ਸਰੂਪ ਸਿੰਗਲਾ ਹਮਲਾ ਮਾਮਲਾ : ਜਨਤਕ ਧਿਰਾਂ ਵੱਲੋਂ DC ਦਫਤਰ ਅੱਗੇ ਰੋਸ ਧਰਨਾ
ਅਸ਼ੋਕ ਵਰਮਾ
ਬਠਿੰਡਾ, 28ਮਈ 2026:ਨਗਰ ਨਿਗਮ ਚੋਣਾਂ ਵਾਲੇ ਦਿਨ ਪੋਲ ਟੈਕਨੀਕਲ ਕਾਲਜ ਦੇ ਬੂਥ ਤੇ ਵੋਟਾਂ ਪੈਣ ਦਾ ਕੰਮ ਪੂਰਾ ਹੋਣ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਆਗੂਆਂ ਅਤੇ ਭਾਜਪਾ ਜ਼ਿਲ੍ਹਾ ਪ੍ਰਧਾਨ ਸਰੂਪ ਚੰਦ ਸਿੰਗਲਾ ਉਹਨਾਂ ਦੇ ਸਪੁੱਤਰ ਦੀਨਵ ਸਿੰਗਲਾ ਸਮੇਤ ਭਾਜਪਾ ਆਗੂਆਂ ਨਾਲ ਹੋਈ ਝੜਪ ਦੇ ਮਾਮਲੇ ਵਿੱਚ ਅੱਜ ਡਿਪਟੀ ਕਮਿਸ਼ਨਰ ਬਠਿੰਡਾ ਦੇ ਦਫਤਰ ਅੱਗੇ ਧਰਨਾ ਦਿੱਤਾ ਗਿਆ ਜਿਸ ਵਿੱਚ ਭਾਜਪਾ ਤੋਂ ਇਲਾਵਾ ਹੋਰ ਵੀ ਕਈ ਸਿਆਸੀ ਧਿਰਾਂ ਦੇ ਆਗੂ ਸ਼ਾਮਿਲ ਸਨ। ਇਸ ਧਰਨੇ ਵਿੱਚ ਭਾਰਤੀ ਜਨਤਾ ਪਾਰਟੀ ਦੇ ਰਾਜਸਭਾ ਮੈਂਬਰ ਸਤਨਾਮ ਸਿੰਘ ਸੰਧੂ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਏ। ਇਸ ਮੌਕੇ ਬੁਲਾਰਿਆਂ ਨੇ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਸਰੂਪ ਸਿੰਗਲਾ ਨਾਲ ਕੀਤੀਆਂ ਵਧੀਕੀਆਂ ਨੂੰ ਲੈ ਕੇ ਸੱਤਾਧਾਰੀ ਧਿਰ ਆਮ ਆਦਮੀ ਪਾਰਟੀ ਨੂੰ ਜੰਮ ਕੇ ਰਗੜੇ ਲਾਏ। ਬੁਲਾਰਿਆਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਨੇ ਸੱਤਾ ਦੇ ਜ਼ੋਰ ਤੇ ਚੋਣਾਂ ਲੁੱਟੀਆਂ ਹਨ। ਇਸ ਮੌਕੇ ਭਰਵੇਂ ਇਕੱਠ ਨੂੰ ਸੰਬੋਧਨ ਕਰਦਿਆਂ ਭਾਜਪਾ ਜ਼ਿਲ੍ਹਾ ਪ੍ਰਧਾਨ ਸਰੂਪ ਚੰਦ ਸਿੰਗਲਾ ਨੇ ਪੀਸੀਏ ਪ੍ਰਧਾਨ ਅਮਰਜੀਤ ਮਹਿਤਾ ਤੇ ਗੁੰਡਾਗਰਦੀ ਕਰਕੇ ਚੋਣਾਂ ਲੁੱਟਣ ਅਤੇ ਆਪ ਉਮੀਦਵਾਰ ਤੇ ਵੀ ਕਾਤਲਾਨਾ ਹਮਲਾ ਕਰਕੇ ਉਹਨਾਂ ਨੂੰ ਮਾਰਨ ਤੱਕ ਦੇ ਗੰਭੀਰ ਇਲਜ਼ਾਮ ਲਾਏ।
ਇਸ ਮੌਕੇ ਸਿੰਗਲਾ ਨੇ ਐਸਐਸਪੀ ਨੂੰ ਸਿੱਧਾ ਚੈਲੇੰਜ ਕਰਦੇ ਹੋਏ ਕਿਹਾ ਕਿ ਜੇਕਰ ਤੁਸੀਂ ਸਤਾ ਧਿਰ ਦੀ ਕਠਪੁਤਲੀ ਬਣ ਚੁੱਕੇ ਹੋ ਤਾਂ ਆਹ ਖੜੇ ਆ ਗਿਰਫਤਾਰ ਕਰ ਲਓ ਨਹੀਂ ਤਾਂ ਫਿਰ ਸਾਫ ਲਫਜ਼ਾਂ ਵਿੱਚ ਇਨਸਾਫ ਦਿਓ। ਸਿੰਗਲਾ ਨੇ ਇਕੱਠ ਨੂੰ ਸਾਰੀ ਸਥਿਤੀ ਤੋਂ ਜਾਣੂ ਕਰਵਾਉਂਦਿਆਂ ਦੋਸ਼ ਲਾਏ ਕੇ ਆਪ ਉਮੀਦਵਾਰ ਨੇ ਸੱਤਾ ਧਿਰ ਦੇ ਨੁਮਾਇਦਿਆਂ ਦੀ ਸ਼ਹਿ ਤੇ ਉਹਨਾਂ ਤੇ ਕਾਤਲਾਨਾ ਹਮਲਾ ਕੀਤਾ ਪਰ ਪੁਲਿਸ ਨੇ ਪੂਰਾ ਇਨਸਾਫ ਦੇਣ ਦੀ ਬਜਾਏ ਪੀੜਤਾਂ ਤੇ ਹੀ ਪਰਚਾ ਦਰਜ ਕਰ ਦਿੱਤਾ ਜਿਸ ਤੋਂ ਸਰਕਾਰ ਦੀ ਮਾੜੀ ਮਨਸਾ ਸਾਹਮਣੇ ਆਉਂਦੀ ਹੈ। ਉਹਨਾਂ ਦੋਸ਼ ਲਾਇਆ ਪੁਲਿਸ ਦੀ ਸਿਆਸੀ ਕਠਪੁਤਲੀ ਬਣ ਕੇ ਕੰਮ ਕਰ ਰਹੀ ਹੈ। ਉਹਨਾ ਕਿਹਾ ਕਿ ਜਦੋਂ ਤੱਕ ਪਰਚਾ ਰੱਦ ਨਹੀਂ ਹੁੰਦਾ ਉਦੋਂ ਤੱਕ ਸੰਘਰਸ਼ ਜਾਰੀ ਰਹੇਗਾ। ਇਸ ਮੌਕੇ ਕਾਂਗਰਸ ਦੇ ਬਲਾਕ ਪ੍ਰਧਾਨ ਹਰਵਿੰਦਰ ਸਿੰਘ ਲੱਡੂ ਸਮੇਤ ਵਪਾਰੀ ਆਗੂਆਂ ਨੇ ਵੀ ਸਿੰਗਲਾ ਦੀ ਹਮਾਇਤ ਕਰਦੇ ਹੋਏ ਨਿਗਮ ਚੋਣਾਂ ਵੇਲੇ ਧੱਕੇਸ਼ਾਹੀ ਕਰਨ ਦੇ ਦੋਸ਼ ਲਾਏ।
- Download Babushahi App
-
-