ਬੱਸੀ ਪਠਾਣਾ ਤੋਂ ਭਾਜਪਾ ਦੇ ਸੀਨੀਅਰ ਆਗੂ ਬਲਦੇਵ ਸਿੰਘ ਚੋਰ ਵਾਲਾ ਨੇ ਜਤਾਈ ਦਾਵੇਦਾਰੀ
ਪਾਰਟੀ ਹਾਈਕਮਾਂਡ ਅੱਗੇ ਪੇਸ਼ ਕੀਤੀ ਉਮੀਦਵਾਰੀ, ਹਲਕੇ ਦੇ ਸਰਬਪੱਖੀ ਵਿਕਾਸ ਦਾ ਦਿੱਤਾ ਭਰੋਸਾ
ਗੁਰਪ੍ਰੀਤ ਸਿੰਘ ਜਖਵਾਲੀ।
ਫ਼ਤਹਿਗੜ੍ਹ ਸਾਹਿਬ 02 ਅਗਸਤ 2026:- ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਸੀਨੀਅਰ ਆਗੂ ਬਲਦੇਵ ਸਿੰਘ ਚੋਰ ਵਾਲਾ ਨੇ ਵਿਧਾਨ ਸਭਾ ਹਲਕਾ ਬੱਸੀ ਪਠਾਣਾ ਤੋਂ ਪਾਰਟੀ ਟਿਕਟ ਲਈ ਆਪਣੀ ਦਾਵੇਦਾਰੀ ਪੇਸ਼ ਕੀਤੀ ਹੈ। ਇਸ ਸਬੰਧੀ ਹਲਕੇ ਦੇ ਭਾਜਪਾ ਵਰਕਰਾਂ ਅਤੇ ਸਮਰਥਕਾਂ ਨਾਲ ਹੋਈ ਇੱਕ ਵਿਸ਼ੇਸ਼ ਮੀਟਿੰਗ ਦੌਰਾਨ ਉਨ੍ਹਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਹ ਲੰਮੇ ਸਮੇਂ ਤੋਂ ਪਾਰਟੀ ਦੀ ਮਜ਼ਬੂਤੀ ਅਤੇ ਲੋਕ ਸੇਵਾ ਲਈ ਸਮਰਪਿਤ ਭਾਵਨਾ ਨਾਲ ਕੰਮ ਕਰ ਰਹੇ ਹਨ।
ਬਲਦੇਵ ਸਿੰਘ ਚੋਰ ਵਾਲਾ ਨੇ ਕਿਹਾ ਕਿ ਬੱਸੀ ਪਠਾਣਾ ਹਲਕੇ ਦੇ ਲੋਕ ਅਜੇ ਵੀ ਬੁਨਿਆਦੀ ਸਹੂਲਤਾਂ ਦੀ ਘਾਟ, ਬੇਰੁਜ਼ਗਾਰੀ ਅਤੇ ਵਿਕਾਸ ਕਾਰਜਾਂ ਦੀ ਧੀਮੀ ਰਫ਼ਤਾਰ ਵਰਗੀਆਂ ਸਮੱਸਿਆਵਾਂ ਨਾਲ ਜੂਝ ਰਹੇ ਹਨ। ਉਨ੍ਹਾਂ ਦੋਸ਼ ਲਾਇਆ ਕਿ ਮੌਜੂਦਾ ਅਤੇ ਪਿਛਲੀਆਂ ਸਰਕਾਰਾਂ ਨੇ ਹਲਕੇ ਦੇ ਸਰਬਪੱਖੀ ਵਿਕਾਸ ਵੱਲ ਲੋੜੀਂਦਾ ਧਿਆਨ ਨਹੀਂ ਦਿੱਤਾ।
ਉਨ੍ਹਾਂ ਕਿਹਾ ਕਿ ਜੇਕਰ ਪਾਰਟੀ ਹਾਈਕਮਾਂਡ ਉਨ੍ਹਾਂ 'ਤੇ ਭਰੋਸਾ ਜਤਾਉਂਦੀ ਹੈ ਤਾਂ ਉਹ ਹਲਕੇ ਵਿੱਚ ਉਦਯੋਗਿਕ ਵਿਕਾਸ ਨੂੰ ਉਤਸ਼ਾਹਿਤ ਕਰਨ, ਸਿਹਤ ਸਹੂਲਤਾਂ ਵਿੱਚ ਸੁਧਾਰ ਲਿਆਉਣ ਅਤੇ ਨੌਜਵਾਨਾਂ ਲਈ ਰੁਜ਼ਗਾਰ ਦੇ ਨਵੇਂ ਮੌਕੇ ਪੈਦਾ ਕਰਨ ਨੂੰ ਪਹਿਲ ਦੇਣਗੇ। ਉਨ੍ਹਾਂ ਕਿਹਾ ਕਿ ਲੋਕਾਂ ਦੀਆਂ ਸਮੱਸਿਆਵਾਂ ਦਾ ਹੱਲ ਕਰਨਾ ਅਤੇ ਵਿਕਾਸ ਨੂੰ ਤੇਜ਼ੀ ਨਾਲ ਅੱਗੇ ਵਧਾਉਣਾ ਉਨ੍ਹਾਂ ਦੀ ਮੁੱਖ ਤਰਜੀਹ ਹੋਵੇਗੀ।
ਬਲਦੇਵ ਸਿੰਘ ਚੋਰ ਵਾਲਾ ਨੇ ਅੱਗੇ ਕਿਹਾ ਕਿ ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀਆਂ ਲੋਕ-ਹਿੱਤੂ ਨੀਤੀਆਂ ਅਤੇ ਕੇਂਦਰ ਸਰਕਾਰ ਦੀਆਂ ਜਨ-ਕਲਿਆਣਕਾਰੀ ਯੋਜਨਾਵਾਂ ਨੂੰ ਘਰ-ਘਰ ਤੱਕ ਪਹੁੰਚਾਉਣ ਲਈ ਲਗਾਤਾਰ ਯਤਨਸ਼ੀਲ ਹਨ। ਉਨ੍ਹਾਂ ਦਾਅਵਾ ਕੀਤਾ ਕਿ ਇਲਾਕੇ ਦੇ ਲੋਕਾਂ ਦਾ ਭਾਰਤੀ ਜਨਤਾ ਪਾਰਟੀ ਪ੍ਰਤੀ ਵਿਸ਼ਵਾਸ ਲਗਾਤਾਰ ਵੱਧ ਰਿਹਾ ਹੈ ਅਤੇ ਪਾਰਟੀ ਵਰਕਰ ਜ਼ਮੀਨੀ ਪੱਧਰ 'ਤੇ ਸੰਗਠਨ ਨੂੰ ਹੋਰ ਮਜ਼ਬੂਤ ਕਰਨ ਲਈ ਪੂਰੀ ਤਨਦੇਹੀ ਨਾਲ ਕੰਮ ਕਰ ਰਹੇ ਹਨ।