ਜਨਤਕ ਜਥੇਬੰਦੀਆਂ ਵੱਲੋਂ ਕਿਸਾਨ ਆਗੂ ਦਰਸ਼ਨ ਸਿੰਘ ਮਾਈਸਰਖਾਨਾ ਨੂੰ ਸੰਗਰਾਮੀ ਸ਼ਰਧਾਂਜਲੀਆਂ
ਅਸ਼ੋਕ ਵਰਮਾ
ਮੌੜ ਮੰਡੀ, 30 ਜੂਨ 2026 : ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਜਿਲਾ ਆਗੂ ਦਰਸ਼ਨ ਸਿੰਘ ਮਾਈਸਰਖਾਨਾ ਦਾ ਅੱਜ ਪਿੰਡ ਦੇ ਗੁਰਦੁਆਰਾ ਸਾਹਿਬ ਵਿਖੇ ਸ਼ਰਧਾਂਜਲੀ ਸਮਾਗਮ ਕਰਵਾਇਆ ਗਿਆ। ਇਸ ਤੋਂ ਪਹਿਲਾਂ ਉਸ ਦੇ ਨਮਿੱਤ ਰੱਖੇ ਗਏ ਸਹਿਜ ਪਾਠ ਦੇ ਭੋਗ ਪਾਏ ਗਏ। ਇਸ ਮੌਕੇ ਇਕੱਠ ਨੂੰ ਸੰਬੋਧਨ ਕਰਦਿਆਂ ਜ਼ਿਲ੍ਹਾ ਪ੍ਰਧਾਨ ਸ਼ਿੰਗਾਰਾ ਸਿੰਘ ਮਾਨ ਨੇ ਕਿਹਾ ਕਿ ਦਰਸ਼ਨ ਸਿੰਘ ਨੂੰ ਅਸਲ ਵਿੱਚ ਸ਼ਰਧਾਂਜਲੀ ਇਹ ਹੈ ਕਿ ਉਹਨਾਂ ਦੇ ਅਧੂਰੇ ਕੰਮ ਨੂੰ ਪੂਰਾ ਕਰੀਏ। ਉਹ ਹਮੇਸ਼ਾ ਸਰਮਾਏਦਾਰ ਵੱਲੋਂ ਗਰੀਬਾਂ ਲੋਕਾਂ ਦੀ ਕੀਤੀ ਜਾ ਰਹੀ ਲੁੱਟ ਖਿਲਾਫ ਆਵਾਜ਼ ਬੁਲੰਦ ਕਰਦਾ ਸੀ। ਅੱਜ ਦੇਸ਼ ਦੇ ਹਾਕਮ ਅਮਰੀਕਾ ਨਾਲ ਮੁਫਤ ਵਪਾਰ ਸਮਝੌਤਾ ਕਰਕੇ ਉਥੋਂ ਦਾ ਅਨਾਜ ਤੇ ਹੋਰ ਚੀਜ਼ਾਂ ਸਾਡੇ ਦੇਸ਼ ਵਿੱਚ ਸਸਤੀਆਂ ਲਿਆ ਕੇ ਵੇਚਣਗੇ ਜਿਸ ਕਰਕੇ ਸਾਡੇ ਦੇਸ਼ ਦੇ ਅਨਾਜ, ਦੁੱਧ, ਮੀਟ ਅਤੇ ਹੋਰ ਵਸਤਾਂ ਮੰਡੀਆਂ ਵਿੱਚ ਰੁਲਣਗੀਆਂ। ਇਸ ਦਾ ਡੱਟ ਕੇ ਵਿਰੋਧ ਕਰੀਏ।
ਨੌਜਵਾਨ ਭਾਰਤ ਸਭਾ ਦੇ ਆਗੂ ਸਰਬਜੀਤ ਮੌੜ ਨੇ ਕਿਹਾ ਕਿ ਜਦੋਂ ਵੀ ਨੌਜਵਾਨਾਂ ਤੇ ਵਿਦਿਆਰਥੀਆਂ ਨੇ ਆਪਣੇ ਹੱਕੀ ਸੰਘਰਸ਼ ਲਈ ਸੱਦਾ ਦਿੱਤਾ ਤਾਂ ਦਰਸ਼ਨ ਸਿੰਘ ਨੇ ਉਹਨਾਂ ਦੇ ਮੋਢੇ ਨਾਲ ਮੋਢਾ ਲਾ ਕੇ ਸਾਥ ਦਿੱਤਾ ਕਿਉਂਕਿ ਦਰਸ਼ਨ ਸਿੰਘ ਭਗਤ ਸਿੰਘ ਦੇ ਸੁਪਨਿਆਂ ਦਾ ਰਾਜ ਹਾਮੀ ਸੀ।ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਸੂਬਾ ਪ੍ਰਧਾਨ ਜੋਰਾ ਸਿੰਘ ਨਸਰਾਲੀ ਨੇ ਕਿਹਾ ਕਿ ਜਦੋਂ ਵੀ ਮਜ਼ਦੂਰਾਂ ਨੂੰ ਕਿਤੇ ਸੰਘਰਸ਼ ਵੇਲੈ ਲੋੜ ਹੁੰਦੀ ਸੀ ਤਾਂ ਪਿੰਡ ਅਤੇ ਬਲਾਕ ਦੇ ਪਿੰਡਾਂ ਵਿੱਚ ਦਰਸ਼ਨ ਸਿੰਘ ਨੇ ਮਜ਼ਦੂਰਾਂ ਨੂੰ ਜਥੇਬੰਦੀ ਬਣਾਉਣ ਲਈ ਪ੍ਰੇਰਿਤ ਕਰਦਾ ਸੀ। ਲੋਕ ਮੋਰਚਾ ਪੰਜਾਬ ਦੇ ਸੂਬਾ ਸਕੱਤਰ ਜਗਮੇਲ ਸਿੰਘ ਨੇ ਦਰਸ਼ਨ ਸਿੰਘ ਨੂੰ ਸ਼ਰਧਾਂਜਲੀ ਭੇਂਟ ਕਰਦਿਆਂ ਕਿਹਾ ਕਿ ਇਥੋਂ ਦਾ ਰਾਜ ਪ੍ਰਬੰਧ ਦੇਸ਼ ਦੇ ਸਾਰੇ ਕਿਰਤੀ ਲੋਕਾਂ ਦੇ ਵਿਰੁੱਧ ਭੁਗਤ ਰਿਹਾ ਹੈ ਦਰਸ਼ਨ ਸਿੰਘ ਇਸ ਰਾਜ ਪ੍ਰਬੰਧ ਨੂੰ ਹਮੇਸ਼ਾ ਬਦਲਣ ਦੀ ਗੱਲ ਕਰਦਾ ਸੀ। ਇਸ ਮੌਕੇ ਸਟੇਜ ਦਾ ਸੰਚਾਲਨ ਕਰਦਿਆਂ ਜ਼ਿਲ੍ਹਾ ਜਨਰਲ ਸਕੱਤਰ ਹਰਜਿੰਦਰ ਸਿੰਘ ਬੱਗੀ ਨੇ ਦਰਸ਼ਨ ਸਿੰਘ ਨਾਲ ਬਿਤਾਏ ਆਪਣੀ ਜ਼ਿੰਦਗੀ ਦੇ ਤਿੰਨ ਦਹਾਕਿਆਂ ਦੀ ਗੱਲ ਕਰਦਿਆਂ ਕਿਹਾ ਕਿ ਦਰਸਨ ਮਿਲਣ ਸਾਰ ਸੁਭਾਅ ਦਾ ਸੀ ਪਰ ਉਹ ਹਰ ਗੱਲ ਨਿਰਪੱਖ ਤੇ ਨਿਧੜਕ ਹੋ ਕੇ ਕਹਿੰਦਾ ਸੀ। ਉਹਨਾਂ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਅਤੇ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ (ਧਨੇਰ) ਵੱਲੋਂ ਸੱਦਾ ਦਿੰਦਿਆਂ ਕਿਹਾ ਕਿ ਅਮਰੀਕਾ ਨਾਲ ਮੁਫਤ ਵਪਾਰ ਸਮਝੌਤਾ ਰੱਦ ਕਰਾਉਣ ਅਤੇ ਇਰਾਨ ਖਿਲਾਫ ਛੇੜੀ ਜੰਗ ਨੂੰ ਬੰਦ ਕਰਾਉਣ ਦੇ ਵਿਰੋਧ ਵਿੱਚ ਅਤੇ ਹੋਰਨਾਂ ਮੰਗਾਂ ਲਈ ਜੋ ਚਾਰ ਜੁਲਾਈ ਨੂੰ ਚੰਡੀਗੜ੍ਹ ਧਰਨਾ ਤੇ ਮੁਜਾਹਰਾ ਕਰਨਾ ਸੀ ਉਹ ਜਥੇਬੰਦੀਆਂ ਦੇ ਰੁਝੇਵਿਆਂ ਕਾਰਨ ਬਦਲ ਕੇ 10 ਜੁਲਾਈ ਦਾ ਹੋ ਗਿਆ ਹੈ।
ਉਹਨਾਂ ਅਪੀਲ ਕੀਤੀ ਕਿ ਚੰਡੀਗੜ੍ਹ ਵੱਧ ਤੋਂ ਵੱਧ ਸ਼ਮੂਲੀਅਤ ਕੀਤੀ ਜਾਵੇ। ਅੱਜ ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਮਾਨਸਾ ਦੇ ਵਿੱਚ ਪ੍ਰਧਾਨ ਰਾਮ ਸਿੰਘ ਭੈਣੀ ਬਾਘਾ,ਜਨਰਲ ਸਕੱਤਰ ਇੰਦਰਜੀਤ ਸਿੰਘ ਝੱਬਰ ਸਮੇਤ ਬਠਿੰਡਾ ਅਤੇ ਮਾਨਸਾ ਜਿਲਿਆਂ ਤੋਂ ਆਗੂ, ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ (ਬੁਰਜਗਿਲ) ਤੋਂ ਰਾਜਵਿੰਦਰ ਸਿੰਘ ਕੋਟਭਾਰਾ, ਡਾਕਟਰ ਨੌਹਰ ਚੰਦ, ਔਰਤ ਜਥੇਬੰਦੀ ਦੇ ਆਗੂ ਹਰਪ੍ਰੀਤ ਕੌਰ ਜੇਠੂਕੇ ਤੇ ਪਰਮਜੀਤ ਕੌਰ ਪਿੱਥੋ, ਸਮੇਤ ਵੱਖ ਵੱਖ ਜਥੇਬੰਦੀਆਂ ਦੇ ਆਗੂ ਵਰਕਰ ਸ਼ਾਮਲ ਸਨ। ਅੱਜ ਦੀ ਸਟੇਜ ਤੋਂ ਮਾਈਸਰਖਾਨਾ ਗੁਰਦੁਆਰਾ ਸਾਹਿਬ ਦੀ ਸਮੂਹ ਕਮੇਟੀ ਅਤੇ ਗ੍ਰੰਥੀ ਸਿੰਘ ਦਾ ਇਸ ਪ੍ਰੋਗਰਾਮ ਵਿੱਚ ਯੋਗਦਾਨ ਤੇ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ ਗਿਆ।