ਸਿਖਲਾਈ ਕੈਂਪ ’ਚ ਸਵੈਰੁਜ਼ਗਾਰ ਦੀ ਗੰਗਾ ਵਗਣ ਨਾਲ ਸੁਧਰੇਗੀ ਘਰੇਲੂ ਆਰਥਿਕਤਾ
ਅਸ਼ੋਕ ਵਰਮਾ
ਬਠਿੰਡਾ, 28 ਮਈ 2026 : ਸਮਾਜ ਸੇਵਾ ਦੇ ਵਿੱਚ ਤੇ ਔਰਤਾਂ ਦੇ ਸਰਵਪੱਖੀ ਵਿਕਾਸ ਦੇ ਲਈ ਸਦਾ ਤਤਪਰ ਰਹਿਣ ਵਾਲੀ ਸਮਾਜ ਸੇਵੀ ਵੀਨੂ ਗੋਇਲ ਵੱਲੋਂ ਹਰ ਸਾਲ ਦੀ ਤਰ੍ਹਾਂ ਇਹ ਸਾਲ ਵੀ ਆਤਮ ਨਿਰਭਰ ਭਾਰਤ ਦਾ ਸਪਨਾ ਸਕਾਰ ਕਰਨ ਦੀ ਨੀਤੀ ਤਹਿਤ ਔਰਤਾਂ ਅਤੇ ਲੜਕੀਆਂ ਲਈ ਸਿਖਲਾਈ ਕੈਂਪ ਲਾਇਆ ਜਾ ਰਿਹਾ ਹੈ ਜੋ ਸਵੈਰੁਜ਼ਗਾਰ ਲਈ ਰਾਹ ਪੱਧਰਾ ਕਰੇਗਾ। ਲਗਾਤਾਰ 21 ਦਿਨ ਤੱਕ ਚੱਲਣ ਵਾਲੇ ਇਸ ਕੈਂਪ ਦੌਰਾਨ ਕੰਮ ਕਾਜੀ ਧੰਦਿਆਂ ਦੀ ਮੁਫਤ ਸਿਖਲਾਈ ਦਿੱਤੀ ਜਾਏਗੀ। ਸਮਾਜਿਕ ਆਗੂ ਵੀਨੂੰ ਗੋਇਲ ਨੇ ਦੱਸਿਆ ਕਿ ਸਕੂਲਾਂ ’ਚ ਛੁੱਟੀਆਂ ਹੋਣ ਕਾਰਨ ਜੂਨ ਮਹੀਨੇ ਦੀ ਚੋਣ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਇਸ ਕੈਂਪ ਵਿੱਚ ਹਰ ਉਮਰ ਦੀਆਂ ਲੜਕੀਆਂ ਤੇ ਔਰਤਾਂ ਭਾਗ ਲੈਕੇ ਆਪਣਾ ਭਵਿੱਖ ਸੰਵਾਰਨ ਤੋਂ ਇਲਾਵਾ ਆਪਣੀ ਕਬੀਲਦਾਰੀ ਨੂੰ ਚਲਾਉਣ ’ਚ ਅਹਿਮ ਯੋਗਦਾਨ ਪਾ ਸਕਦੀਆਂ ਹਨ।
ਇਹ ਕੈਂਪ ਆਦਰਸ਼ ਸਰਕਾਰੀ ਸਕੂਲ ਕੈਨਾਲ ਕਲੋਨੀ ਠੰਡੀ ਸੜਕ ਬਠਿੰਡਾ(ਸਵੇਰੇ 8 ਤੋਂ 10 ਵਜੇ ਤੱਕ, ਦੇਸਰਾਜ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ , ਨੇੜੇ ਕਿਲਾ ਰੋਡ ਬਠਿੰਡਾ(ਸਵੇਰੇ 9 ਵਜੇ ਤੋਂ ਸਵੇਰੇ 11 ਵਜੇ ਤੱਕ), ਅਤੇ ਸਰਕਾਰੀ ਸੀਨੀਅਰ ਸੈਕੈਂਡਰੀ ਸਕੂਲ ਸੰਜੇ ਨਗਰ ਬਠਿੰਡਾ(ਸਵੇਰੇ 10 ਵਜੇ ਤੋਂ ਦੁਪਹਿਰ 12 ਵਜੇ ਤੱਕ) ਤਿੰਨ ਥਾਵਾਂ ’ਤੇ ਲਾਇਆ ਜਾਣਾ ਹੈ। ਇਸ ਦੌਰਾਨ ਮੁਫਤ ਸਿਲਾਈ, ਕਢਾਈ, ਡਿਜੀਟਲ, ਬੇਸਿਕ ਇੰਗਲਿਸ਼ ਸਪੀਕਿੰਗ, ਪਬਲਿਕ ਸਪੀਕਿੰਗ, ਪਰਸਨੈਲਿਟੀ ਡਿਵੈਲਪਮੈਂਟ, ਬਿਊਟੀਸ਼ਨ ਫੈਬਰਿਕ ਪੇਂਟਿੰਗ, ਬਲੌਕ ਪ੍ਰਿੰਟਿੰਗ ਅਤੇ ਟਾਈ ਐਂਡ ਆਈ ਆਦਿ ਕੋਰਸਾਂ ਦੀ ਸਿਖਲਾਈ ਦਿੱਤੀ ਜਾਏਗੀ। ਉਨ੍ਹਾਂ ਦੱਸਿਆ ਕਿ ਹੁਣ ਤੱਕ ਦੇ 26 ਸਾਲਾਂ ਦੌਰਾਨ 34 ਹਜ਼ਾਰ ਤੋਂ ਵੱਧ ਲਾਭਪਾਤਰੀਆਂ ਵੱਲੋਂ ਮੂਫਤ ਸਿਖਲਾਈ ਕੈਂਪਾਂ ਦਾ ਲਾਹਾ ਲਿਆ ਜਾ ਚੁੱਕਿਆ ਹੈ।
ਉਨ੍ਹਾਂ ਦੱਸਿਆ ਕਿ ਉਨ੍ਹਾਂ ਨੂੰ ਪੂਰੀ ਪੂਰੀ ਉਮੀਦ ਹੈ ਕਿ ਕਿ ਇਹ ਕੈਂਪ ਵੀ ਪਿਛੋਕੜ ਦੀ ਤਰਾਂ ਔਰਤਾਂ ਲਈ ਸਵੈਰੁਜ਼ਗਾਰ ਦੇ ਰਾਹ ਪੱਧਰੇ ਕਰਨ ਦੇ ਨਾਲ ਨਾਲ ਘਰੇਲੂ ਆਰਥਿਕਤਾ ਨੂੰ ਮਜਬੂਤ ਕਰਨ ਵਾਲਾ ਸਿੱਧ ਹੋਵੇਗਾ। ਉਨ੍ਹਾਂ ਲੋੜਵੰਦ ਲੜਕੀਆਂ ਅਤੇ ਔਰਤਾਂ ਨੂੰ ਇਸ ਕੈਂਪ ਦਾ ਪੂਰਾ ਪੂਰਾ ਲਾਹਾ ਲੈਣ ਲਈ ਇਸ ਸਿਖਲਾਈ ਪ੍ਰੋਗਰਾਮ ’ਚ ਸ਼ਮੂਲੀਅਤ ਦਾ ਸੱਦਾ ਵੀ ਦਿੱਤਾ। ਇਸ ਮੌਕੇ ਮੈਡਮ ਸ਼ਾਰਦਾ , ਪਿੰਕੀ ਰਾਣੀ, ਵਨੀਤਾ ਰਾਣੀ, ਵੀਰਪਾਲ ਕੌਰ, ਰੀਨਾ ਰਾਣੀ, ਮਨਜੀਤ ਕੌਰ, ਗੁਰਜੀਤ ਕੌਰ, ਹਰਮਨ ਸ਼ਰਮਾ , ਪ੍ਰਤਿਭਾ ਸ਼ਰਮਾ ਅਤੇ ਕੈਂਪ ਕੋਆਰਡੀਨੇਟਰ ਐਮ ਕੇ ਮੰਨਾ ਹਾਜ਼ਰ ਸਨ।