨੂੰ ਲੱਭਣ ਵਿੱਚ ਕੋਈ ਦਿਲਚਸਪੀ ਨਹੀਂ ਲਈ ਜਾ ਰਹੀ ਅਤੇ ਜਥੇਬੰਦੀ ਵੱਲੋਂ ਥਾਣਾ ਕਿੱਲਿਆਂਵਾਲੀ ਵਿਖੇ ਮਿਲਣ ਗਏ ਵਫ਼ਦ ਨੂੰ ਵੀ ਕੋਈ ਢੁਕਵਾਂ ਜਵਾਬ ਨਹੀਂ ਦਿੱਤਾ ਗਿਆ। ਉਹਨਾਂ ਮੰਗ ਕੀਤੀ ਕਿ ਨਾਬਾਲਗ ਲੜਕੀ ਅਤੇ ਉਸਨੂੰ ਅਗਵਾ ਕਰਕੇ ਕੇ ਲਿਜਾਣ ਵਾਲੇ ਕਥਿਤ ਦੋਸ਼ੀ ਨਵਜੋਤ ਨਿੱਪੀ ਨੂੰ ਫੌਰੀ ਲੱਭਿਆ ਜਾਵੇ ਅਤੇ ਦਰਜ਼ ਕੀਤੀ ਐਫ ਆਈ ਆਰ 'ਚ ਐਸ ਸੀ /ਐਸ ਟੀ ਐਕਟ ਅਤੇ ਪੋਕਸੋ ਐਕਟ ਸਮੇਤ ਬਣਦੀਆਂ ਧਾਰਾਵਾਂ ਦਰਜ਼ ਕੀਤੀਆਂ ਜਾਣ।